ਚੰਡੀਗੜ੍ਹ,24 ਮਈ, Gee98 News service-
-ਪੰਜਾਬ ‘ਚ ਵੋਟਰ ਸੂਚੀਆਂ ਦੀ ਸੁਧਾਈ ਸਬੰਧੀ SIR ਸ਼ੁਰੂ ਹੋਣ ਤੋਂ ਪਹਿਲਾਂ ਹੀ ਪ੍ਰੀ-SIR ਦੌਰਾਨ ਵੋਟਰ ਸੂਚੀਆਂ ਦੇ ਅੰਕੜੇ ਪੰਜਾਬੀਆਂ ਲਈ ਚਿੰਤਾਜਨਕ ਹਨ। ਪ੍ਰਾਪਤ ਅੰਕੜਿਆਂ ਅਨੁਸਾਰ ਪ੍ਰੀ-SIRਚ ਹੁਣ ਤੱਕ 1.80 ਕਰੋੜ ਵੋਟਰਾਂ ਦੀ ਜਾਂਚ ਹੋ ਚੁੱਕੀ ਹੈ ਜਿਨਾਂ ਵਿੱਚੋਂ ਲੱਗਭੱਗ 37 ਲੱਖ ਵੋਟਰਾਂ ਦੇ ਵੋਟਰ ਕਾਰਡਾਂ ‘ਚ ਗ਼ਲਤੀਆਂ ਸਾਹਮਣੇ ਆ ਰਹੀਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਸੂਬੇ ‘ਚ ਪੰਜ ਵੋਟਰ ਕਾਰਡਾਂ ਦੇ ਪਿੱਛੇ ਇੱਕ ਵੋਟਰ ਕਾਰਡ ਵਿੱਚ ਕੋਈ ਨਾ ਕੋਈ ਗ਼ਲਤੀ ਮਿਲ ਰਹੀ ਹੈ, ਚਿੰਤਾਜਨਕ ਇਹ ਵੀ ਹੈ ਕਿ ਜਿਨਾਂ ਵੋਟਰ ਕਾਰਡਾਂ ਵਿੱਚ ਗ਼ਲਤੀਆਂ ਸਾਹਮਣੇ ਆ ਰਹੀਆਂ ਹਨ ਚੋਣ ਕਮਿਸ਼ਨ ਦਾ ਸਟਾਫ਼ ਸਾਫਟਵੇਅਰ ਇਹਨਾਂ ਵੋਟਰਾਂ ਨੂੰ ਸ਼ੱਕ ਦੀ ਸ਼੍ਰੇਣੀ ਵਿੱਚ ਰੱਖ ਰਿਹਾ ਹੈ। ਚੋਣ ਕਮਿਸ਼ਨ ਦੇ ਦਫ਼ਤਰ ਤੋਂ ਮਿਲੇ ਅੰਕੜਿਆਂ ਅਨੁਸਾਰ ਪ੍ਰੀ-SIR ‘ਚ ਸਭ ਤੋਂ ਵੱਧ ਗਲਤੀਆਂ ਅੰਮ੍ਰਿਤਸਰ, ਜ਼ਿਲ੍ਹੇ ਚੋਂ ਸਾਹਮਣੇ ਆਈਆਂ ਹਨ ਜਦਕਿ ਮੋਹਾਲੀ ਜ਼ਿਲ੍ਹਾ ਦੂਜੇ ਨੰਬਰ ‘ਤੇ ਹੈ। ਇਸ ਤੋਂ ਇਲਾਵਾ ਜਲੰਧਰ, ਲੁਧਿਆਣਾ ਅਤੇ ਪਟਿਆਲਾ ‘ਚ ਲੱਗਭੱਗ 20 ਫੀਸਦੀ ਤੋਂ ਵੀ ਜ਼ਿਆਦਾ ਵੋਟਰ ਕਾਰਡਾਂ ‘ਚ ਗ਼ਲਤੀਆਂ ਸਾਹਮਣੇ ਆ ਰਹੀਆਂ ਹਨ, ਸਭ ਤੋਂ ਘੱਟ ਮਾਨਸਾ ਜ਼ਿਲ੍ਹੇ ਵਿੱਚ 16 ਫੀਸਦੀ ਵੋਟਰ ਕਾਰਡਾਂ ‘ਚ ਗ਼ਲਤੀਆਂ ਸਾਹਮਣੇ ਆਈਆਂ ਹਨ। ਦੱਸ ਦਈਏ ਕਿ ਪੰਜਾਬ ‘ਚ ਕੁੱਲ 2.18 ਕਰੋੜ ਵੋਟਰ ਹਨ ਜਿਨਾਂ ਵਿੱਚੋਂ, 1.80 ਕਰੋੜ ਵੋਟਰਾਂ ਦੀ ਵੀ ਪ੍ਰੀ-SIR ਹੋ ਚੁੱਕੀ ਹੈ। ਚੋਣ ਕਮਿਸ਼ਨ ਦੇ ਅੰਕੜਿਆਂ ਅਨੁਸਾਰ ਵੋਟਰ ਸੂਚੀਆਂ ‘ਚ ਕਈ ਕਿਸਮ ਦੀਆਂ ਗ਼ਲਤੀਆਂ ਸਾਹਮਣੇ ਆ ਰਹੀਆਂ ਹਨ ਜਿਵੇਂ ਮਾਤਾ ਪਿਤਾ ਤੇ ਬੱਚਿਆਂ ਦੀ ਉਮਰ ਦੇ ਵਿਚਕਾਰ ਵੋਟਰ ਕਾਰਡ ‘ਤੇ ਲਿਖੀ ਉਮਰ ਅਨੁਸਾਰ ਮਾਤਾ ਪਿਤਾ ਤੇ ਬੱਚੇ ਦੀ ਉਮਰ ਦੇ ਵਿੱਚ ਸਿਰਫ਼ 15 ਕੁ ਸਾਲ ਦਾ ਫਰਕ ਹੀ ਸਾਹਮਣੇ ਆ ਰਿਹਾ ਹੈ ਜਦਕਿ ਦਾਦਾ ਦਾਦੀ, ਨਾਨਾ ਨਾਨੀ, ਪੋਤੇ ਪੋਤੀਆਂ, ਦੋਹਤੇ ਦੋਹਤੀਆਂ ਦੀ ਉਮਰ ‘ਚ 40 ਕੁ ਸਾਲ ਤੋਂ ਵੀ ਘੱਟ ਫਰਕ ਸਾਹਮਣੇ ਆ ਰਿਹਾ ਹੈ ਇਸ ਤੋਂ ਇਲਾਵਾ ਸ਼ਬਦਾਂ ਦੀਆਂ ਗ਼ਲਤੀਆਂ ਅਤੇ ਘਰਾਂ ਦੇ ਪਤੇ ਵੀ ਗ਼ਲਤ ਲਿਖੇ ਹੋਏ ਹਨ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਦੇ ਦਫ਼ਤਰ ਅਨੁਸਾਰ ਚੋਣ ਕਮਿਸ਼ਨ ਦਫ਼ਤਰ ਦਾ ਸਾਫਟਵੇਅਰ ਜਿਨਾਂ ਵੋਟਰਾਂ ਨੂੰ ਸ਼ੱਕੀ ਕਰਾਰ ਦੇ ਰਿਹਾ ਉਹਨਾਂ ਦੇ ਘਰ ਘਰ ਜਾ ਕੇ ਪੜ੍ਹਤਾਲ ਕੀਤੀ ਜਾ ਰਹੀ ਹੈ ਜੇਕਰ ਕਿਸੇ ਦਾ ਵੋਟ ਠੀਕ ਹੈ ਤਾਂ ਸਬੂਤ ਲੈ ਕੇ ਉਸ ਵਿੱਚ ਸੁਧਾਰ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਪੰਜਾਬ ‘ਚ SIR ਜੂਨ ਮਹੀਨੇ ਵਿੱਚ ਸ਼ੁਰੂ ਹੋ ਰਿਹਾ, 15 ਜੂਨ ਤੋਂ ਅਫ਼ਸਰਾਂ ਨੂੰ ਟ੍ਰੇਨਿੰਗ ਦਿੱਤੀ ਜਾਵੇਗੀ ਜਦਕਿ 25 ਜੂਨ ਤੋਂ SIR ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਜਾਵੇਗੀ ਇਸ ਤਰ੍ਹਾਂ ਬੂਥ ਲੈਵਲ ਅਫ਼ਸਰ ਫਾਰਮ ਭਰਵਾਉਣ ਲਈ ਵੋਟਰਾਂ ਦੇ ਘਰ ਘਰ ਤੱਕ ਜਾਣਗੇ, ਸਾਰੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਅੰਤਿਮ ਵੋਟਰ ਸੂਚੀ 1 ਅਕਤੂਬਰ ਨੂੰ ਜਾਰੀ ਕੀਤੀ ਜਾਵੇਗੀ।










