ਬਰਨਾਲਾ,24 ਮਈ, (ਨਿਰਮਲ ਸਿੰਘ ਪੰਡੋਰੀ)-
ਨਗਰ ਨਿਗਮ ਚੋਣਾਂ ਦੇ ਪ੍ਰਚਾਰ ਦਾ ਅੱਜ ਆਖ਼ਰੀ ਦਿਨ ਹੈ। ਬਰਨਾਲਾ ਅੱਜ ਚੋਣ ਲੜ ਰਹੇ ਉਮੀਦਵਾਰਾਂ ਨੇ ਜਿੱਤਣ ਲਈ ਅੱਡੀ ਚੋਟੀ ਦਾ ਜ਼ੋਰ ਲਗਾਇਆ ਹੋਇਆ ਹੈ। ਸੱਤਾਧਾਰੀ ਪਾਰਟੀ ਸਮੇਤ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਦੇ ਉਮੀਦਵਾਰ ਵੀ ਆਪਣੀ ਚੰਗੀ ਹਾਜ਼ਰੀ ਦਰਜ ਕਰਵਾ ਰਹੇ ਹਨ ਦੂਜੇ ਪਾਸੇ ਬਰਨਾਲਾ ਦੇ ਬਿਲਕੁਲ ਵਿਚਕਾਰ ਵਾਰਡ ਨੰਬਰ 37 ਵਿੱਚ ਚੋਣ ਨਿਸ਼ਾਨ “ਪਿੰਨ” ਲੈ ਕੇ ਇੱਕ ਆਜ਼ਾਦ ਉਮੀਦਵਾਰ ਲਖਵੀਰ ਸਿੰਘ ਖਾਲਸਾ ਨੇ ਵੱਡੇ ਵੱਡੇ ਸਿਆਸੀ ਆਗੂਆਂ ਦੇ ਸਮੀਕਰਨ ਵਿਗਾੜੇ ਹੋਏ ਹਨ। ਵਾਰਡ ਨੰਬਰ 37 ਤੋਂ ਲਖਵੀਰ ਸਿੰਘ ਖਾਲਸਾ ਆਜ਼ਾਦ ਤੌਰ ‘ਤੇ ਚੋਣ ਮੈਦਾਨ ਵਿੱਚ ਹਨ। ਇਹ ਵਾਰਡ ਐਸਸੀ ਸ਼੍ਰੇਣੀ ਲਈ ਰਾਖਵਾਂ ਹੈ ਜਿੱਥੋਂ ਆਮ ਆਦਮੀ ਪਾਰਟੀ ਨੇ ਮੌਜੂਦਾ ਕੌਂਸਲਰ ਮਲਕੀਤ ਸਿੰਘ ਨੂੰ ਟਿਕਟ ਦਿੱਤੀ ਹੈ ਅਤੇ ਬਾਕੀ ਪਾਰਟੀਆਂ ਦੇ ਉਮੀਦਵਾਰ ਵੀ ਇੱਥੋਂ ਮੈਦਾਨ ਵਿੱਚ ਹਨ ਪ੍ਰੰਤੂ ਲਖਵੀਰ ਸਿੰਘ ਖਾਲਸਾ ਨੂੰ ਮੁਹੱਲੇ ਵਾਲਿਆਂ ਨੇ ਆਪਣੇ ਤੌਰ ‘ਤੇ ਇਕੱਠ ਕਰਕੇ ਚੋਣ ਮੈਦਾਨ ਵਿੱਚ ਉਤਾਰਿਆ ਹੈ। ਚੋਣ ਪ੍ਰਚਾਰ ਦੌਰਾਨ ਵੇਖਣ ‘ਚ ਆਇਆ ਹੈ ਕਿ ਆਜ਼ਾਦ ਉਮੀਦਵਾਰ ਲਖਵੀਰ ਸਿੰਘ ਖਾਲਸਾ ਵੱਲੋਂ ਚੋਣ ਮੈਦਾਨ ਵਿੱਚ ਆਪਣੀ ਚੰਗੀ ਹਾਜ਼ਰੀ ਦਰਜ ਕਰਵਾਈ ਜਾ ਰਹੀ ਹੈ। ਚਰਚਾ ਹੈ ਕਿ ਜੇਕਰ ਲਖਵੀਰ ਸਿੰਘ ਖਾਲਸਾ ਨੂੰ ਥਾਪੜਾ ਦੇਣ ਵਾਲੇ ਆਪਣਾ ਵੋਟ ਬੈਂਕ ਉਸਦੇ ਹੱਕ ਵਿੱਚ ਭੁਗਤਾਉਣ ‘ਚ ਕਾਮਯਾਬ ਰਹੇ ਤਾਂ ਲਖਵੀਰ ਸਿੰਘ ਵਾਰਡ ਨੰਬਰ 37 ਦੀ ਸਿਆਸੀ ਕਿਤਾਬ ‘ਤੇ ਆਪਣੇ ਪਿੰਨ ਨਾਲ ਨਵੀਂ ਇਬਾਰਤ ਲਿਖ ਸਕਦਾ ਹੈ। ਵਾਰਡ ਨੰਬਰ 37 ਵਿੱਚ ਹੋਰ ਪਾਰਟੀਆਂ ਦੇ ਉਮੀਦਵਾਰਾਂ ਨੇ ਵੀ ਜਿੱਤਣ ਲਈ ਅੱਡੀ ਚੋਟੀ ਦਾ ਜ਼ੋਰ ਲਗਾਇਆ ਹੋਇਆ ਪਰੰਤੂ ਲਖਵੀਰ ਸਿੰਘ ਦੀ ਹਾਜ਼ਰੀ ਨੇ ਹਕੂਮਤ ਸਮੇਤ ਬਾਕੀ ਪਾਰਟੀਆਂ ਨੂੰ ਵੀ ਆਪਣੀ ਹੋਂਦ ਦਾ ਅਹਿਸਾਸ ਕਰਵਾਇਆ ਹੈ।










