– ਲੋਟੇ ਦੇ ਧਰਨੇ ਦੀ ਭਿਣਕ ਲੱਗਣ ‘ਤੇ ਤੁਰੰਤ ਮੌਕੇ ‘ਤੇ ਪੁੱਜੇ ਵਿਧਾਇਕ ਢਿੱਲੋਂ
ਬਰਨਾਲਾ,19 ਜੂਨ ( ਨਿਰਮਲ ਸਿੰਘ ਪੰਡੋਰੀ )-
-ਸ਼ੁੱਕਰਵਾਰ ਸਵੇਰੇ ਸੀਵਰੇਜ ਵਿਭਾਗ ਬਰਨਾਲਾ ਦੇ ਦਫ਼ਤਰ ਦਾ ਮਾਹੌਲ ਉਸ ਵੇਲੇ ਗਰਮਾ ਗਿਆ ਜਦੋਂ ਸਾਬਕਾ ਕੌਂਸਲਰ ਮਹੇਸ਼ ਕੁਮਾਰ ਲੋਟਾ ਨੇ ਮੌਜੂਦਾ ਕੌਂਸਲਰ ਆਪਣੀ ਮਾਤਾ ਜੀ ਨੂੰ ਨਾਲ ਲੈ ਕੇ ਸੀਵਰੇਜ ਦਫ਼ਤਰ ਦੇ ਵਿਹੜੇ ਧਰਨਾ ਲਗਾ ਦਿੱਤਾ, ਜਿਸ ਤੋਂ ਬਾਅਦ ਸੀਵਰੇਜ ਵਿਭਾਗ ਦੇ ਅਧਿਕਾਰੀਆਂ ਨੂੰ ਹੱਥਾਂ ਪੈਰਾਂ ਦੀ ਪਈ ਤੇ ਉਹਨਾਂ ਨੇ ਧਰਨੇ ‘ਤੇ ਬੈਠੇ ਮਹੇਸ਼ ਲੋਟੇ ਨੂੰ ਉਠਾਉਣ ਦੇ ਯਤਨ ਕੀਤੇ ਪ੍ਰੰਤੂ ਵਿਗੜਿਆ ਹੋਇਆ ਲੋਟਾ ਅਧਿਕਾਰੀਆਂ ਤੋਂ ਲੋਟ ਨਾ ਆਇਆ ਅਤੇ ਆਖਰ ਮਹੇਸ਼ ਲੋਟਾ ਪਟੇਲ ਨਗਰ ਦੀ ਗਲੀ ਨੰਬਰ 5 ਦਾ ਬੰਦ ਹੋਇਆ ਸੀਵਰੇਜ ਠੀਕ ਕਰਵਾ ਕੇ ਹੀ ਲੋਟ ਹੋਇਆ ਭਾਵ ਧਰਨੇ ਤੋਂ ਉੱਠਿਆ। ਦਰਅਸਲ ਵਾਰਡ ਨੰਬਰ 29 ‘ਚ ਪਟੇਲ ਨਗਰ ਦੀ ਗਲੀ ਨੰਬਰ 5 ਵਿੱਚ ਸੀਵਰੇਜ ਬੰਦ ਹੋਣ ਦੀ ਸਮੱਸਿਆ ਤੋਂ ਕੁਝ ਘਰ ਕਾਫੀ ਸਮੇਂ ਤੋਂ ਪਰੇਸ਼ਾਨ ਹਨ ਜਿਹੜੇ ਵਾਰ-ਵਾਰ ਸੀਵਰੇਜ ਦਫ਼ਤਰ ਦੇ ਗੇੜੇ ਲਗਾ ਕੇ ਥੱਕ ਚੁੱਕੇ ਅਤੇ ਕਈ ਵਾਰ ਇਹ ਮਾਮਲਾ ਮਹੇਸ਼ ਕੁਮਾਰ ਲੋਟਾ ਨੇ ਵੀ ਅਧਿਕਾਰੀਆਂ ਅੱਗੇ ਉਠਾਇਆ ਸੀ ਪ੍ਰੰਤੂ ਇਸ ਸਮੱਸਿਆ ਦਾ ਕੋਈ ਹੱਲ ਨਹੀਂ ਹੋਇਆ। ਸ਼ੁੱਕਰਵਾਰ ਸਵੇਰੇ ਜਦੋਂ ਪੀੜਿਤ ਪਰਿਵਾਰ ਮਹੇਸ਼ ਕੁਮਾਰ ਲੋਟਾ ਦੇ ਘਰ ਸੀਵਰੇਜ ਦੁਬਾਰਾ ਬੰਦ ਹੋਣ ਦੀ ਸਮੱਸਿਆ ਲੈ ਕੇ ਗਏ ਤਾਂ ਲੋਟਾ ਚੁੱਪ ਚਾਪ ਆਪਣੇ ਘਰੋਂ ਨਿਕਲਿਆ ਅਤੇ ਸੀਵਰੇਜ ਦਫ਼ਤਰ ਦੇ ਵਿਹੜੇ ਧਰਨੇ ‘ਤੇ ਬੈਠ ਗਿਆ ਜਦੋਂ ਪੀੜਤ ਪਰਿਵਾਰਾਂ ਨੂੰ ਪਤਾ ਲੱਗਿਆ ਕਿ ਲੋਟਾ ਸੀਵਰੇਜ਼ ਦੇ ਦਫਤਰ ਅੱਗੇ ਧਰਨੇ ‘ਤੇ ਬੈਠ ਗਿਆ ਤਾਂ ਪੀੜਤ ਪਰਿਵਾਰਾਂ ਦੇ ਮੈਂਬਰ ਵੀ ਲੋਟੇ ਨਾਲ ਧਰਨੇ ‘ਤੇ ਬੈਠ ਗਏ ।ਇਸ ਸਬੰਧੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ। ਆਪਣੇ ਧਾਕੜ ਆਗੂ ਵੱਲੋਂ ਸੀਵਰੇਜ ਦਫ਼ਤਰ ਦੇ ਵਿਹੜੇ ਧਰਨਾ ਲਗਾਉਣ ਦੀ ਗੱਲ ਜਦੋਂ ਕਾਂਗਰਸੀ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋ ਦੇ ਕੰਨੀਂ ਪਈ ਤਾਂ ਉਹ ਤੁਰੰਤ ਆਪਣੇ ਸਾਰੇ ਰਝੇਵੇਂ ਛੱਡ ਕੇ ਸੀਵਰੇਜ ਦਫ਼ਤਰ ਪੁੱਜੇ ਅਤੇ ਲੋਟੇ ਨੂੰ ਧਰਨੇ ਤੋਂ ਉਠਾ ਕੇ ਅਧਿਕਾਰੀਆਂ ਦੇ ਸਾਹਮਣੇ ਕੁਰਸੀਆਂ ‘ਤੇ ਬਿਠਾ ਕੇ ਸਾਰਾ ਮਾਮਲਾ ਮੌਕੇ ‘ਤੇ ਹੀ ਹੱਲ ਕਰਵਾਇਆ। ਵਿਧਾਇਕ ਢਿੱਲੋਂ ਦੀ ਹਾਜ਼ਰੀ ਵਿੱਚ ਅਧਿਕਾਰੀਆਂ ਨੇ ਮੰਨਿਆ ਕਿ ਗਲੀ ਨੰਬਰ 5 ਪਟੇਲ ਨਗਰ ਦੀ ਸੀਵਰੇਜ ਦੀ ਸਮੱਸਿਆ ਤੁਰੰਤ ਹੱਲ ਕੀਤੀ ਜਾਵੇਗੀ ਅਤੇ ਇਸ ਦਾ ਪੱਕਾ ਹੱਲ ਪਾਈਪ ਪਾ ਕੇ ਕੁਝ ਹੀ ਦਿਨਾਂ ਵਿੱਚ ਕਰ ਦਿੱਤਾ ਜਾਵੇਗਾ। ਇਸ ਮੌਕੇ ਵਿਧਾਇਕ ਢਿੱਲੋਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪਟੇਲ ਨਗਰ ਗਲੀ ਨੰਬਰ 5 ਦੀ ਇਸ ਸਮੱਸਿਆ ਸਬੰਧੀ ਉਹਨਾਂ ਨੇ ਵੀ ਸੀਵਰੇਜ ਵਿਭਾਗ ਦੇ ਅਧਿਕਾਰੀਆਂ ਨੂੰ ਫੋਨ ‘ਤੇ ਕਿਹਾ ਸੀ ਪ੍ਰੰਤੂ ਅਧਿਕਾਰੀਆਂ ਦੇ ਕੰਨ ‘ਤੇ ਜੂੰ ਤੱਕ ਨਹੀਂ ਸਰਕੀ ਜਿਸ ਤੋਂ ਬਾਅਦ ਸਾਡੇ ਆਗੂ ਮਹੇਸ਼ ਕੁਮਾਰ ਲੋਟਾ ਨੂੰ ਧਰਨਾ ਲਗਾਉਣਾ ਪਿਆ। ਵਿਧਾਇਕ ਢਿੱਲੋਂ ਨੇ ਕਿਹਾ ਕਿ ਇਸ ਸਮੱਸਿਆ ਦਾ ਹੁਣ ਪੱਕੇ ਤੌਰ ‘ਤੇ ਹੱਲ ਕਰਵਾਇਆ ਜਾਵੇਗਾ, ਜੇਕਰ ਅਧਿਕਾਰੀ ਲਾਪਰਵਾਹੀ ਕਰਨਗੇ ਤਾਂ ਉਹ ਖ਼ੁਦ ਵੀ ਕੋਈ ਵੱਡਾ ਕਦਮ ਚੁੱਕਣਗੇ।
ਫੋਟੋ ਕੈਪਸ਼ਨ- ਸੰਬੰਧਿਤ ਤਸਵੀਰਾਂ