Gee 98News

ਗੱਲ ਬਣਦੀ ਨਹੀਂ ਲੱਗਦੀ…ਅਕਾਲੀ ਦਲ ਨਾਲ ਗੱਠਜੋੜ ਸਬੰਧੀ ਭਾਜਪਾ ਆਗੂਆਂ ਦਾ ਵੱਡਾ ਐਲਾਨ

ਚੰਡੀਗੜ੍ਹ,19 ਜੂਨ, Gee98 news service-

-ਪੰਜਾਬ ਦੀਆਂ ਅਗਲੀਆਂ ਵਿਧਾਨ ਸਭਾ ਚੋਣਾਂ ਲਈ ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਗੱਠਜੋੜ ਦੀਆਂ ਚਰਚਾਵਾਂ ਦੇ ਦੌਰਾਨ ਭਾਜਪਾ ਦੇ ਦੋ ਚੋਟੀ ਦੇ ਆਗੂਆਂ ਨੇ ਵੱਡਾ ਐਲਾਨ ਕੀਤਾ ਹੈ। ਰਾਜ ਸਭਾ ਦਾ ਮੈਂਬਰ ਚੁਣੇ ਜਾਣ ਤੋਂ ਬਾਅਦ ਭਾਜਪਾ ਦੇ ਰਾਸ਼ਟਰੀ ਜਨ ਸਕੱਤਰ ਤਰੁਣ ਚੁੱਘ ਅਤੇ ਭਾਜਪਾ ਪੰਜਾਬ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਬੀਤੇ ਕੱਲ੍ਹ ਅੰਮ੍ਰਿਤਸਰ ਵਿਖੇ ਐਲਾਨ ਕੀਤਾ ਕਿ ਭਾਜਪਾ ਅਗਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਇਕੱਲੇ ਆਪਣੇ ਦਮ ‘ਤੇ ਹੀ ਲੜੇਗੀ। ਸ੍ਰੀ ਤਰੁਣ ਚੁੱਘ ਤੇ ਕੇਵਲ ਸਿੰਘ ਢਿੱਲੋਂ ਅੰਮ੍ਰਿਤਸਰ ਵਿਖੇ ਪੁੱਜੇ ਸਨ ਜਿੱਥੇ ਭਾਜਪਾ ਵਰਕਰਾਂ ਨੇ ਉਹਨਾਂ ਦਾ ਸ਼ਾਨਦਾਰ ਸਵਾਗਤ ਕੀਤਾ ਜਿਸ ਤੋਂ ਬਾਅਦ ਦੋਵੇਂ ਆਗੂ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਪੰਜਾਬ ਭਾਜਪਾ ਦੇ ਸੀਨੀਅਰ ਆਗੂਆਂ ਦੀ ਗ੍ਰਿਹ ਮੰਤਰੀ ਅਮਿਤ ਸ਼ਾਹ ਨਾਲ ਹੋਈ ਮੁਲਾਕਾਤ ਤੋਂ ਬਾਅਦ ਵੀ ਇਹੋ ਖ਼ਬਰਾਂ ਸਾਹਮਣੇ ਆਈਆਂ ਸਨ ਕਿ ਅਮਿਤ ਸ਼ਾਹ ਨੇ ਪੰਜਾਬ ‘ਚ ਅਕਾਲੀ ਦਲ ਨਾਲ ਗੱਠਜੋੜ ਸਬੰਧੀ ਪੰਜਾਬ ਭਾਜਪਾ ਆਗੂਆਂ ਅੱਗੇ ਹਾਮੀ ਨਹੀਂ ਭਰੀ। ਚੇਤੇ ਰਹੇ ਕਿ ਸ੍ਰੀ ਤਰੁਣ ਚੁੱਘ ਪਹਿਲਾਂ ਤੋਂ ਹੀ ਪੰਜਾਬ ‘ਚ ਅਕਾਲੀ ਦਲ ਨਾਲ ਗਠਜੋੜ ਦੇ ਵਿਰੋਧੀ ਰਹੇ ਹਨ ਪ੍ਰੰਤੂ ਕੈਪਟਨ ਅਮਰਿੰਦਰ ਸਿੰਘ, ਸੁਨੀਲ ਜਾਖੜ, ਮਨਪ੍ਰੀਤ ਸਿੰਘ ਬਾਦਲ ਸਮੇਤ ਕੁਝ ਵੱਡੇ ਭਾਜਪਾ ਆਗੂ ਪੰਜਾਬ ‘ਚ ਸ਼੍ਰੋਮਣੀ ਅਕਾਲੀ ਦਲ ਨਾਲ ਗੱਠਜੋੜ ਦੀ ਹਾਮੀ ਭਰ ਰਹੇ ਹਨ। ਸੂਤਰਾਂ ਅਨੁਸਾਰ ਭਾਜਪਾ ਪੰਜਾਬ ਦੇ ਨਵ ਨਿਯੁਕਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਵੀ ਗੱਠਜੋੜ ਦੇ ਉਲਟ ਨਹੀਂ ਹਨ ਪ੍ਰੰਤੂ ਬਤੌਰ ਪ੍ਰਧਾਨ ਢਿੱਲੋਂ ਦਾ ਆਖਰੀ ਫੈਸਲਾ ਭਾਜਪਾ ਦੀ ਕੇਂਦਰੀ ਹਾਈ ਕਮਾਂਡ ਦੀ ਹਾਂ ਵਿੱਚ ਹਾਂ ਹੀ ਹੋਵੇਗਾ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦਾ ਹੇਠਲੇ ਪੱਧਰ ਦਾ ਕਾਡਰ ਭਾਜਪਾ ਨਾਲ ਗੱਠਜੋੜ ਦੇ ਹੱਥ ਵਿੱਚ ਹੈ ਪ੍ਰੰਤੂ ਪਾਰਟੀ ਦੇ ਪਹਿਲੀ ਕਤਾਰ ਦੇ ਕੁਝ ਆਗੂ ਸੁਖਬੀਰ ਸਿੰਘ ਬਾਦਲ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਪੰਥਕ ਸਰੂਪ ਮੁੜ ਬਹਾਲ ਕਰਨ ਦੀ ਸਲਾਹ ਦੇ ਰਹੇ ਹਨ। ਜੇਕਰ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੇ ਸਮੀਕਰਨਾਂ ਸੰਬੰਧੀ ਗੱਲ ਕੀਤੀ ਜਾਵੇ ਤਾਂ ਸਿਆਸੀ ਮਾਹਰਾਂ ਦਾ ਮੰਨਣਾ ਹੈ ਕਿ ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਗੱਠਜੋੜ ਦੀ ਸੂਰਤ ਵਿੱਚ ਪੰਜਾਬ ਦੇ ਸਿਆਸੀ ਸਮੀਕਰਨ ਕੁਝ ਹੋਰ ਹੋਣਗੇ ਪ੍ਰੰਤੂ ਜੇਕਰ ਦੋਵੇਂ ਪਾਰਟੀਆਂ ਵੱਖੋ ਵੱਖਰੇ ਤੌਰ ‘ਤੇ ਚੋਣ ਲੜਦੀਆਂ ਹਨ ਤਾਂ ਪੰਜਾਬ ਦਾ ਇਹ ਚੋਣ ਯੁੱਧ ਦਿਲਚਸਪ ਹੋਵੇਗਾ।

error: Content is protected !!