ਅਧਿਆਪਕ ਜਥੇਬੰਦੀਆਂ ਨੇ ਸਿੱਖਿਆ ਵਿਭਾਗ ਦੇ ਹੁਕਮਾਂ ਦਾ ਕੀਤਾ ਵਿਰੋਧ
ਚੰਡੀਗੜ੍ਹ,20 ਜੂਨ, Gee98 news service-
ਪੰਜਾਬ ਸਕੂਲ ਸਿੱਖਿਆ ਬੋਰਡ ਨੇ ਸੂਬੇ ਦੇ ਸਾਰੇ ਅਧਿਆਪਕਾਂ ਅਤੇ ਗ਼ੈਰ ਅਧਿਆਪਨ ਕਰਮਚਾਰੀਆਂ ਦੀ ਬਦਲੀ ਨਾ ਕਰਨ ਦੇ ਹੁਕਮ ਜਾਰੀ ਕੀਤੇ ਹਨ। ਡਾਇਰੈਕਟਰ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਸੂਬੇ ਦੇ ਸਾਰੇ ਜ਼ਿਲ੍ਹੇ ਸਿੱਖਿਆ ਅਫਸਰਾਂ ਨੂੰ ਜਾਰੀ ਇੱਕ ਪੱਤਰ ਵਿੱਚ ਹਦਾਇਤ ਦਿੱਤੀ ਗਈ ਹੈ ਕਿ SIR ਨਾਲ ਜੁੜੇ ਕਿਸੇ ਵੀ ਅਧਿਆਪਕ ਜਾਂ ਕਿਸੇ ਹੋਰ ਕਰਮਚਾਰੀ ਦਾ ਤਬਾਦਲਾ ਨਾ ਕੀਤਾ ਜਾਵੇ। ਇਸ ਦੇ ਨਾਲ ਹੀ ਸਿੱਖਿਆ ਵਿਭਾਗ ਵੱਲੋਂ ਸੂਬੇ ਦੇ ਸਾਰੇ ਪ੍ਰਿੰਸੀਪਲਾਂ ਅਤੇ ਡੀਡੀਓਜ ਨੂੰ 19 ਜੂਨ ਸ਼ਾਮ 6 ਵਜੇ ਤੱਕ ਸਾਰੇ ਚੋਣ ਡਿਊਟੀ ਕਰਮਚਾਰੀਆਂ ਦਾ ਡਾਟਾ ਮੁਹੱਈਆ ਕਰਵਾਉਣ ਦੇ ਨਿਰਦੇਸ਼ ਵੀ ਦਿੱਤੇ ਗਏ ਹਨ। ਡਾਇਰੈਕਟਰ ਸਿੱਖਿਆ ਵਿਭਾਗ ਪੰਜਾਬ ਵੱਲੋਂ ਜਾਰੀ ਪੱਤਰ ਅਨੁਸਾਰ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਦੀ ਪ੍ਰਵਾਨਗੀ ਤੋਂ ਬਿਨਾਂ ਐਸਆਈਆਰ ਨਾਲ ਜੁੜੇ ਕਿਸੇ ਵੀ ਅਧਿਆਪਕ, ਕੰਪਿਊਟਰ ਫੇਕੈਲਿਟੀ ਅਤੇ ਗ਼ੈਰ ਅਧਿਆਪਨ ਕਰਮਚਾਰੀ ਦੀ ਬਦਲੀ ਨਹੀਂ ਕੀਤੀ ਜਾ ਸਕਦੀ। ਵਿਭਾਗ ਵੱਲੋਂ ਸੂਬੇ ਦੇ ਸਾਰੇ ਪ੍ਰਿੰਸੀਪਲਾਂ ਤੇ ਡੀਡੀਓਜ ਨੂੰ ਇਹ ਚੇਤਾਵਨੀ ਵੀ ਦਿੱਤੀ ਗਈ ਹੈ ਕਿ ਕਿਸੇ ਵੀ ਤਰ੍ਹਾਂ ਚੋਣ ਡਿਊਟੀ ਵਿੱਚ ਕਿਸੇ ਤਰ੍ਹਾਂ ਦੀ ਲਾਪਰਵਾਹੀ ਪ੍ਰਤੀ ਉਹ ਸਿੱਧੇ ਤੌਰ ‘ਤੇ ਜ਼ਿੰਮੇਵਾਰ ਹੋਣਗੇ। ਦੂਜੇ ਪਾਸੇ ਡੈਮੋਕਰੇਟਿਕ ਟੀਚਰਜ਼ ਫਰੰਟ ਨੇ ਵਿਭਾਗ ਦੇ ਇਹਨਾਂ ਹੁਕਮਾਂ ਦਾ ਵਿਰੋਧ ਕਰਦੇ ਹੋਏ ਕਿਹਾ ਕਿ ਜੇਕਰ ਕੋਈ ਅਧਿਆਪਕ ਬਤੌਰ ਬੀਐਲਓ ਜਾਂ ਸੈਕਟਰ ਸੁਪਰਵਾਈਜ਼ਰ ਡਿਊਟੀ ਕਰਦਾ ਹੈ ਤਾਂ ਉਸ ਦੀ ਚੋਣ ਡਿਊਟੀ ਨਵੇਂ ਸਥਾਨ ‘ਤੇ ਵੀ ਜਾਰੀ ਰੱਖੀ ਜਾ ਸਕਦੀ ਹੈ ਜਾਂ ਬਦਲਵੇਂ ਪ੍ਰਬੰਧ ਕੀਤੇ ਜਾ ਸਕਦੇ ਹਨ ਇਸ ਲਈ ਚੋਣ ਡਿਊਟੀ ਦਾ ਹਵਾਲਾ ਦੇ ਕੇ ਤਬਾਦਲਿਆਂ ‘ਤੇ ਲਗਾਈ ਗਈ ਰੋਕ ਠੀਕ ਨਹੀਂ ਹੈ।