-ਅਕਾਲ ਤਖ਼ਤ ਸਾਹਿਬ ਨੇ ਮੁੱਖ ਮੰਤਰੀ ਦੀ ਪੇਸ਼ੀ ਦੀ ਵੀਡੀਓ ਕੀਤੀ ਜਨਤਕ
ਚੰਡੀਗੜ੍ਹ,20 ਜੂਨ, Gee98 News service
ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਗੁਰੂਆਂ ਦੀਆਂ ਤਸਵੀਰਾਂ ‘ਤੇ ਸ਼ਰਾਬ ਦੇ ਛਿੱਟੇ ਮਾਰਨ ਦੀ ਇੱਕ ਵਿਵਾਦਤ ਵੀਡੀਓ ਸਬੰਧੀ ਅਕਾਲ ਤਖ਼ਤ ਸਾਹਿਬ ‘ਤੇ ਪੇਸ਼ੀ ਦੀ ਵੀਡੀਓ ਨੂੰ ਵੀ ਜਨਤਕ ਕੀਤਾ ਗਿਆ ਹੈ, ਜਿਸ ਤੋਂ ਬਾਅਦ ਇਹ ਮੁੱਦਾ ਹੋਰ ਗਰਮਾ ਗਿਆ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਜਾਰੀ ਕੀਤੀ ਵੀਡੀਓ ਕਲਿੱਪ ਅਨੁਸਾਰ 15 ਜਨਵਰੀ 2026 ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਪੇਸ਼ ਹੋਣ ਸਮੇਂ ਜਥੇਦਾਰ ਦੇ ਸਾਹਮਣੇ ਕਿਹਾ ਕਿ “ਉਹਨਾਂ ਦੀ ਵੀਡੀਓ ਬਿਲਕੁਲ ਹੀ ਨਕਲੀ ਹੈ”। ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ “ਉਹ ਵੀ ਚਾਹੁੰਦੇ ਹਨ ਕਿ ਵੀਡੀਓ ਦੀ ਜਾਂਚ ਹੋਵੇ,ਉਹ ਫੋਰੈਂਸਿਕ ਲੈਬਾਂ ਦੇ ਪਤੇ ਦੇ ਦੇਣਗੇ ਤੇ ਅੱਜ ਕੱਲ AI ਦਾ ਸਮਾਂ ਹੈ ਮੇਰੇ ਤੋਂ ਇਲਾਵਾ ਹੋਰਾਂ ਦੀਆਂ ਵੀ AI ਵੀਡੀਓ ਬਣੀਆਂ ਹਨ”। ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਉਹ ਸਰਕਾਰ ਦੀਆਂ ਕੋਈ ਦੋ ਅਜਿਹੀਆਂ ਫੋਰੈਂਸਿਕ ਲੈਬਾਂ ਦੱਸਣ ਜਿੱਥੋਂ ਵੀਡੀਓ ਦੀ ਜਾਂਚ ਹੋਵੇਗੀ ਜਿਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਜਾਂਚ ਕਰਵਾਉਣ ਦੀ ਹਾਮੀ ਵੀ ਭਰੀ, ਪ੍ਰੰਤੂ ਪੰਜਾਬ ਸਰਕਾਰ ਨੇ ਵੀਡੀਓ ਦੀ ਜਾਂਚ ਨਹੀਂ ਕਰਵਾਈ। ਮੁੱਖ ਮੰਤਰੀ ਭਗਵੰਤ ਮਾਨ ਨੇ ਸਿੰਘ ਸਾਹਿਬ ਕੁਲਦੀਪ ਸਿੰਘ ਗੜਗੱਜ ਨੂੰ ਕਿਹਾ ਕਿ ਜਾਂਚ ਆਪ ਜੀ ਦੀ ਦੇਖਰੇਖ ਵਿੱਚ ਹੀ ਜਿਹੜੀ ਮਰਜ਼ੀ ਫੋਰੈਸਿੰਕ ਲੈਬ ਤੋਂ ਕਰਵਾ ਲਈ ਜਾਵੇ। ਸਿੰਘ ਸਾਹਿਬ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੁੱਛਿਆ ਕਿ ਕੀ ਤੁਸੀਂ ਇਸ ਵੀਡੀਓ ਦੀ ਜਾਂਚ ਕਰਵਾਈ ਹੈ ? ਇਸ ‘ਤੇ ਮੁੱਖ ਮੰਤਰੀ ਜਵਾਬ ਦਿੰਦੇ ਹਨ ਕਿ ਸਾਡੇ ਕੋਲ ਅਦਾਲਤ ਦਾ ਆਰਡਰ ਹੈ ਕਿ ਇਹ ਵੀਡੀਓ ਗ਼ਲਤ ਹੈ, ਜਿਸ ਤੋਂ ਬਾਅਦ ਜਥੇਦਾਰ ਗੜਗੱਜ ਨੇ ਕਿਹਾ ਕਿ ਉਹਨਾਂ ਨੇ ਕੋਰਟ ਦਾ ਆਰਡਰ ਪੜਿਆ ਹੈ, ਅਦਾਲਤ ਨੇ ਇਸ ਵੀਡੀਓ ਦੀ ਜਾਂਚ ਨਹੀਂ ਕਰਵਾਈ ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਸਿੰਘ ਸਾਹਿਬ ਚਾਹੁੰਦੇ ਹਨ ਤਾਂ ਉਹ ਫੋਰੈਂਸਿਕ ਜਾਂਚ ਕਰਵਾਉਣ ਲਈ ਤਿਆਰ ਹਨ। ਇਸ ਤੋਂ ਬਾਅਦ ਜਥੇਦਾਰ ਗੜਗੱਜ ਮੁੱਖ ਮੰਤਰੀ ਨੂੰ ਕੋਈ ਦੋ ਫੋਰੈਂਸਿਕ ਲੈਬਾਂ ਦੱਸਣ ਲਈ ਆਖਦੇ ਹਨ ਕਿ ਅਕਾਲ ਤਖ਼ਤ ਸਾਹਿਬ ਇਸ ਵੀਡੀਓ ਦੀ ਜਾਂਚ ਕਰਵਾਏਗਾ। ਉਹਨਾਂ ਕਿਹਾ ਕਿ ਜੇਕਰ ਵੀਡੀਓ ਝੂਠੀ ਹੋਈ ਤਾਂ ਸਿੱਧ ਹੋ ਜਾਵੇਗਾ ਤੇ ਜੇਕਰ ਸੱਚੀ ਨਿਕਲੀ ਤਾਂ ਇਸਦਾ ਅਗਲਾ ਫੈਸਲਾ ਖਾਲਸਾ ਪੰਥ ਕਰੇਗਾ। ਜਥੇਦਾਰ ਗੜਗੱਜ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਖਰੇ ਤੌਰ ਉੱਤੇ ਦੋ ਲੈਬਾਂ ਤੋਂ ਜਾਂਚ ਕਰਵਾਏਗਾ ਪ੍ਰੰਤੂ ਸਰਕਾਰ ਵੀ ਆਪਣੇ ਵੱਲੋਂ ਦੋ ਲੈਬਾਂ ਤੋਂ ਜਾਂਚ ਕਰਵਾ ਕੇ ਦੇਵੇ। ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਪੇਸ਼ੀ ਸਬੰਧੀ ਜਨਤਕ ਕੀਤੀ ਇਸ ਵੀਡੀਓ ਤੋਂ ਬਾਅਦ ਹੁਣ ਵੱਡੇ ਸਵਾਲ ਖੜੇ ਹੋ ਗਏ ਹਨ ਕਿ ਜਦੋਂ ਮੁੱਖ ਮੰਤਰੀ ਨੇ ਖ਼ੁਦ ਅਕਾਲ ਤਖ਼ਤ ਸਾਹਮਣੇ ਮੰਨਿਆ ਕਿ ਵੀਡੀਓ ਦੀ ਜਾਂਚ ਕਰਵਾ ਲਈ ਜਾਵੇ ਤਾਂ ਸ੍ਰੀ ਅਕਾਲ ਤਖਤ ਸਾਹਿਬ ਦੀ ਜਾਂਚ ਰਿਪੋਰਟ ਉੱਤੇ ਹੁਣ ਕਿੰਤੂ ਪ੍ਰੰਤੂ ਕਿਉਂ ਕੀਤਾ ਜਾ ਰਿਹਾ ਹੈ ? ਸਵਾਲ ਇਹ ਵੀ ਉੱਠਦੇ ਹਨ ਕਿ ਜੇਕਰ ਸ੍ਰੀ ਅਕਾਲ ਤਖਤ ਸਾਹਿਬ ਨੇ ਮੁੱਖ ਮੰਤਰੀ ਨੂੰ ਕਿਹਾ ਸੀ ਕਿ ਸਰਕਾਰ ਆਪਣੇ ਪੱਧਰ ‘ਤੇ ਵੀ ਦੋ ਲੈਬਾਂ ਤੋਂ ਜਾਂਚ ਕਰਵਾ ਕੇ ਦੇਵੇ ਤਾਂ ਛੇ ਮਹੀਨੇ ਬੀਤਣ ਦੇ ਬਾਵਜੂਦ ਵੀ ਪੰਜਾਬ ਸਰਕਾਰ ਨੇ ਆਪਣੀਆਂ ਲੈਬਾਂ ਦੀ ਜਾਂਚ ਰਿਪੋਰਟ ਸ੍ਰੀ ਅਕਾਲ ਤਖਤ ਸਾਹਿਬ ਨੂੰ ਕਿਉਂ ਨਹੀਂ ਦਿੱਤੀ ? ਜੇਕਰ ਮੁੱਖ ਮੰਤਰੀ ਭਗਵੰਤ ਮਾਨ ਨੇ ਜਨਵਰੀ ਮਹੀਨੇ ਸ੍ਰੀ ਅਕਾਲ ਤਖਤ ਸਾਹਿਬ ਅੱਗੇ ਪੇਸ਼ੀ ਦੌਰਾਨ ਇਹ ਕਿਹਾ ਸੀ ਕਿ ਉਹਨਾਂ ਦੀ ਵੀਡੀਓ ਨਕਲੀ ਹੈ ਤਾਂ ਹੁਣ ਪੰਜਾਬ ਸਰਕਾਰ ਜਾਂ ਮੁੱਖ ਮੰਤਰੀ ਵੱਲੋਂ ਅਕਾਲ ਤਖ਼ਤ ਦੀ ਜਾਂਚ ਰਿਪੋਰਟ ਨੂੰ ਚੈਲੇੰਜ ਨਹੀਂ ਕਿਉਂ ਨਹੀਂ ਕੀਤਾ ਗਿਆ ? ਕੀ ਪੰਜਾਬ ਸਰਕਾਰ ਹੁਣ ਆਪਣੇ ਵੱਲੋਂ ਕਰਵਾਈ ਜਾਂਚ ਦੀਆਂ ਰਿਪੋਰਟਾਂ ਅਤੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਕਰਵਾਈ ਜਾਂਚ ਦੀਆਂ ਰਿਪੋਰਟਾਂ ਨੂੰ ਜਨਤਕ ਕਰੇਗੀ ? ਕੀ ਪੰਜਾਬ ਸਰਕਾਰ ਹੁਣ ਅਸੀਂ ਪ੍ਰਕਿਰਿਆ ਨੂੰ ਅਦਾਲਤੀ ਪਲੇਟਫਾਰਮ ‘ਤੇ ਲੈ ਕੇ ਜਾਵੇਗੀ ਜਾਂ ਫਿਰ ਆਪਣੇ ਵੱਲੋਂ ਕਰਵਾਈ ਜਾਂਚ ਰਿਪੋਰਟ ਨੂੰ ਦੇ ਆਧਾਰ ‘ਤੇ ਹੀ ਆਪਣੇ ਆਪ ਨੂੰ ਪਾਕ ਪਵਿੱਤਰ ਸਿੱਧ ਕਰ ਦੇਵੇਗੀ ?