ਚੰਡੀਗੜ੍ਹ,20 ਜੂਨ, Gee98 News service-
-ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਬੀਨ ਅੱਜ ਤੋਂ ਪੰਜਾਬ ਦਾ ਤਿੰਨ ਦਿਨਾਂ ਦੌਰਾ ਸ਼ੁਰੂ ਕਰਨਗੇ। ਭਾਜਪਾ ਦੇ ਕੌਮੀ ਪ੍ਰਧਾਨ ਦੁਪਹਿਰ ਬਾਅਦ ਅੰਮ੍ਰਿਤਸਰ ਪੁੱਜਣਗੇ ਜਿੱਥੇ ਏਅਰਪੋਰਟ ‘ਤੇ ਭਾਜਪਾ ਆਗੂਆਂ ਵੱਲੋਂ ਉਹਨਾਂ ਦਾ ਸਵਾਗਤ ਕੀਤਾ ਜਾਵੇਗਾ। ਇਸ ਤੋਂ ਬਾਅਦ ਬੀਜੇਪੀ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣਗੇ ਜਿਸ ਤੋਂ ਬਾਅਦ ਉਹ ਜਲਿਆਂਵਾਲਾ ਬਾਗ ਵੀ ਜਾਣਗੇ ਅਤੇ ਫਿਰ ਸ਼ਾਮ ਸਮੇਂ ਭਾਜਪਾ ਪ੍ਰਧਾਨ ਸ੍ਰੀ ਦੁਰਗਿਆਣਾ ਮੰਦਰ ਅਤੇ ਸ੍ਰੀ ਰਾਮ ਤੀਰਥ ਮੰਦਰ ਵੀ ਜਾਣਗੇ। ਇਸ ਤੋਂ ਬਾਅਦ ਜਲੰਧਰ ਅਤੇ ਲੁਧਿਆਣਾ ਵਿਖੇ ਆਉਣਗੇ। ਆਪਣੇ ਪੰਜਾਬ ਦੌਰੇ ਦੌਰਾਨ ਭਾਜਪਾ ਦੇ ਕੌਮੀ ਪ੍ਰਧਾਨ ਵੱਲੋਂ ਜ਼ਮੀਨੀ ਪੱਧਰ ‘ਤੇ ਵਰਕਰਾਂ ਤੇ ਆਗੂਆਂ ਨਾਲ ਮੁਲਾਕਾਤ ਕਰਕੇ ਫੀਡਬੈਕ ਲਈ ਜਾਵੇਗੀ। ਰਾਜਨੀਤਿਕ ਮਾਹਿਰਾ ਦਾ ਮੰਨਣਾ ਹੈ ਕਿ ਭਾਜਪਾ ਇਸ ਵਾਰ ਪੰਜਾਬ ਚੋਣਾਂ ਨੂੰ ਫਰੰਟ ਫੁੱਟ ‘ਤੇ ਰਹਿ ਕੇ ਲੜਨ ਦੀ ਯੋਜਨਾ ਬਣਾ ਚੁੱਕੀ ਹੈ। ਭਾਜਪਾ ਦੇ ਕੌਮੀ ਪ੍ਰਧਾਨ ਤੋਂ ਬਾਅਦ ਹੋਰ ਸੀਨੀਅਰ ਆਗੂਆਂ ਵੱਲੋਂ ਪੰਜਾਬ ਦੇ ਦੌਰੇ ਕੀਤੇ ਜਾਣਗੇ ਤਾਂ ਜੋ ਵਰਕਰਾਂ ਦੇ ਮਨੋਬਲ ਨੂੰ ਹੋਰ ਉੱਚਾ ਚੁੱਕਿਆ ਜਾ ਸਕੇ। ਸੂਤਰਾਂ ਅਨੁਸਾਰ ਇਹ ਭਾਜਪਾ ਦੀ ਪੰਜਾਬ ਚੋਣਾਂ ਸਬੰਧੀ ਰਣਨੀਤੀ ਦਾ ਹੀ ਇੱਕ ਹਿੱਸਾ ਹੈ। ਰਾਜਨੀਤਿਕ ਮਾਹਰਾਂ ਦਾ ਇਹ ਵੀ ਕਹਿਣਾ ਹੈ ਕਿ ਕੌਮੀ ਪ੍ਰਧਾਨ ਸ੍ਰੀ ਨਵੀਨ ਦਾ ਇਹ ਪੰਜਾਬ ਦੌਰਾ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਅਗਲੀਆਂ ਚੋਣਾਂ ਸਬੰਧੀ ਸਮਝੌਤੇ ਦੀਆਂ ਅਫਵਾਹਾਂ ਨੂੰ ਠੱਪ ਕਰ ਦੇਵੇਗਾ ਅਤੇ ਭਾਜਪਾ ਵਰਕਰਾਂ ਤੇ ਆਗੂਆਂ ਨੂੰ ਇੱਕ ਸੰਦੇਸ਼ ਦਿੱਤਾ ਜਾਵੇਗਾ ਕਿ ਪੰਜਾਬ ‘ਚ ਹੁਣ ਭਾਜਪਾ ਜੂਨੀਅਰ ਪਾਰਟਨਰ ਨਹੀਂ ਸਗੋਂ ਲੀਡ ਰੋਲ ਵਿੱਚ ਚੋਣ ਲੜੇਗੀ। ਦੱਸ ਦੇਈਏ ਕਿ ਕੌਮੀ ਪ੍ਰਧਾਨ ਨਿਤਿਨ ਨਵੀਨ ਅਤੇ ਕੇਂਦਰੀ ਗ੍ਰਿਹਿ ਮੰਤਰੀ ਪਹਿਲਾਂ ਹੀ ਪੰਜਾਬ ‘ਚ ਇਕੱਲੇ ਚੋਣ ਲੜਨ ਦਾ ਐਲਾਨ ਕਰ ਚੁੱਕੇ ਹਨ। ਇਸ ਤੋਂ ਇਲਾਵਾ ਕੁਝ ਦਿਨ ਪਹਿਲਾਂ ਭਾਜਪਾ ਦੇ ਕੌਮੀ ਰਾਸ਼ਟਰੀ ਸਕੱਤਰ ਅਤੇ ਰਾਜ ਸਭਾ ਮੈਂਬਰ ਤਰੁਣ ਚੁੱਘ ਅਤੇ ਭਾਜਪਾ ਦੇ ਸੂਬਾ ਪ੍ਰਧਾਨ ਨੇ ਵੀ ਇਕੱਲੇ ਚੋਣ ਲੜਨ ਦਾ ਸੰਕੇਤ ਦਿੱਤਾ ਹੈ। ਭਾਜਪਾ ਦੇ ਅੰਦਰੂਨੀ ਸੂਤਰਾਂ ਅਨੁਸਾਰ ਇਸ ਵਾਰ ਭਾਜਪਾ ਪੰਜਾਬ ਚੋਣਾਂ ਮਾਝਾ, ਦੁਆਬਾ ਅਤੇ ਮਾਲਵਾ ਦੇ ਵੱਖੋ ਵੱਖ ਖੇਤਰਾਂ ਦੀ ਵੰਡ ਕਰਕੇ ਜੱਟ ਸਿੱਖ, ਹਿੰਦੂ ਅਤੇ ਦਲਿਤ ਵੋਟਰਾਂ ਦੇ ਆਧਾਰ ‘ਤੇ ਨਵੇਂ ਸਮੀਕਰਨ ਤਹਿਤ ਚੋਣ ਲੜੇਗੀ। ਭਾਜਪਾ ਦੀ ਇਹ ਨੀਤੀ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਰਵਾਇਤੀ ਵੋਟ ਬੈਂਕ ਨੂੰ ਖਿੱਚਣ ਦੀ ਰਣਨੀਤੀ ਦਾ ਹੀ ਹਿੱਸਾ ਹੈ। ਆਪਣੇ ਪੰਜਾਬ ਦੌਰੇ ਦੌਰਾਨ ਕੌਮੀ ਪ੍ਰਧਾਨ ਸ੍ਰੀ ਨਵੀਨ ਪੰਜਾਬ ਦੇ ਉਹਨਾਂ ਸਾਰੇ ਆਗੂਆਂ ਨਾਲ ਮੁਲਾਕਾਤ ਕਰਨਗੇ ਜਿਨਾਂ ਨੇ ਪਿਛਲੀ ਵਿਧਾਨ ਸਭਾ ਤੇ ਲੋਕ ਸਭਾ ਦੀ ਚੋਣ ਲੜੀ ਹੈ। ਸ੍ਰੀ ਨਵੀਨ ਚੋਣਾਂ ਜਿੱਤਣ ਅਤੇ ਹਾਰਨ ਵਾਲੇ ਸਾਰੇ ਆਗੂਆਂ ਨੂੰ ਆਹਮੋ ਸਾਹਮਣੇ ਬੈਠ ਕੇ ਹਾਰ ਦੇ ਕਾਰਨਾਂ ਦੀ ਬਾਰੀਕੀ ਸਮੀਖਿਆ ਵੀ ਕਰਨਗੇ। ਇਸ ਤੋਂ ਇਲਾਵਾ ਕੌਮੀ ਪ੍ਰਧਾਨ ਵੱਲੋਂ ਭਾਜਪਾ ਦੀ ਕੋਰ ਕਮੇਟੀ, ਕਾਰਜਕਰਨੀ ਅਤੇ ਹੋਰ ਸੀਨੀਅਰ ਆਗੂਆਂ ਨਾਲ ਵੀ ਚਰਚਾ ਕੀਤੀ ਜਾਵੇਗੀ। ਭਾਜਪਾ ਦੇ ਕੌਮੀ ਪ੍ਰਧਾਨ ਦੀ ਇਸ ਸਿਆਸੀ ਯਾਤਰਾ ਨੂੰ ਸੂਬੇ ਚ ਭਾਜਪਾ ਦਾ ਚੋਣਾਂ ਸਬੰਧੀ ਸੰਖਨਾਦ ਮੰਨਿਆ ਜਾ ਰਿਹਾ ਹੈ।