Skip to main content

Gee 98News

PM ਮੋਦੀ ਅਤੇ ਸੁਖਬੀਰ ਬਾਦਲ ਦੀ ਮੁਲਾਕਾਤ ਦੇ….CM ਸੈਣੀ ਬਣੇ ਸੂਤਰਧਾਰ….!

– ਅੰਦਰੂਨੀ ਸਰਵੇ ਰਿਪੋਰਟਾਂ ਨੇ ਅਕਾਲੀ ਤੇ ਭਾਜਪਾ ਆਗੂਆਂ ‘ਚ ਲਿਆਂਦੀ ਸਿਆਸੀ ਲਚਕ

ਚੰਡੀਗੜ੍ਹ,8 ਅਗਸਤ, Gee98 news service-

-ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਮੁਲਾਕਾਤ ਦੇ ਸੂਤਰਧਾਰ ਗੁਆਂਢੀ ਸੂਬੇ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਹੀ ਨਿਕਲੇ, ਪ੍ਰਧਾਨ ਮੰਤਰੀ ਮੋਦੀ ਅਤੇ ਸੁਖਬੀਰ ਬਾਦਲ ਦੀ ਮੀਟਿੰਗ ਤੋਂ ਇੱਕ ਦਿਨ ਪਹਿਲਾਂ ਸੁਖਬੀਰ ਸਿੰਘ ਬਾਦਲ, ਡਾਕਟਰ ਦਲਜੀਤ ਸਿੰਘ ਚੀਮਾ ਤੇ ਬਲਵਿੰਦਰ ਸਿੰਘ ਭੂੰਦੜ ਦੀ ਮੀਟਿੰਗ ਮੁੱਖ ਮੰਤਰੀ ਸੈਣੀ ਦੇ ਚੰਡੀਗੜ੍ਹ ਨਿਵਾਸ ‘ਤੇ ਹੋਈ ਜਿਸ ਵਿੱਚ ਪ੍ਰਧਾਨ ਮੰਤਰੀ ਮੋਦੀ ਨਾਲ ਸੁਖਬੀਰ ਸਿੰਘ ਬਾਦਲ ਦੀ ਮੀਟਿੰਗ ਦੀ ਰੂਪਰੇਖਾ ਤਿਆਰ ਕੀਤੀ ਗਈ। ਸੂਤਰਾਂ ਅਨੁਸਾਰ ਅਕਾਲੀ ਆਗੂਆਂ ਦੀ ਮੁੱਖ ਮੰਤਰੀ ਸੈਣੀ ਨਾਲ ਲੰਮੀ ਮੀਟਿੰਗ ਤੋਂ ਬਾਅਦ ਸੈਣੀ ਨੇ ਪ੍ਰਧਾਨ ਮੰਤਰੀ ਨਾਲ ਸੁਖਬੀਰ ਬਾਦਲ ਦੀ ਮੁਲਾਕਾਤ ਕਰਵਾਉਣ ਲਈ ਦਿੱਲੀ ਸੰਪਰਕ ਕੀਤਾ ਜਿਸ ਦਾ ਦਿੱਲੀ ਤੋਂ ਹੁੰਗਾਰਾ ਵੀ ਹਾਂ ਪੱਖੀ ਨਿਕਲਿਆ ਅਤੇ ਵੀਰਵਾਰ ਦੇਰ ਰਾਤ ਪੀਐਮਓ ਤੋਂ ਸੁਖਬੀਰ ਸਿੰਘ ਬਾਦਲ ਨੂੰ ਮੁਲਾਕਾਤ ਲਈ ਫੋਨ ਆਇਆ ਤਾਂ ਸ਼ੁੱਕਰਵਾਰ ਸਵੇਰੇ ਸੁਖਬੀਰ ਸਿੰਘ ਬਾਦਲ ਪ੍ਰਧਾਨ ਮੰਤਰੀ ਮੋਦੀ ਨੇ ਮੁਲਾਕਾਤ ਕਰਨ ਲਈ ਦਿੱਲੀ ਨਿਕਲੇ। ਨਾਇਬ ਸਿੰਘ ਸੈਣੀ ਨਾਲ ਮੁਲਾਕਾਤ ਕਰਨ ਵਾਲੇ ਅਕਾਲੀ ਆਗੂਆਂ ਭੂੰਦੜ, ਚੀਮਾ ਨੇ ਭਾਵੇਂ ਕਿ ਅਧਿਕਾਰਤ ਤੌਰ ‘ਤੇ ਅਜੇ ਕਿਸੇ ਤਰ੍ਹਾਂ ਦੀ ਕੋਈ ਜਾਣਕਾਰੀ ਨਹੀਂ ਦਿੱਤੀ ਪ੍ਰੰਤੂ ਚਰਚਾ ਹੈ ਕਿ ਸੈਣੀ ਨਾਲ ਮੁਲਾਕਾਤ ਵਿੱਚ ਔਰਤਾਂ ਲਈ ਰਿਜਰਵੇਸ਼ਨ ਦਾ ਬਿੱਲ ਅਤੇ ਹੱਦਬੰਦੀ ਬਿੱਲ ਸਬੰਧੀ ਚਰਚਾ ਦੇ ਨਾਲ ਨਾਲ ਅਕਾਲੀ ਆਗੂਆਂ ਨੇ ਕਈ ਸਾਲਾਂ ਤੋਂ ਜੇਲਾਂ ਵਿੱਚ ਬੰਦ ਬੰਦੀ ਸਿੰਘਾਂ ਦਾ ਮੁੱਦਾ ਵੀ ਉਠਾਇਆ। ਪ੍ਰਧਾਨ ਮੰਤਰੀ ਮੋਦੀ ਦੀ ਸੁਖਬੀਰ ਬਾਦਲ ਨਾਲ ਮੁਲਾਕਾਤ ਤੋਂ ਬਾਅਦ ਅਕਾਲੀ ਦਲ ਅਤੇ ਭਾਜਪਾ ਦੇ ਪੰਜਾਬ ਵਿਧਾਨ ਸਭਾ ਦੀਆਂ ਆਗਾਮੀ ਚੋਣਾਂ ਸਬੰਧੀ ਗੱਠਜੋੜ ਦੀ ਚਰਚਾ ਇੱਕ ਵਾਰੀ ਫੇਰ ਤੇਜ਼ ਹੋ ਗਈ ਹੈ ਪ੍ਰੰਤੂ ਅਜੇ ਤੱਕ ਦੋਵਾਂ ਪਾਸਿਆਂ ਤੋਂ ਅਧਿਕਾਰਤ ਤੌਰ ‘ਤੇ ਇਸ ਸਬੰਧੀ ਕਿਸੇ ਦਾ ਕੋਈ ਬਿਆਨ ਨਹੀਂ ਆਇਆ। ਵਿਧਾਨ ਸਭਾ ਦੀਆਂ ਅਗਲੀਆਂ ਚੋਣਾਂ ‘ਚ ਅਕਾਲੀ ਦਲ ਤੇ ਭਾਜਪਾ ਦਾ ਗੱਠਜੋੜ ਸਬੰਧੀ ਪੰਜਾਬ ਭਾਜਪਾ ਹਾਂ ਪੱਖੀ ਨਜ਼ਰੀਆ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋ ਦੇ ਬਿਆਨ ਤੋਂ ਬਾਅਦ ਵੀ ਸਾਹਮਣੇ ਆਉਂਦਾ ਹੈ ਜਿਸ ਵਿੱਚ ਉਹਨਾਂ ਕਿਹਾ ਸੀ ਕਿ “ਭਾਵੇਂ ਭਾਜਪਾ ਪੰਜਾਬ ‘ਚ ਇਕੱਲੇ ਚੋਣ ਲੜਨਾ ਚਾਹੁੰਦੀ ਹੈ ਪਰੰਤੂ ਜੇਕਰ ਪ੍ਰਧਾਨ ਮੰਤਰੀ ਮੋਦੀ ਅਤੇ ਅਮਿਤ ਸ਼ਾਹ ਕੋਈ ਫੈਸਲਾ ਲੈਂਦੇ ਹਨ ਤਾਂ ਉਸ ਉੱਪਰ ਫੁੱਲ ਚੜਾਏ ਜਾਣਗੇ”।
                                                                      ਦਰਅਸਲ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਕੋਈ ਅਚਾਨਕ ਲਿਆ ਗਿਆ ਫੈਸਲਾ ਨਹੀਂ ਸਗੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਈ ਮਹੀਨਿਆਂ ਤੋਂ ਕਰਵਾਏ ਜਾ ਰਹੇ ਸਰਵੇ ਦੀਆਂ ਰਿਪੋਰਟਾਂ ਨੇ ਅਕਾਲੀ ਆਗੂਆਂ ਵਿੱਚ ਸਿਆਸੀ ਲਚਕ ਪੈਦਾ ਕੀਤੀ ਹੈ। ਚਰਚਾ ਹੈ ਕਿ ਪੰਜਾਬ ਦੇ ਸਾਰੇ ਵਿਧਾਨ ਸਭਾ ਹਲਕਿਆਂ ‘ਚ ਵੱਡੀਆਂ ਰੈਲੀਆਂ ਕਰਨ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੇ ਆਪਣੇ ਪੱਧਰ ‘ਤੇ ਸਰਵੇ ਕਰਵਾਇਆ ਜਿਸ ਵਿੱਚ ਇਹ ਸਾਹਮਣੇ ਆਇਆ ਕਿ ਭਾਈ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਵਾਰਸ ਪੰਜਾਬ ਦੇ ਦਾ ਵੱਧ ਰਿਹਾ ਗ੍ਰਾਫ ਅਕਾਲੀ ਦਲ ਨੂੰ ਖਾਸ ਕਰਕੇ ਪੇਂਡੂ ਹਲਕਿਆਂ ‘ਚ ਨੁਕਸਾਨ ਕਰ ਰਿਹਾ ਹੈ ਜਿਸ ਦੇ ਕਾਰਨ ਅਕਾਲੀ ਦਲ ਦਾ ਪੰਥਕ ਵੋਟ ਬੈਂਕ ਖਿਸਕ ਰਿਹਾ ਹੈ ਜਿਸ ਨੂੰ ਕਿ ਸ਼੍ਰੋਮਣੀ ਅਕਾਲੀ ਦਲ ਆਪਣਾ ਵੱਡਾ ਆਧਾਰ ਮੰਨ ਰਿਹਾ ਹੈ। ਦੂਜੇ ਪਾਸੇ ਭਾਜਪਾ ਆਗੂਆਂ ਨੂੰ ਵੀ ਇਹ ਸ਼ੀਸ਼ਾ ਦਿਸ ਰਿਹਾ ਹੈ ਕਿ ਪੰਜਾਬ ‘ਚ ਆਪਣੇ ਪੱਧਰ ‘ਤੇ ਅਜੇ ਕਿਸੇ ਵੀ ਹਾਲਤ ਵਿੱਚ ਸੱਤਾ ਪ੍ਰਾਪਤ ਨਹੀਂ ਕੀਤੀ ਜਾ ਸਕਦੀ। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਆਪਣੀਆਂ ਪਿਛਲੇ ਕਈ ਮਹੀਨਿਆਂ ਤੋਂ ਪੰਜਾਬ ਫੇਰੀਆਂ ਦਾ ਬਿਓਰਾ ਭਾਜਪਾ ਹਾਈਕਮਾਂਡ ਕੋਲ ਰੱਖ ਦਿੱਤਾ ਸੀ।
                                                            ਸੂਤਰਾਂ ਅਨੁਸਾਰ ਅਕਾਲੀ ਦਲ ਦੇ ਸੀਨੀਅਰ ਆਗੂਆਂ ਨੇ ਵੀ ਸੁਖਬੀਰ ਸਿੰਘ ਬਾਦਲ ਨੂੰ ਵੀ ਇਹ ਦੋ ਟੁੱਕ ਦੱਸ ਦਿੱਤਾ ਸੀ ਕਿ ਆਪਣੇ ਪੱਧਰ ‘ਤੇ ਵਿਧਾਨ ਸਭਾ ਚੋਣਾਂ ‘ਚ ਮੌਜੂਦਾ ਹਾਲਾਤਾਂ ਦੇ ਮੱਦੇਨਜ਼ਰ ਜਿੱਤ ਪ੍ਰਾਪਤ ਨਹੀਂ ਕੀਤੀ ਜਾ ਸਕਦੀ। ਇਹ ਵੀ ਅਹਿਮ ਖੁਲਾਸਾ ਹੋਇਆ ਹੈ ਕਿ ਸੁਖਬੀਰ ਸਿੰਘ ਬਾਦਲ ਨੇ ਗੱਠਜੋੜ ਸਬੰਧੀ ਭਾਜਪਾ ਦੇ ਵਰਕਰਾਂ ਦੀ ਰਾਏ ਜਾਨਣ ਸਬੰਧੀ ਵੀ ਸਰਵੇ ਕਰਵਾਇਆ ਜਿਸ ਵਿੱਚ ਬਹੁ ਗਿਣਤੀ ਭਾਜਪਾ ਵਰਕਰਾਂ ਨੇ ਅਕਾਲੀ ਭਾਜਪਾ ਗੱਠਜੋੜ ਦੀ ਹਮਾਇਤ ਕੀਤੀ। ਸੂਤਰਾਂ ਅਨੁਸਾਰ ਸੁਖਬੀਰ ਸਿੰਘ ਬਾਦਲ ਦੇ ਪੱਖੀ ਕੁਝ ਸਿਆਸੀ ਮਾਹਿਰਾਂ ਨੇ ਸੁਖਬੀਰ ਬਾਦਲ ਨੂੰ ਇਹ ਵੀ ਸਪੱਸ਼ਟ ਦੱਸ ਦਿੱਤਾ ਸੀ ਕਿ ਭਾਵੇਂ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਆਪਣੇ ਪੱਧਰ ‘ਤੇ ਕੋਈ ਮਾਅਰਕਾ ਮਾਰਨ ਦੇ ਸਮਰੱਥ ਨਹੀਂ ਪਰੰਤੂ ਇਸ ਦੀਆਂ ਸਰਗਰਮੀਆਂ ਸ਼੍ਰੋਮਣੀ ਅਕਾਲੀ ਦਲ ਨੂੰ ਪੇਂਡੂ ਹਲਕਿਆਂ ਵਿੱਚ ਨੁਕਸਾਨ ਜ਼ਰੂਰ ਕਰਨਗੀਆਂ। ਕੁੱਲ ਮਿਲਾ ਕੇ ਇਹ ਸਪੱਸ਼ਟ ਹੈ ਕਿ ਅਕਾਲੀ ਦਲ ਤੇ ਭਾਜਪਾ ਵੱਲੋਂ ਆਪਣੇ ਪੱਧਰ ‘ਤੇ ਕਰਵਾਏ ਗਏ ਸਰਵੇ ਰਿਪੋਰਟਾਂ ਨੇ ਦੋਵੇਂ ਪਾਰਟੀਆਂ ਦੇ ਆਗੂਆਂ ਵਿੱਚ ਲਚਕ ਪੈਦਾ ਕੀਤੀ। ਪ੍ਰਧਾਨ ਮੰਤਰੀ ਮੋਦੀ ਅਤੇ ਸੁਖਬੀਰ ਬਾਦਲ ਦੀ ਮੁਲਾਕਾਤ ਤੋਂ ਬਾਅਦ ਪੰਜਾਬ ‘ਚ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਹੋਈ ਸਿਆਸੀ ਤਕਲੀਫ਼ ਤੋਂ ਇਹ ਅੰਦਾਜ਼ਾ ਸਹਿਜੇ ਲਗਾਇਆ ਜਾ ਸਕਦਾ ਹੈ ਕਿ ਜੇਕਰ ਅਕਾਲੀ ਭਾਜਪਾ ਗੱਠਜੋੜ ਹੁੰਦਾ ਹੈ ਤਾਂ ਇਹ ਗੱਠਜੋੜ ਪੰਜਾਬ ਦੀ ਸੱਤਾ ਦੀ ਲੜਾਈ ਦੇ ਸਮੀਕਰਨ ਬਦਲ ਸਕਦਾ ਹੈ।

Gee98 Ads
error: Content is protected !!