-Sunday Special
– ਪਾਵਰਕਾਮ ਕਰਜ਼ਾ ਦਿਵਾਉਣ ਵਾਲੇ ਵਿਚੋਲੇ ਨੂੰ ਦੇਵੇਗੀ 150 ਕਰੋੜ
ਚੰਡੀਗੜ੍ਹ, 23 ਅਗਸਤ, Gee98 news service-
-ਪੰਜਾਬ ਸਿਰ ਕਰਜ਼ੇ ਦੀ ਪੰਡ ਹੋਰ ਭਾਰੀ ਹੋਵੇਗੀ। ਗਮਾਡਾ ਤੋਂ ਬਾਅਦ ਹੁਣ ਪਾਵਰਕਾਮ ਨੇ 10000 ਕਰੋੜ ਰੁਪਏ ਦਾ ਕਰਜ਼ਾ ਲੈਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਪੰਜਾਬ ਸਰਕਾਰ ਦੇ ਇਹਨਾਂ ਅਦਾਰਿਆਂ ਵੱਲੋਂ ਲਏ ਕਰਜ਼ੇ ਨਾਲ ਜੁੜਿਆ ਅਹਿਮ ਤੱਥ ਇਹ ਹੈ ਕਿ ਕਰਜ਼ਾ ਦਿਵਾਉਣ ਵਾਲੇ ਵਿਚੋਲਿਆਂ ਨੂੰ ਕਰੋੜਾਂ ਰੁਪਏ ਦਿੱਤੇ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਪਹਿਲਾ ਗਮਾਡਾ ਨੇ 15000 ਕਰੋੜ ਦਾ ਕਰਜ਼ਾ ਦਿਵਾਉਣ ਵਾਲਿਆਂ ਨੂੰ 191 ਕਰੋੜ ਤੋਂ ਵਧੇਰੇ ਦੀ ਰਕਮ ਵਿਚੋਲਗੀ ਵਜੋਂ ਦੇਣ ਦਾ ਫੈਸਲਾ ਕੀਤਾ ਤੇ ਹੁਣ ਪਾਵਰਕਾਮ ਨੇ 10000 ਕਰੋੜ ਰੁਪਏ ਦਾ ਕਰਜ਼ਾ ਦਿਵਾਉਣ ਵਾਲੇ ਵਿਚੋਲੇ ਨੂੰ 150 ਕਰੋੜ ਰੁਪਏ ਦੇਣੇ ਹਨ। ਕੀ ਪੰਜਾਬ ਸਰਕਾਰ ‘ਤੇ ਕਰਜ਼ਾ ਦੇਣ ਵਾਲੀਆਂ ਬੈਂਕਾਂ ਜਾਂ ਵੱਡੀਆਂ ਵਿੱਤੀ ਸੰਸਥਾਵਾਂ ਨੂੰ ਐਨੀ ਬੇਭਰੋਸਗੀ ਹੋ ਚੁੱਕੀ ਹੈ ਕਿ ਸਰਕਾਰ ਨੂੰ ਸਿੱਧੇ ਮੰਗਿਆ ਕੋਈ ਕਰਜ਼ਾ ਵੀ ਨਹੀਂ ਦੇ ਰਿਹਾ, ਸ਼ਾਇਦ ਇਸੇ ਕਰਕੇ ਕਰਜ਼ਾ ਦਿਵਾਉਣ ਲਈ ਵਿਚੋਲਿਆਂ ਦੀ ਲੋੜ ਪੈ ਰਹੀ ਹੈ ਜਾਂ ਫਿਰ ਪੰਜਾਬ ਦੇ ਖਜ਼ਾਨੇ ਵਿੱਚੋਂ ਕਰੋੜਾਂ ਦੀ ਮਲਾਈ ‘ਤੇ ਹੱਥ ਮਾਰਨ ਵਾਲੀਆਂ ਇਹ ਵਿਚੋਲਗਿਰੀ ਕਰਨ ਵਾਲੀਆਂ ਕੰਪਨੀਆਂ ਪਰਦੇ ਪਿੱਛੇ ਪੰਜਾਬ ਦੀ ਸਰਕਾਰ ਚਲਾ ਰਹੇ ਵੱਡੇ ਆਗੂਆਂ ਦੇ ਸਕਿਆਂ ਸਬੰਧੀਆਂ ਦੀਆਂ ਹੀ ਹਨ ਜਿਨਾਂ ਰਾਹੀਂ ਘੁੰਮ ਫਿਰ ਕੇ ਵਿਚੋਲਗੀ ਦਾ ਪੈਸਾ ਫਿਰ “ਇਹਨਾਂ ਦੀ” ਝੋਲੀ ਵਿੱਚ ਹੀ ਪੈ ਜਾਵੇਗਾ। ਪੰਜਾਬ ਸਰਕਾਰ ਜਾਂ ਇਸ ਦੇ ਅਦਾਰਿਆਂ ਵੱਲੋਂ ਪਹਿਲੀ ਵਾਰ ਕਰਜ਼ਾ ਨਹੀਂ ਚੁੱਕਿਆ ਜਾ ਰਿਹਾ ਸਗੋਂ ਪਹਿਲੀਆਂ ਸਰਕਾਰਾਂ ਮੌਕੇ ਵੀ ਕਰਜ਼ਾ ਲਿਆ ਜਾਂਦਾ ਸੀ ਪ੍ਰੰਤੂ ਮੌਜੂਦਾ ਸਰਕਾਰ ਵੱਲੋਂ ਕਰਜ਼ਾ ਲੈਣ ਦੀ ਪ੍ਰਕਿਰਿਆ ‘ਤੇ ਸਵਾਲ ਉਠਣੇ ਸੁਭਾਵਿਕ ਹਨ। ਚਰਚਾ ਤਾਂ ਇਹ ਵੀ ਹੈ ਕਿ ਸਰਕਾਰ ਵੱਲੋਂ ਆਪਣੇ ਸਿਆਸੀ ਹਿੱਤਾਂ ਦੀ ਪੂਰਤੀ ਲਈ ਕਰਜ਼ਾ ਚੁੱਕ ਕੇ ਮੁਫ਼ਤ ਦੀਆਂ ਰਿਓੜੀਆਂ ਵੰਡੀਆਂ ਜਾ ਰਹੀਆਂ ਹਨ। ਦੱਸ ਦੇਈਏ ਕਿ ਪਾਵਰਕਾਮ ਦੀ ਮਾੜੀ ਵਿੱਤੀ ਹਾਲਤ ਦੀ ਚਰਚਾ ਪਿਛਲੇ ਦਿਨੀਂ ਲੋਕ ਸਭਾ ‘ਚ ਵੀ ਹੋਈ ਸੀ। ਦੂਜੇ ਪਾਸੇ ਪੰਜਾਬ ਸਰਕਾਰ ਵੱਲ ਬਿਜਲੀ ਸਬਸਿਡੀਆਂ ਦੀ ਕਰੋੜਾਂ ਰੁਪਏ ਦੀ ਰਕਮ ਪਾਵਰਕਾਮ ਦੀ ਖੜੀ ਹੈ ਜੋ ਵੱਧਦੀ ਜਾ ਰਹੀ। ਹੈਰਾਨੀ ਇਸ ਗੱਲ ਦੀ ਹੈ ਕਿ ਪੰਜਾਬ ਸਰਕਾਰ ਬਿਜਲੀ ਸਬਸਿਡੀਆਂ ਦਾ ਇਹ ਬਕਾਇਆ ਪਾਵਰਕਾਮ ਨੂੰ ਦੇਣ ਦੀ ਬਜਾਏ ਕਰਜ਼ੇ ਦੇ ਰਾਹ ਤੋਰ ਰਹੀ ਹੈ। ਪੰਜਾਬ ਸਰਕਾਰ ਜਾਂ ਇਸ ਦੇ ਅਦਾਰਿਆਂ ਵੱਲੋਂ ਕਰਜ਼ਾ ਲੈਣ ਸਬੰਧੀ ਵਿਚੋਲਗਿਰੀ ਕਰਨ ਵਾਲੀਆਂ ਕੰਪਨੀਆਂ ਦੀ ਚਰਚਾ ਵੀ ਪੰਜਾਬ ‘ਚ ਹੋਣੀ ਸ਼ੁਰੂ ਹੋ ਗਈ ਹੈ ਕਿ ਆਖਿਰ ਇਹ ਕੰਪਨੀਆਂ ਕਿਥੋਂ ਦੀਆਂ ਹਨ ਅਤੇ ਕੀ ਇਹਨਾਂ ਦਾ ਸਬੰਧ ਵਿੰਗੇ ਟੇਢੇ ਢੰਗ ਨਾਲ ਕਿਸੇ ਰਾਜਨੀਤਿਕ ਆਗੂ ਨਾਲ ਹੈ ?