– ਹਰਦੀਪ ਸਿੰਘ ਨਿੱਝਰ ਕਤਲ ਦੇ ਭਾਰਤੀ ਏਜੰਸੀਆਂ ‘ਤੇ ਵੀ ਲੱਗ ਚੁੱਕੇ ਹਨ ਦੋਸ਼
ਚੰਡੀਗੜ੍ਹ, 23 ਅਗਸਤ, Gee98 News service-
-ਵਿਦੇਸ਼ ਬੈਠੇ ਭਾਰਤੀ ਗੈਂਗਸਟਰ ਗੋਲਡੀ ਬਰਾੜ ਨੇ ਖਾਲਿਸਤਾਨੀ ਪੱਖੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੀ ਜ਼ਿੰਮੇਵਾਰੀ ਲੈਣ ਵਾਲੀ ਆਡੀਓ ਨੇ ਪੰਜਾਬ ਦੀ ਰਾਜਨੀਤੀ ਗਰਮਾ ਦਿੱਤੀ ਹੈ। ਗੋਲਡੀ ਬਰਾੜ ਨੇ ਵਾਇਰਲ ਹੋ ਰਹੀ ਆਡੀਓ ‘ਚ ਦਾਅਵਾ ਕੀਤਾ ਹੈ ਕਿ ਕੈਨੇਡਾ ‘ਚ ਖਾਲਿਸਤਾਨੀ ਪੱਖੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਉਸਨੇ ਹੀ ਕਰਵਾਈ ਸੀ। ਇਸ ਆਡੀਓ ਕਲਿੱਪ ਦੇ ਵਿੱਚ ਗੋਲਡੀ ਬਰਾੜ ਖਾਲਿਸਤਾਨੀ ਪੱਖੀ ਪਰਮਜੀਤ ਸਿੰਘ ਪੰਮਾ ਦੇ ਨਾਲ ਗੱਲਬਾਤ ਕਰਦੇ ਹੋਏ ਕਹਿ ਰਿਹਾ ਹੈ ਕਿ ਹਰਦੀਪ ਸਿੰਘ ਨਿੱਝਰ ਨੂੰ ਇਸ ਕਰਕੇ ਟਾਰਗਿਟ ਕੀਤਾ ਗਿਆ ਕਿਉਂਕਿ ਉਸ ਦੇ (ਗੋਲਡੀ ਬਰਾੜ) ਦੇ ਭਰਾ ਦੀ ਹੱਤਿਆ ਤੋਂ ਬਾਅਦ ਸੁੱਖਾ ਦੁੱਨੇਕੇ ਅਤੇ ਅਰਸ਼ ਡੱਲਾ ਨਿੱਝਰ ਦੀ ਕੋਠੀ ਵਿੱਚ ਰਹਿੰਦੇ ਰਹੇ ਸਨ। ਪਰਮਜੀਤ ਸਿੰਘ ਪੰਮਾ ਨਾਲ ਵਾਇਰਲ ਹੋ ਰਹੀ ਆਡੀਓ ‘ਚ ਗੋਲਡੀ ਬਰਾੜ ਕਹਿ ਰਿਹਾ ਹੈ ਕਿ “ਜਿਨਾਂ ਕੋਠੀਆਂ ‘ਚ ਬੈਠ ਕੇ ਮੇਰੇ ਭਰਾਵਾਂ ਨੂੰ ਮਰਵਾਇਆ ਗਿਆ ਉਹ ਕੋਠੀਆਂ ਇਹਨਾਂ ਲੋਕਾਂ ਦੀਆਂ ਹੀ ਸਨ ਜਿਸ ਕਰਕੇ ਮੇਰਾ ਖੂਨ ਖੌਲਦਾ ਸੀ। ਮੈਂ ਉਸ ਨੂੰ ਛੱਡ ਨਹੀਂ ਸਕਦਾ ਸੀ, ਗੁਰੂ ਘਰ ਦੇ ਸਤਿਕਾਰ ਕਾਰਨ ਅੰਦਰ ਜਾ ਕੇ ਗੋਲੀ ਨਹੀਂ ਚਲਾਈ ਜੇਕਰ ਅੰਦਰ ਜਾ ਕੇ ਗੋਲੀ ਚਲਾਉਣੀ ਹੁੰਦੀ ਜਾਂ ਬਦਤਮੀਜ਼ੀ ਕਰਨੀ ਹੁੰਦੀ ਤਾਂ ਅਰਸ਼ ਡੱਲਾ ਨੂੰ ਵੀ ਮਾਰ ਦਿੱਤਾ ਜਾਂਦਾ”। ਗੋਲਡੀ ਬਰਾੜ ਨੇ ਵਾਇਰਲ ਹੋ ਰਹੀ ਕਥਿਤ ਆਡੀਓ ਵਿੱਚ ਇਹ ਵੀ ਕਿਹਾ ਕਿ “ਗੁਰੂ ਘਰ ਦੇ ਸਤਿਕਾਰ ਲਈ ਸਬਰ ਰੱਖਿਆ ਅਤੇ ਗੇਟ ਦੇ ਬਾਹਰ ਆਉਣ ਤੱਕ ਦੀ ਉਡੀਕ ਕੀਤੀ ਉਹਨਾਂ ਨੂੰ ਲੱਗਿਆ ਸੀ ਕਿ ਅਰਸ਼ ਡੱਲਾ ਵੀ ਗੱਡੀ ਵਿੱਚ ਬੈਠਾ ਹੈ। ਗੋਲਡੀ ਨੇ ਇਸ ਨੂੰ ਆਪਣੀ ਗ਼ਲਤੀ ਦੱਸਦੇ ਹੋਏ ਕਿਹਾ ਕਿ ਜੇਕਰ ਉਸ ਵੇਲੇ ਅਰਸ਼ ਡੱਲਾ ਨੂੰ ਵੀ ਮਾਰ ਦਿੱਤਾ ਜਾਂਦਾ ਤਾਂ ਉਸਨੂੰ ਵਾਰ-ਵਾਰ ਸਫ਼ਾਈ ਦੇਣ ਦੀ ਜ਼ਰੂਰਤ ਨਹੀਂ ਪੈਂਦੀ”।
ਜ਼ਿਕਰਯੋਗ ਹੈ ਕਿ ਖਾਲਿਸਤਾਨੀ ਪੱਖੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ 18 ਜੂਨ 2023 ਨੂੰ ਕੈਨੇਡਾ ਦੇ ਸਰੀ ਵਿੱਚ ਕਰ ਦਿੱਤੀ ਗਈ ਸੀ ਜਿਸ ਵੇਲੇ ਉਹ ਗੁਰਦੁਆਰਾ ਸਾਹਿਬ ਤੋਂ ਬਾਹਰ ਆ ਰਿਹਾ ਸੀ। ਕੈਨੇਡਾ ਦੇ ਤਤਕਾਲੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਭਾਈ ਨਿੱਝਰ ਦੀ ਹੱਤਿਆ ਦੇ ਪਿੱਛੇ ਭਾਰਤ ਸਰਕਾਰ ਦੇ ਏਜੰਟਾਂ ਦੇ ਹੱਥ ਹੋਣ ਦੇ ਦੋਸ਼ ਲਗਾਏ ਸਨ, ਜਿਸ ਤੋਂ ਬਾਅਦ ਭਾਰਤ ਅਤੇ ਕੈਨੇਡਾ ਦੇ ਸੰਬੰਧਾਂ ਵਿੱਚ ਕੜਵਾਹਟ ਵੀ ਪੈਦਾ ਹੋਈ ਸੀ ਹਾਲਾਂਕਿ ਭਾਰਤ ਸਰਕਾਰ ਨੇ ਇਹਨਾਂ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਸੀ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਵਿਦੇਸ਼ ਬੈਠੇ ਖਾਲਿਸਤਾਨੀ ਪੱਖੀ ਇਹ ਦੋਸ਼ ਲਗਾ ਰਹੇ ਹਨ ਕਿ ਭਾਰਤ ਦੀਆਂ ਏਜੰਸੀਆਂ ਵਿਦੇਸ਼ਾਂ ਵਿੱਚ ਰਹਿੰਦੇ ਖਾਲਿਸਤਾਨੀ ਪੱਖੀ ਆਗੂਆਂ ਨੂੰ ਮਾਰਨ ਲਈ ਕੰਮ ਕਰ ਰਹੀਆਂ ਹਨ। ਕੈਨੇਡਾ ਦੇ ਤਤਕਾਲੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਨਾਲ ਇਹਨਾਂ ਖਾਲਿਸਤਾਨੀ ਪੱਖੀ ਆਗੂਆਂ ਨੇ ਵੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਸੰਬੰਧੀ ਭਾਰਤੀ ਏਜੰਸੀਆਂ ‘ਤੇ ਸ਼ੱਕੀ ਦੋਸ਼ ਲਗਾਏ ਸਨ। ਦੂਜੇ ਪਾਸੇ ਭਾਰਤ ਵਿੱਚ ਖਾਸ ਕਰਕੇ ਪੰਜਾਬ ‘ਚ ਵਿਰੋਧੀ ਪਾਰਟੀਆਂ ਭਾਜਪਾ ‘ਤੇ ਦੋਸ਼ ਲਗਾ ਰਹੀਆਂ ਹਨ ਕਿ ਉਸਨੇ ਖਤਰਨਾਕ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਗੁਜਰਾਤ ਦੀ ਇੱਕ ਜੇਲ੍ਹ ਵਿੱਚ ਸੁਰੱਖਿਅਤ ਰੱਖਿਆ ਹੋਇਆ ਹੈ। ਬੀਜੇਪੀ ਵਿਰੋਧੀ ਇਹ ਵੀ ਦੋਸ਼ ਲਗਾ ਰਹੇ ਹਨ ਕਿ ਲਾਰੈਂਸ ਬਿਸ਼ਨੋਈ ਦੀ ਵਰਤੋਂ ਭਾਰਤੀ ਏਜੰਸੀਆਂ ਵੱਲੋਂ “ਲੋੜ ਪੈਣ ‘ਤੇ” ਕੀਤੀ ਜਾ ਰਹੀ ਹੈ। ਇਹ ਆਪਣੇ ਆਪ ‘ਚ ਹੀ ਇੱਕ ਬਹੁਤ ਵੱਡਾ ਸਵਾਲ ਹੈ ਜਿਸ ਦਾ ਭਾਜਪਾ ਨੇ ਕਦੇ ਵੀ ਜਵਾਬ ਨਹੀਂ ਦਿੱਤਾ। ofਧਿਆਨ ਰਹੇ ਕਿ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਦੀ ਨੇੜਤਾ ਜਗ ਜ਼ਾਹਰ ਰਹੀ ਹੈ ਭਾਵੇਂ ਕਿ ਪਿੱਛੇ ਜਿਹੇ ਕੁਝ ਸਮੇਂ ਤੱਕ ਦੋਹਾਂ ਵਿੱਚ ਕੜਵਾਹਟ ਦੀ ਚਰਚਾ ਵੀ ਸਾਹਮਣੇ ਆਈ ਸੀ। ਰਾਜਨੀਤਿਕ ਮਾਹਿਰਾਂ ਵੱਲੋਂ ਮੰਨਿਆ ਜਾ ਰਿਹਾ ਹੈ ਕਿ ਗੋਲਡੀ ਬਰਾੜ ਦੀ ਇਸ ਆਡੀਓ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਦੇ ਸੰਦਰਭ ਵਿੱਚ ਇੱਕ ਧਿਰ ਵੱਲੋਂ ਸਿਆਸੀ ਹਥਿਆਰ ਵਜੋਂ ਵੀ ਵਰਤਿਆ ਜਾ ਸਕਦਾ ਹੈ। ਭਾਵੇਂ ਕਿ ਭਾਰਤ ਸਰਕਾਰ ਗੋਲਡੀ ਬਰਾੜ ਨੂੰ ਵਿਦੇਸ਼ ਤੋਂ ਲਿਆਉਣ ਸਬੰਧੀ ਯਤਨ ਕਰਦੀ ਦੱਸੀ ਜਾ ਰਹੀ ਹੈ ਅਤੇ ਪੰਜਾਬ ਦੇ ਮੁੱਖ ਮੰਤਰੀ ਇਸ ਦਾ ਕਈ ਵਾਰ ਜ਼ਿਕਰ ਵੀ ਕਰ ਚੁੱਕੇ ਹਨ ਪ੍ਰੰਤੂ ਹੁਣ ਗੋਲਡੀ ਬਰਾੜ ਦੀ ਹਰਦੀਪ ਸਿੰਘ ਨਿੱਝਰ ਵੀ ਹੱਤਿਆ ਦੀ ਜ਼ਿੰਮੇਵਾਰੀ ਵਾਲੀ ਆਡੀਓ ਨੇ ਗੋਲਡੀ ਬਰਾੜ ਦੀ ਹਵਾਲਗੀ ਦੀ ਪ੍ਰਕਿਰਿਆ ਨੂੰ ਇੱਕ ਨਵਾਂ ਰੂਪ ਦੇ ਦਿੱਤਾ ਹੈ। ਇਸ ਗੱਲ ਤੋਂ ਵੀ ਮੁਨਕਰ ਨਹੀਂ ਹੋ ਜਾ ਸਕਦਾ ਕਿ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੇ ਸੰਦਰਭ ਵਿੱਚ ਗੋਲਡੀ ਬਰਾੜ ਦੀ ਆਡੀਓ ਇੱਕ “ਸ਼ਬਦੀ ਬੰਬ” ਸਾਬਤ ਹੋ ਸਕਦੀ ਹੈ ਜਿਸ ਦਾ ਅਸਰ ਆਉਣ ਵਾਲੇ ਸਮੇਂ ‘ਚ ਸਾਹਮਣੇ ਆਵੇਗਾ।