Skip to main content

Gee 98News

ਸ਼ਹੀਦ ਭਗਤ ਸਿੰਘ ਵੈਲਫੇਅਰ ਕਲੱਬ ਵੱਲੋਂ ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ ਮਨਾਇਆ

ਮਹਿਲ ਕਲਾਂ, 28 ਸਤੰਬਰ ( ਜਸਵੰਤ ਸਿੰਘ ਲਾਲੀ )-
ਸ਼ਹੀਦ ਭਗਤ ਸਿੰਘ ਵੈਲਫ਼ੇਅਰ ਕਲੱਬ ਰਜਿ. ਮਹਿਲ ਕਲਾਂ ਵੱਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ 119ਵਾਂ ਜਨਮ ਦਿਹਾੜਾ ਕਲੱਬ ਦੇ ਪ੍ਰਧਾਨ ਦਲਬੀਰ ਸਿੰਘ ਰਾਏ ਦੀ ਅਗਵਾਈ ਹੇਠ ਰਾਏ ਮਾਰਬਲ ਹਾਊਸ ਵਿਖੇ ਕੇਕ ਕੱਟ ਕੇ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਉੱਘੇ ਸਮਾਜ ਸੇਵੀ ਤੇ ਮਹਿਲ ਕਲਾਂ ਸੋਢੇ ਦੇ ਸਰਪੰਚ ਸਰਬਜੀਤ ਸਿੰਘ ਸੰਭੂ, ਡਾ. ਨਤੀਸ਼ ਕੁਮਾਰ ਅਤੇ ਡਾ. ਸਕੀਲ ਮੁਹੰਮਦ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਇਸ ਮੌਕੇ ਕਲੱਬ ਵੱਲੋਂ ਲੱਡੂ ਵੀ ਵੰਡੇ ਗਏ। ਸੰਬੋਧਨ ਕਰਦਿਆਂ ਸਰਪੰਚ ਸਰਬਜੀਤ ਸਿੰਘ ਸੰਭੂ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਜੀ ਦਾ ਜੀਵਨ ਦੇਸ਼ ਦੀ ਆਜ਼ਾਦੀ, ਨੌਜਵਾਨੀ ਦੀ ਜਾਗਰੂਕਤਾ ਅਤੇ ਇਨਕਲਾਬੀ ਸੋਚ ਨੂੰ ਸਮਰਪਿਤ ਰਿਹਾ। ਉਨ੍ਹਾਂ ਨੇ ਛੋਟੀ ਉਮਰ ਵਿੱਚ ਹੀ ਦੇਸ਼ ਦੀ ਗੁਲਾਮੀ ਨੂੰ ਸਮਝਦਿਆਂ ਆਪਣੀ ਜ਼ਿੰਦਗੀ ਦਾ ਹਰ ਪਲ ਦੇਸ਼ ਵਾਸਤੇ ਕੁਰਬਾਨ ਕਰਨ ਦਾ ਫੈਸਲਾ ਕੀਤਾ ਅਤੇ ਹੱਸਦੇ-ਹੱਸਦੇ ਫਾਂਸੀ ਦਾ ਫੰਦਾ ਚੁੰਮ ਕੇ ਦੇਸ਼ ਦੀ ਆਜ਼ਾਦੀ ਲਈ ਆਪਣੀ ਮਹਾਨ ਕੁਰਬਾਨੀ ਦਿੱਤੀ । ਉਹਨਾਂ ਅੱਗੇ ਕਿਹਾ ਕਿ ਸਾਨੂੰ ਸ਼ਹੀਦਾਂ ਨੂੰ ਸਿਰਫ਼ ਉਨ੍ਹਾਂ ਦੇ ਜਨਮ ਦਿਨ ਜਾਂ ਸ਼ਹੀਦੀ ਦਿਹਾੜਿਆਂ ’ਤੇ ਯਾਦ ਕਰਨ ਦੀ ਬਜਾਏ ਉਨ੍ਹਾਂ ਦੀ ਸੋਚ ਅਤੇ ਕੁਰਬਾਨੀਆਂ ਤੋਂ ਪ੍ਰੇਰਣਾ ਲੈ ਕੇ ਸਮਾਜ ਅਤੇ ਦੇਸ਼ ਦੀ ਬਿਹਤਰੀ ਲਈ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸ਼ਹੀਦਾਂ ਦਾ ਸਤਿਕਾਰ ਕਰਨਾ ਸਾਡਾ ਫਰਜ਼ ਹੈ ਅਤੇ ਨੌਜਵਾਨ ਪੀੜ੍ਹੀ ਨੂੰ ਸ਼ਹੀਦਾਂ ਦੇ ਇਤਿਹਾਸ ਤੇ ਕੁਰਬਾਨੀਆਂ ਬਾਰੇ ਜਾਣੂ ਕਰਵਾਉਣਾ ਸਮੇਂ ਦੀ ਲੋੜ ਹੈ। ਇਸ ਮੌਕੇ ‘ਸ਼ਹੀਦੋ ਤੁਹਾਡੀ ਸੋਚ ’ਤੇ ਪਹਿਰਾ ਦਿਆਂਗੇ ਠੋਕ ਕੇ’ ਅਤੇ ‘ਸ਼ਹੀਦ ਭਗਤ ਸਿੰਘ ਅਮਰ ਰਹੇ’ ਦੇ ਨਾਅਰਿਆਂ ਨਾਲ ਮਾਹੌਲ ਗੂੰਜ ਉੱਠਿਆ। ਇਸ ਮੌਕੇ ਸਰਪ੍ਰਸਤ ਸਾਧੂ ਸਿੰਘ, ਪ੍ਰੈਸ ਸਕੱਤਰ ਤਰਸੇਮ ਖਾਨ, ਜਨਰਲ ਸਕੱਤਰ ਵਰਿੰਦਰ ਸਿੰਘ, ਸਲਾਹਕਾਰ ਬਲਦੇਵ ਸਿੰਘ, ਜਗਰਾਜ ਸਿੰਘ, ਸੁਖਪਾਲ ਸਿੰਘ, ਮੋਹਿਤ ਗਰਗ, ਗੁਰਜੀਤ ਸਿੰਘ, ਸੁਖਪਾਲ ਸਿੰਘ, ਜਸਪਾਲ ਸਿੰਘ, ਸ਼ਮਸ਼ੇਰ ਸਿੰਘ ਆਦਿ ਹਾਜ਼ਰ ਸਨ।

error: Content is protected !!