ਚੰਡੀਗੜ, 13 ਜਨਵਰੀ (ਜੀ98 ਨਿਊਜ਼) : ਆਮ ਆਦਮੀ ਪਾਰਟੀ ਦੇ ਕੌਮੀ ਪ੍ਰਧਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਸੰਬੰਧੀ ਦਿੱਤੇ ਤਾਜ਼ਾ ਬਿਆਨ ਨੇ ਸੰਯੁਕਤ ਕਿਸਾਨ ਮੋਰਚਾ ਅਤੇ ਆਮ ਆਦਮੀ ਪਾਰਟੀ ਵਿਚਕਾਰ ਸਿਆਸੀ ਕੁੜੱਤਣ ਪੈਦਾ ਕਰ ਦਿੱਤੀ ਹੈ। ਸ੍ਰੀ ਕੇਜਰੀਵਾਲ ਨੇ ਕਿਹਾ ਸੀ ਕਿ ਬਲਵੀਰ ਸਿੰਘ ਰਾਜੇਵਾਲ ਵਿਧਾਨ ਸਭਾ ਚੋਣਾਂ ਸੰਬੰਧੀ ਚਰਚਾ ਕਰਨ ਲਈ ਖ਼ੁਦ ਚੱਲ ਕੇ ਉਨਾਂ ਕੋਲ ਆਏ ਸਨ ਅਤੇ ਕਿਸਾਨ ਜਥੇਬੰਦੀਆਂ ਨਾਲ ਗੱਠਜੋੜ ਦੀ ਗੱਲ ਕਰਦੇ ਹੋਏ 60 ਸੀਟਾਂ ਦੀ ਮੰਗ ਕਿਸਾਨਾਂ ਲਈ ਕੀਤੀ ਸੀ। ਕੇਜਰੀਵਾਲ ਨੇ ਇਹ ਵੀ ਕਿਹਾ ਕਿ ਆਮ ਆਦਮੀ ਪਾਰਟੀ ਨੇ ਰਾਜੇਵਾਲ ਨੂੰ 10 ਤੋਂ 15 ਸੀਟਾਂ ਦੀ ਆਫ਼ਰ ਦਿੱਤੀ ਸੀ। ਕੇਜਰੀਵਾਲ ਦੀ ਇਸ ਗੱਲ ’ਚ ਕਿੰਨੀ ਕੁ ਸੱਚਾਈ ਹੈ ਇਸ ਬਾਰੇ ਤਾਂ ਕੁਝ ਕਿਹਾ ਨਹੀਂ ਜਾ ਸਕਦਾ ਪੰ੍ਰਤੂ ਬਲਵੀਰ ਸਿੰਘ ਰਾਜੇਵਾਲ ਅਤੇ ਕੇਜਰੀਵਾਲ ਪੰਜਾਬ ਦੇ ਸਿਆਸੀ ਮੈਦਾਨ ’ਚ ਆਹਮੋ-ਸਾਹਮਣੇ ਹਨ। ਕੇਜਰੀਵਾਲ ਦਾ ਰਾਜੇਵਾਲ ਸੰਬੰਧੀ ਬਿਆਨ ਰਾਜੇਵਾਲ ਦੀ ਪ੍ਰੈਸ ਕਾਨਫਰੰਸ ਤੋਂ ਬਾਅਦ ਆਇਆ ਹੈ ਜਿਸ ਵਿੱਚ ਰਾਜੇਵਾਲ ਨੇ ਆਮ ਆਦਮੀ ਪਾਰਟੀ ਉੱਪਰ ਟਿਕਟਾਂ ਵੇਚਣ ਦਾ ਦੋਸ਼ ਲਗਾਇਆ ਸੀ। ਖ਼ੁਦ ਕੇਜਰੀਵਾਲ ਨੇ ਵੀ ਇਹ ਗੱਲ ਮੰਨੀ ਹੈ ਕਿ ਰਾਜੇਵਾਲ ਨੇ ਉਨਾਂ ਨੂੰ ਇੱਕ ਆਡੀਓ ਕਲਿੱਪ ਦਿੱਤੀ ਸੀ, ਇਸ ਆਡੀਓ ਕਲਿੱਪ ’ਚ ‘ਆਪ’ ਦੇ ਸੀਨੀਅਰ ਆਗੂਆਂ ਨਾਲ ਪੰਜਾਬ ਤੋਂ ਟਿਕਟ ਦੇ ਚਾਹਵਾਨ ‘ਆਪ’ ਆਗੂ ਦੀ ਗੱਲਬਾਤ ਹੋਣ ਦੇ ਆਸਾਰ ਹਨ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਤੱਕ ਹੀ ਰਾਜੇਵਾਲ ਦੇ ਆਪ ਵੱਲੋਂ ਮੁੱਖ ਮੰਤਰੀ ਦਾ ਚਿਹਰਾ ਹੋਣ ਦੀ ਚਰਚਾ ਹੁੰਦੀ ਰਹੀ ਹੈ। ਸੋਸ਼ਲ ਮੀਡੀਆ ’ਤੇ ਆ ਰਹੀਆਂ ਪੋਸਟਾਂ ਵਿੱਚ ਹੇਠਲੇ ਪੱਧਰ ’ਤੇ ਕੰਮ ਕਰਨ ਵਾਲੇ ‘ਆਪ’ ਵਲੰਟੀਅਰ, ਕਿਸਾਨ ਜਥੇਬੰਦੀਆਂ ਨਾਲ ਗੱਠਜੋੜ ਦੇ ਇੱਛੁਕ ਹਨ ਅਤੇ ਇਸ ਗੱਲ ਦੀ ਚਰਚਾ ‘ਆਪ’ ਵਲੰਟੀਅਰ ਖੁੱਲ ਕੇ ਕਰ ਰਹੇ ਹਨ ਕਿ ਸੰਯੁਕਤ ਸਮਾਜ ਮੋਰਚਾ ਸਭ ਤੋਂ ਵੱਧ ਨੁਕਸਾਨ ਆਮ ਆਦਮੀ ਪਾਰਟੀ ਨੂੰ ਕਰੇਗਾ। ਅਜਿਹੇ ਹਾਲਾਤਾਂ ਵਿੱਚ ਵੀ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਬਲਵੀਰ ਸਿੰਘ ਰਾਜੇਵਾਲ ਨੂੰ ਨਿਸ਼ਾਨੇ ’ਤੇ ਲੈਣਾ ਸਿਆਸੀ ਸਿਆਣਪ ਨਹੀਂ ਕਿਹਾ ਜਾ ਸਕਦਾ। ਇਹ ਵੀ ਚਰਚਾ ਹੈ ਕਿ ਚੰਡੀਗੜ ਚੋਣਾਂ ਦੇ ਨਤੀਜੇ ਤੋਂ ਪਹਿਲਾਂ ‘ਆਪ’ ਹਾਈਕਮਾਂਡ ਕਿਸਾਨ ਜਥੇਬੰਦੀਆਂ ਨਾਲ ਰਲਣ ਦੀ ਚਾਹਵਾਨ ਸੀ ਪ੍ਰੰਤੂ ਚੰਡੀਗੜ ਚੋਣ ਨਜੀਤਿਆਂ ਨੇ ‘ਆਪ’ ਹਾਈਕਮਾਂਡ ਦੇ ਮਨ ਵਿੱਚ ਸਿਆਸੀ ਗ਼ਰੂਰ ਭਰ ਦਿੱਤਾ ਜਿਸ ਤੋਂ ਬਾਅਦ ‘ਆਪ’ ਨੇ ਪੰਜਾਬ ਵਿਧਾਨ ਸਭਾ ਚੋਣਾਂ ਲਈ ਆਪਣੇ ਉਮੀਦਵਾਰਾਂ ਦੀਆਂ ਲਿਸਟਾਂ ਧੜਾ-ਧੜ ਜਾਰੀ ਕੀਤੀਆਂ ਅਤੇ ਇਨਾਂ ਲਿਸਟਾਂ ਨੇ ਸੰਯੁਕਤ ਸਮਾਜ ਮੋਰਚਾ ਨਾਲ ਗੱਲਬਾਤ ਦਾ ਰਾਹ ਬੰਦ ਕਰ ਦਿੱਤਾ ਸੀ, ਸਿੱਟਾ ਇਹ ਨਿੱਕਲਿਆ ਕਿ ਕੇਜਰੀਵਾਲ ਅਤੇ ਰਾਜੇਵਾਲ ਪੰਜਾਬ ਵਿਧਾਨ ਸਭਾ ਚੋਣਾਂ ਲਈ ਇੱਕ ਦੂਜੇ ਨੂੰ ਨੀਵਾਂ ਦਿਖਾਉਣ ਦੀ ਨੀਤੀ ਉੱਪਰ ਚੱਲ ਪਏ, ਜਿਵੇਂ ਕਿ ਰਿਵਾਇਤੀ ਪਾਰਟੀਆਂ ਚਾਹੁੰਦੀਆਂ ਹਨ।








