ਬਰਨਾਲਾ, 25 ਜਨਵਰੀ (ਅਵਤਾਰ ਸਿੰਘ ਜੱਸਲ) : ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਜ਼ਿਲ੍ਹਾ ਬਰਨਾਲਾ ਵੱਲੋਂ ਦਰਸ਼ਨ ਸਿੰਘ ਉੱਗੋਕੇ ਦੀ ਅਗਵਾਈ ਹੇਠ ਪਿਛਲੇ ਦਿਨਾਂ ਵਿੱਚ ਭਾਰੀ ਮੀਂਹ ਕਾਰਨ ਖਰਾਬ ਹੋਈ ਕਣਕ, ਆਲੂਆਂ ਦੀ ਫ਼ਸਲ ਅਤੇ ਕਿਸਾਨ ਅੰਦੋਲਨ ਦੌਰਾਨ ਰਹਿੰਦੇ ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜੇ ਦੇ ਚੈੱਕ ਲੈਣ ਲਈ ਡੀਸੀ ਦਫਤਰਦੇ ਗੇਟ ਬੰਦ ਕਰਕੇ ਬਾਹਰ ਧਰਨਾ ਦਿੱਤਾ ਗਿਆ। ਇਸ ਸਮੇਂ ਜਥੇਬੰਦੀ ਦੇ ਸੂਬਾ ਪੈ੍ਸ ਸਕੱਤਰ ਬਲਵੰਤ ਸਿੰਘ ਉੱਪਲੀ ਨੇ ਕਿਹਾ ਕਿ ਇੱਕ ਪਾਸੇ ਭਾਰੀ ਬਾਰਿਸ਼ ਨੇ ਕਿਸਾਨਾਂ ਦੀਆਂ ਫ਼ਸਲਾਂ ਬਰਬਾਦ ਕਰ ਦਿੱਤੀਆਂ ਹਨ, ਦੂਜੇ ਪਾਸੇ ਜ਼ਿਲਾ ਪ੍ਰਸਾਸ਼ਨ ਆਨਾਕਾਨੀ ਕਰ ਰਿਹਾ ਹੈ। ਜਿਸਦੇ ਸਿੱਟੇ ਵਜੋਂ ਜਥੇਬੰਦੀ ਨੂੰ ਮਜ਼ਬੂਰੀ ਵੱਸ ਘੂਕ ਸੁੱਤੇ ਪਏ ਪ੍ਰਸਾਸ਼ਨ ਨੂੰ ਜਗਾਉਣ ਲਈ ਧਰਨਾ ਲਾਉਣ ਵਾਸਤੇ ਮਜਬੂਰ ਹੋਣਾ ਪਿਆ ਹੈ। ਧਰਨੇ ਦੌਰਾਨ ਡਿਪਟੀ ਕਮਿਸ਼ਨਰ ਕੁਮਾਰ ਸੌਰਭ ਰਾਜ ਖ਼ੁਦ ਧਰਨੇ ’ਚ ਚੱਲ ਆਏ ਅਤੇ ਕਿਸਾਨਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਸਮੱਸਿਆਵਾਂ ਦਾ ਜਲਦ ਹੱਲ ਕਰਨ ਦਾ ਭਰੋਸਾ ਦਿੱਤਾ। ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਤਿੰਨ ਦਿਨਾਂ ਦੇ ਅੰਦਰ ਅੰਦਰ ਗਿਰਦਾਵਰੀ ਕਰਵਾ ਕੇ ਬਣਦਾ ਮੁਆਵਜ਼ਾ ਦਿੱਤਾ ਜਾਵੇ, ਨਹੀਂ ਤਾਂ ਜਥੇਬੰਦੀ ਤਿੱਖਾ ਸੰਘਰਸ਼ ਕਰੇਗੀ।









