ਬਰਨਾਲਾ, 13 ਮਾਰਚ (ਨਿਰਮਲ ਸਿੰਘ ਪੰਡੋਰੀ) : ਉੱਘੇ ਧਰਮ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਬੰਪਰ ਜਿੱਤ ਤੋਂ ਬਾਅਦ ਭਾਵਪੂਰਤ ਟਿੱਪਣੀ ਕਰਦੇ ਹੋਏ ਵੱਡੀ ਭਵਿੱਖਬਾਣੀ ਕੀਤੀ ਹੈ। ਭਾਈ ਢੱਡਰੀਆਂ ਵਾਲੇ ਨੇ ਕਿਸੇ ਸਿਆਸੀ ਪਾਰਟੀ ਦਾ ਨਾਮ ਲਏ ਬਗੈਰ ਕਿਹਾ ਕਿ ‘ਜਿਸ ਤਰਾਂ ਸੂਬੇ ਦੇ ਲੋਕਾਂ ਨੇ ਇਨਾਂ ਨੂੰ ਸੱਤਾ ਤੋਂ ਬਾਹਰ ਕੀਤਾ ਹੈ ਉਸੇ ਤਰਾਂ ਹੁਣ ਇਨਾਂ ਕੋਲੋ ਸ਼ੋ੍ਮਣੀ ਕਮੇਟੀ ਵੀ ਖ਼ੁੱਸ ਜਾਵੇਗੀ’। ਸਿਆਸੀ ਮਾਹਿਰਾਂ ਅਨੁਸਾਰ ਭਾਈ ਢੱਡਰੀਆਂ ਵਾਲੇ ਦੀ ਟਿੱਪਣੀ ਉਨਾਂ ਦੀ ਸੰਪਰਦਾ ਵੱਲੋਂ ਵਿਧਾਨ ਸਭਾ ਚੋਣਾਂ ਵਿੱਚ ਨਿਭਾਏ ਗਏ ਰੋਲ ਵੱਲ ਵੀ ਸੰਕੇਤ ਕਰਦੀ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਹਰਪ੍ਰੀਤ ਸਿੰਘ ਵੱਲੋਂ ਚੋਣਾਂ ’ਚ ਸ਼੍ਰੋਮਣੀ ਅਕਾਲੀ ਦਲ ਦੀ ਹਾਰ ਤੋਂ ਬਾਅਦ ਪੰਥ ਨੂੰ ਖ਼ਤਰੇ ਸੰਬੰਧੀ ਦਿੱਤੇ ਬਿਆਨ ਉੱਪਰ ਭਾਈ ਢੱਡਰੀਆਂ ਵਾਲੇ ਨੇ ਕਿਹਾ ਕਿ ‘ਜਥੇਦਾਰ ਆਪਣੀ ਕੁਰਸੀ ਬਚਾਉਣ ਖ਼ਾਤਰ ਆਪਣੇ ਆਕਾ ਦੀ ਖ਼ੁਸਾਮਦ ਕਰ ਰਹੇ ਹਨ’। ਉਨਾਂ ਕਿਹਾ ਕਿ ਜਥੇਦਾਰ ਵਿਦੇਸ਼ਾਂ ਦੇ ਟੂਰ ਜ਼ਾਰੀ ਰੱਖਣਾ ਚਾਹੁੰਦੇ ਹਨ, ਜਿੱਥੋ ਉਹ ਨੋਟਾਂ ਦੀਆਂ ਜੇਬਾਂ ਭਰ ਕੇ ਲਿਆਉਦੇ ਹਨ। ਵਿਧਾਨ ਸਭਾ ਚੋਣਾਂ ਦੇ ਨਤੀਜ਼ੇ ਸੰਬੰਧੀ ਜੰਨਤਕ ਤੌਰ ’ਤੇ ਭਾਈ ਢੱਡਰੀਆਂ ਵਾਲੇ ਵੱਲੋਂ ਕੀਤੀਆਂ ਟਿੱਪਣੀਆਂ ਨੂੰ ਰਾਜਨੀਤਕ ਖ਼ੇਤਰ ਵਿੱਚ ਹੈਰਾਨੀ ਨਾਲ ਦੇਖਿਆ ਜਾ ਰਿਹਾ ਹੈ।








