Skip to main content

Gee 98News

ਐਸਜੀਪੀਸੀ ਮੈਂਬਰ ਨੇ ਲਿਆ ਮੁੱਖ ਮੰਤਰੀ ਦਾ ਪੱਖ ਤਾਂ ਕੀਤਾ ਪਾਰਟੀ ’ਚੋਂ ਬਾਹਰ

-ਮੁੱਖ ਮੰਤਰੀ ਭਗਵੰਤ ਮਾਨ ’ਤੇ ਲੱਗੇ ਸ਼ਰਾਬ ਦੇ ਦੋਸ਼ਾਂ ਨੇ ਲਈ ਜਥੇਦਾਰ ਬਲਦੇਵ ਸਿੰਘ ਚੂੰਘਾਂ ਦੀ ਸਿਆਸੀ ਬਲੀ
ਬਰਨਾਲਾ, 18 ਅਪ੍ਰੈਲ (ਨਿਰਮਲ ਸਿੰਘ ਪੰਡੋਰੀ ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਤੇ ਅਕਾਲੀ ਆਗੂ ਬਲਦੇਵ ਸਿੰਘ ਚੂੁੰਘਾਂ ਨੂੰ ਪਾਰਟੀ ਗਤੀਵਿਧੀਆਂ ਵਿਰੋਧੀ ਦੋਸ਼ਾਂ ਕਾਰਨ 6 ਸਾਲ ਲਈ ਪਾਰਟੀ ’ਚੋਂ ਕੱਢ ਦਿੱਤਾ ਗਿਆ ਹੈ। ਇਹ ਜਾਣਕਾਰੀ ਜ਼ਿਲ੍ਹਾ ਪ੍ਰਧਾਨ ਸੰਤ ਟੇਕ ਸਿੰਘ ਧਨੌਲਾ, ਐਸਜੀਪੀਸੀ ਮੈਂਬਰ ਪਰਮਜੀਤ ਸਿੰਘ ਖਾਲਸਾ ਤੇ ਸਤਨਾਮ ਸਿੰਘ ਰਾਹੀ ਨੇ ਦਿੱਤੀ। ਦੱਸਣਯੋਗ ਹੈ ਕਿ ਬਲਦੇਵ ਸਿੰਘ ਚੂੰਘਾਂ ਨੇ ਵਿਧਾਨ ਸਭਾ ਚੋਣਾਂ ’ਚ ਪਾਰਟੀ ਦੀ ਮਾੜੀ ਕਾਰਜਗੁਜਾਰੀ ਲਈ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀਆਂ ਨੀਤੀਆਂ ਅਤੇ ਤਾਨਾਸ਼ਾਹੀ ਵਤੀਰੇ ਨੂੰ ਜ਼ਿਮੇਵਾਰ ਦੱਸਦੇ ਹੋਏ ਪ੍ਰਧਾਨਗੀ ਆਹੁਦੇ ਤੋਂ ਅਸਤੀਫੇ ਦੀ ਮੰਗ ਕੀਤੀ ਸੀ। ਜਥੇਦਾਰ ਚੁੂੰਘਾਂ ਨੇ ਪਾਰਟੀ ਪ੍ਰਧਾਨ ਸ. ਬਾਦਲ ਉੱਪਰ ਇਹ ਦੋਸ਼ ਇੱਕ ਪ੍ਰੈਸ ਕਾਨਫਰੰਸ ਦੌਰਾਨ ਲਗਾਏ ਸਨ, ਪ੍ਰੰਤੂ ਹੁਣ ਇੱਕ ਵਾਰ ਫਿਰ ਜਥੇਦਾਰ ਚੂੰਘਾਂ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਚੈਲਿੰਜ ਕੀਤਾ ਹੈ। ਸੁਖਬੀਰ ਸਿੰਘ ਬਾਦਲ ਨੇ ਵਿਸਾਖੀ ਵਾਲੇ ਦਿਨ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਉੱਪਰ ਸ਼ਰਾਬ ਪੀ ਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਨਤਮਸਤਕ ਹੋਣ ਦੇ ਦੋਸ਼ ਲਗਾਏ ਸਨ। ਦੂਜੇ ਪਾਸੇ ਬਲਦੇਵ ਸਿੰਘ ਚੂੰਘਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਪੱਖ ਲੈਂਦੇ ਹੋਏ ਸੁਖਬੀਰ ਸਿੰਘ ਬਾਦਲ ਦੇ ਉਕਤ ਦੋਸ਼ਾਂ ਨੂੰ ਰੱਦ ਕਰਦੇ ਹੋਏ ਕਿਹਾ ਕਿ ‘‘ਉਹ ਮੁੱਖ ਮੰਤਰੀ ਨੂੰ ਸਨਮਾਨ ਦੇਣ ਸਮੇਂ ਬਿਲਕੁਲ ਨਾਲ ਸਨ, ਜਿਸ ਅਧਾਰ ’ਤੇ ਉਹ ਦਾਅਵੇ ਨਾਲ ਕਹਿੰਦੇ ਹਨ ਕਿ ਭਗਵੰਤ ਮਾਨ ਨੇ ਸ਼ਰਾਬ ਨਹੀਂ ਪੀਤੀ ਹੋਈ ਸੀ’’। ਇੱਕ ਸ਼੍ਰੋਮਣੀ ਕਮੇਟੀ ਮੈਂਬਰ ਵੱਲੋਂ ਪਾਰਟੀ ਪ੍ਰਧਾਨ ਦੇ ਮੁੱਖ ਮੰਤਰੀ ਉਪਰ ਲਗਾਏ ਵੱਡੇ ਦੋਸ਼ਾਂ ਨੂੰ ਰੱਦ ਕਰਨ ਨਾਲ ਸ਼੍ਰੋਮਣੀ ਅਕਾਲੀ ਦਲ ਤੇ ਸੁਖਬੀਰ ਸਿੰਘ ਬਾਦਲ ਨੂੰ ਨਾਮੋਸ਼ੀ ਦਾ ਸਾਹਮਣਾ ਕਰਨਾ ਪਿਆ। ਜਿਸ ਤੋਂ ਬਾਅਦ ਪਾਰਟੀ ਨੇ ਚੂੰਘਾਂ ਨੂੰ 6 ਸਾਲਾਂ ਲਈ ਬਾਹਰ ਦਾ ਰਸਤਾ ਦਿਖਾ ਦਿੱਤਾ। ਰਾਜਨੀਤਿਕ ਹਲਕਿਆਂ ਵਿੱਚ ਬਲਦੇਵ ਸਿੰਘ ਚੂੰਘਾਂ ਖ਼ਿਲਾਫ਼ ਅਕਾਲੀ ਦਲ ਦੀ ਕਾਰਵਾਈ ਦੇ ਸਮੇਂ ਉੱਪਰ ਸਵਾਲ ਉੱਠ ਰਹੇ ਹਨ ਕਿ ਜਦੋਂ ਚੂੰਘਾਂ ਨੇ ਪਾਰਟੀ ਪ੍ਰਧਾਨ ਖ਼ਿਲਾਫ਼ ਪ੍ਰੈਸ ਕਾਨਫਰੰਸ ਕੀਤੀ ਸੀ ਤਾਂ ਉਸ ਵੇਲੇ ਅਨੁਸਾਸ਼ਨੀ ਕਾਰਵਾਈ ਕਿਉ ਨਹੀਂ ਕੀਤੀ ਗਈ, ਹੁਣ ਜਦੋਂ ਚੂੰਘਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਪੱਖ ਲਿਆ ਤਾਂ ਤੁਰੰਤ ਇਹ ਕਾਰਵਾਈ ਕੀਤੀ ਗਈ। ਜਦ ਕਿ ਸੁਖਬੀਰ ਸਿੰਘ ਬਾਦਲ ਵਿਸਾਖੀ ਵਾਲੇ ਦਿਨ ਭਗਵੰਤ ਮਾਨ ਤੋਂ ਕੋਹਾਂ ਦੂਰ ਬੈਠੇ ਦੋਸ਼ ਲਗਾ ਰਹੇ ਹਨ ਪ੍ਰੰਤੂ ਬਲਦੇਵ ਸਿੰਘ ਚੂੰਘਾਂ ਵਿਸਾਖੀ ਵਾਲੇ ਦਿਨ ਭਗਵੰਤ ਮਾਨ ਦੇ ਨਾਲ ਸਨ। ਉਝ ਭਾਵੇਂ ਪਾਰਟੀ ਆਗੂ ਚੂੰਘਾਂ ਖਿਲਾਫ਼ ਕੀਤੀ ਕਾਰਵਾਈ ਦਾ ਕਾਰਨ ਪਾਰਟੀ ਵਿਰੋਧੀ ਗਤੀਵਿਧੀਆਂ ਦੱਸ ਰਹੇ ਹਨ ਪ੍ਰੰਤੂ ਸਚਾਈ ਇਹੋ ਹੈ ਕਿ ਬਲਦੇਵ ਸਿੰਘ ਚੂੰਘਾਂ ਖ਼ਿਲਾਫ਼ ਕਾਰਵਾਈ ‘‘ਭਗਵੰਤ ਸਿੰਘ ਮਾਨ ਬਨਾਮ ਸੁਖਬੀਰ ਸਿੰੰਘ ਬਾਦਲ’’ ਮਾਮਲੇ ਕਰਕੇ ਹੀ ਹੋਈ ਹੈ।

Gee98 Ads
error: Content is protected !!