-ਸ਼ਹਿਣਾ ਦੇ ਸਰਕਾਰੀ ਸਕੂਲ ’ਚ ਲਿਆ ਦਸਵੀਂ ਜਮਾਤ ’ਚ ਦਾਖਲਾ
ਬਰਨਾਲਾ, 22 ਅਪ੍ਰੈਲ (ਨਿਰਮਲ ਸਿੰਘ ਪੰਡੋਰੀ) : ਇੱਕ ਪਾਸੇ ਪੰਜਾਬ ਦਾ ਵਿਦਿਆਰਥੀ ਵਰਗ ਪੜਾਈ ਲਈ ਵਿਦੇਸ਼ ਉਡਾਰੀਆਂ ਮਾਰ ਰਿਹਾ ਹੈ, ਪ੍ਰੰਤੂ ਇਧਰ ਬਰਨਾਲਾ ’ਚ ਸਿੱਖਿਆ ਵਿਭਾਗ ਨਾਲ ਜੁੜੀ ਇੱਕ ਅਹਿਮ ਜਾਣਕਾਰੀ ਨੇ ਵਿਭਾਗ ਦਾ ਨਾਮ ਚਮਕਾਇਆ ਹੈ। ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਦਾ ਦਾਖਲਾ ਕਰਵਾਉਣ ਲਈ ਸਿੱਖਿਆ ਵਿਭਾਗ ਵੱਲੋਂ ਸ਼ੁਰੂ ਕੀਤੀ ਵਿਸ਼ੇਸ਼ ਮੁਹਿੰਮ ਦੇ ਯਤਨਾਂ ਸਦਕਾ ਜ਼ਿਲ੍ਹੇ ਦੇ ਕਸਬਾ ਸ਼ਹਿਣਾ ਤੋਂ ਇੱਕ ਚੰਗੀ ਖ਼ਬਰ ਸਾਹਮਣੇ ਆਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਸਿੱਖਿਆ ਅਫ਼ਸਰ ਸਰਬਜੀਤ ਸਿੰਘ ਤੂਰ ਨੇ ਦੱਸਿਆ ਕਿ ਹਾਂਗਕਾਂਗ ਤੋਂ ਪੰਜਾਬ ਆਏ ਇੱਕ ਵਿਦਿਆਰਥੀ ਦਿਲਸ਼ਾਨ ਸਿੰਘ ਨੇ ਸਰਕਾਰੀ ਸੀਨੀਅਰ ਸੰਕੈਕਰੀ ਸਕੂਲ ਸ਼ਹਿਣਾ ਵਿਖੇ ਦਸਵੀਂ ਜਮਾਤ ਵਿੱਚ ਦਾਖਲਾ ਲਿਆ ਹੈ, ਜੋ ਸਰਕਾਰੀ ਸਕੂਲਾਂ ਦੀ ਬਦਲੀ ਹੋਈ ਨੁਹਾਰ ਪ੍ਰਤੀ ਮਾਪਿਆਂ ਤੇ ਵਿਦਿਆਰਥੀਆਂ ਦੇ ਭਰੋਸੇ ਦੀ ਵੱਡੀ ਮਿਸਾਲ ਹੈ। ਸਿੱਖਿਆ ਵਿਭਾਗ ਵੱਲੋਂ ਸ਼ੁੱਕਰਵਾਰ ਨੂੰ ਬਰਨਾਲਾ ਵਿਖੇ ਕਰਵਾਏ ਇੱਕ ਸਮਾਗਮ ਵਿੱਚ ਦਿਲਸ਼ਾਨ ਸਿੰਘ ਨੂੰ ਵਿਭਾਗ ਨੇ ਉੱਚੇਚੇ ਤੌਰ ’ਤੇ ਬੁਲਾਇਆ। ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ ’ਤੇ ਪੁੱਜੇ ਡਿਪਟੀ ਕਮਿਸ਼ਨਰ ਸ੍ਰੀ ਹਰੀਸ ਨਾਇਰ ਅਤੇ ਐਸਡੀਐਮ ਵਰਜੀਤ ਵਾਲੀਆ ਨੇ ਦਿਲਸ਼ਾਨ ਸਿੰਘ ਦੇ ਫ਼ੈਸਲੇ ਤੇ ਸੋਚ ਦੀ ਸਲਾਘਾਂ ਕਰਦੇ ਹੋਏ ਅਧਿਆਪਕਾਂ ਦੇ ਉੱਦਮ ਦੀ ਵੀ ਸਰਾਹਣਾ ਕੀਤੀ। ਜ਼ਿਕਰਯੋਗ ਹੈ ਕਿ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਸ਼ਹਿਣਾ ਪ੍ਰਿੰਸੀਪਲ ਇਕਬਾਲ ਕੌਰ ਉਦਾਸੀ ਦੀ ਅਗਵਾਈ ਹੇਠ ਪੜਾਈ ਤੇ ਹੋਰ ਸਹਾਇਕ ਗਤੀਵਿਧੀਆਂ/ਮੁਕਾਬਲਿਆਂ ’ਚ ਚੰਗਾ ਨਾਮਣਾ ਖੱਟ ਰਿਹਾ ਹੈ।







