ਖ਼ੁਦਕੁਸ਼ੀ ਨੋਟ ’ਚ ਲਿਖਿਆ ਦੋ ਮਹਿਲਾ ਅਧਿਆਪਕਾਂ ਦਾ ਨਾਮ, ਪੁਲਿਸ ਨੇ ਕੀਤਾ ਮਾਮਲਾ ਦਰਜ
ਚੰਡੀਗੜ , 04 ਮਈ (ਨਿਰਮਲ ਸਿੰਘ ਪੰਡੋਰੀ ) –
ਕਪੂਰਥਲਾ ਜ਼ਿਲ੍ਹੇ ਦੇ ਥਾਣਾ ਬੇਗੋਵਾਲ ਅਧੀਨ ਪੈਦੇ ਪਿੰਡ ਭਗਵਾਪੁਰੀਆ ਦੀ ਰਹਿਣ ਵਾਲੀ ਇੱਕ ਅਧਿਆਪਕਾ ਨੇ ਆਪਣੀਆਂ ਸਾਥੀ ਮਹਿਲਾ ਅਧਿਆਪਕਾਵਾਂ ਤੋਂ ਤੰਗ ਆ ਕੇ ਆਤਮਹੱਤਿਆ ਕਰ ਲਈ। ਪੁਲਿਸ ਨੇ ਮਿ੍ਰਤਕਾ ਦੇ ਪਤੀ ਦੇ ਬਿਆਨਾ ਦੇ ਅਧਾਰ ’ਤੇ 2 ਮਹਿਲਾ ਅਧਿਆਪਕਾਂ ਰਵਨੀਤ ਕੌਰ ਤੇ ਮਨਪ੍ਰੀਤ ਕੌਰ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਮਿ੍ਤਕ ਅਧਿਆਪਕਾ ਨਮਰਤਾ ਸ਼ਰਮਾ ਦੇ ਪਤੀ ਵਿਸ਼ਾਲ ਬਜਾਜ ਵੱਲੋਂ ਪੁਲਿਸ ਨੂੰ ਦਿੱਤੀ ਜਾਣਕਾਰੀ ਅਨੁਸਾਰ ਲੰਘੀ 2 ਮਈ ਨੂੰ ਨਮਰਤਾ ਸ਼ਰਮਾ ਸਵੇਰੇ ਸਕੂਲ ਗਈ ਅਤੇ ਦੁਪਹਿਰ ਬਾਅਦ ਘਰ ਵਾਪਸ ਆ ਗਈ, ਘਰ ਆ ਕੇ ਉਸ ਨੇ ਦੱਸਿਆ ਕਿ ਸਕੂਲ ਵਿੱਚ ਰਵਨੀਤ ਕੌਰ ਤੇ ਮਨਪ੍ਰੀਤ ਕੌਰ ਨੇ ਸਕੂਲ ਦੇਰੀ ਨਾਲ ਪਹੁੰਚਣ ’ਤੇ ਉਸਦੀ ਬੇਇੱਜ਼ਤੀ ਕੀਤੀ ਅਤੇ ਬੁਰਾ ਭਲਾ ਬੋਲਿਆ। ਵਿਸ਼ਾਲ ਬਜਾਜ ਅਨੁਸਾਰ ਰਾਤ ਕਰੀਬ 10 ਕੁ ਵਜੇ ਖਾਣਾ ਖਾਣ ਤੋਂ ਬਾਅਦ ਉਹ ਆਪਣੇ ਬੇਟੇ ਸਮੇਤ ਇੱਕ ਕਮਰੇ ਵਿੱਚ ਬੈਠਾ ਸੀ ਤਾਂ ਨਮਰਤਾ ਸ਼ਰਮਾ ਨੇ ਉਨਾਂ ਦੇ ਕਮਰੇ ਦਾ ਬਾਹਰੋ ਦਰਵਾਜ਼ਾ ਬੰਦ ਕਰ ਦਿੱਤਾ। ਕਾਫੀ ਰੌਲਾ ਪਾਉਣ ਤੋਂ ਬਾਅਦ ਵੀ ਜਦ ਨਮਰਤਾ ਸ਼ਰਮਾ ਨੇ ਬਾਹਰੋ ਦਰਵਾਜ਼ਾ ਨਾ ਖੋਲਿਆ ਤਾਂ ਵਿਸ਼ਾਲ ਬਜਾਜ ਨੇ ਫੋਨ ਕਰਕੇ ਆਪਣੀ ਮਾਤਾ ਨੂੰ ਬੁਲਾਇਆ ਅਤੇ ਮੌਕੇ ’ਤੇ ਹੀ ਉਸ ਦਾ ਭਰਾ ਦੀਪਕ ਬਜਾਜ ਵੀ ਆ ਗਿਆ ਜਿਨਾਂ ਨੇ ਵਿਸ਼ਾਲ ਦੇ ਕਮਰੇ ਦਾ ਦਰਵਾਜ਼ਾ ਖੋਲਿਆ ਜਦ ਦੂਜੇ ਕਮਰੇ ਵਿੱਚ ਦੇਖਿਆ ਤਾਂ ਨਮਰਤਾ ਲਟਕ ਰਹੀ ਸੀ ਜਿਸ ਨੂੰ ਉਤਾਰ ਕੇ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਮਿ੍ਤਕ ਕਰਾਰ ਦੇ ਦਿੱਤਾ। ਆਤਮਹੱਤਿਆ ਕਰਨ ਤੋਂ ਪਹਿਲਾਂ ਨਮਰਤਾ ਸ਼ਰਮਾ ਨੇ ਕਮਰੇ ਦੀ ਕੰਧ ਅਤੇ ਅਲਮਾਰੀ ਦੇ ਦਰਵਾਜ਼ੇ ’ਤੇ ਲਿਪਸਟਿਕ ਨਾਲ ਸੂਸਾਈਡ ਨੋਟ ਵਿੱਚ ਆਪਣੀਆਂ ਸਾਥੀ ਅਧਿਆਪਕਾਵਾਂ ਨੂੰ ਆਪਣੀ ਮੌਤ ਦਾ ਜ਼ਿੰਮੇਵਾਰ ਦੱਸਦੇ ਹੋਏ ਉਨਾਂ ਨੂੰ ਮਾਫ਼ ਨਾ ਕਰਨ ਸੰਬੰਧੀ ਵੀ ਲਿਖਿਆ।






