Skip to main content

Gee 98News

ਮੇਮਣਾ ਖਰੀਦਣ ਆਏ ਲੁਟੇਰੇ ਮੋਮੋ ਠੱਗਣੀਆਂ ਮਾਰ ਕੇ ਬੱਕਰੀਆਂ ਵਾਲੇ ਨੂੰ ਲੁੱਟ ਕੇ ਲੈ ਗਏ

ਬਰਨਾਲਾ, 03 ਮਈ (ਨਿਰਮਲ ਸਿੰਘ ਪੰਡੋਰੀ) :

ਬਰਨਾਲਾ ਜ਼ਿਲ੍ਹੇ ਦੇ ਪਿੰਡ ਜੋਧਪੁਰ ਦੇ ਵਸਨੀਕ ਇੱਕ ਬੱਕਰੀਆਂ ਚਾਰਨ ਵਾਲੇ ਸ਼ੇਰ ਸਿੰਘ ਨਾਲ ਵਾਪਰੀ ਘਟਨਾ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਬਰਨਾਲੇ ਦੀਆਂ ਬੱਕਰੀਆਂ ਮਸ਼ਹੂਰ ਕੀਤੀਆਂ ਸਨ ਪ੍ਰੰਤੂ ਇਸ ਵਾਰ ਇਨ੍ਹਾਂ ਬੱਕਰੀਆਂ ਦੀ ਚਰਚਾ ਦਾ ਦੁਖਦ ਪਹਿਲੂ ਇਹ ਹੈ ਕਿ ਬਾਹਰ ਖੇਤਾਂ ਵਿੱਚ ਆਪਣੀਆਂ ਬੱਕਰੀਆਂ ਦਾ ਢਿੱਡ ਭਰਨ ਗਏ ਇੱਕ ਆਜੜੀ ਨੂੰ ਲੁਟੇਰਿਆਂ ਨੇ ਮੋਮੋ ਠੱਗਣੀਆਂ ਮਾਰ ਕੇ ਲੁੱਟ ਲਿਆ। ਘਟਨਾ ਦਾ ਵੇਰਵਾ ਦਿੰਦੇ ਹੋਏ ਸ਼ੇਰ ਸਿੰਘ ਨੇ ਦੱਸਿਆ ਕਿ ਉਹ ਪਿੰਡ ਜੋਧਪੁਰ ਦੇ ਖੇਤਾਂ ’ਚ ਆਪਣੀਆਂ ਬੱਕਰੀਆਂ ਚਾਰ ਰਿਹਾ ਸੀ, ਦੋ ਨੌਜਵਾਨ ਮੋਟਰਸਾਈਕਲ ’ਤੇ ਉਸ ਦੇ ਕੋਲ ਆਏ ਅਤੇ ਮੇਮਣਾ ਖਰੀਦਣ ਸੰਬੰਧੀ ਗੱਲ ਕਰਨ ਲੱਗੇ। ਸ਼ੇਰ ਸਿੰਘ ਨੇ ਉਨ੍ਹਾਂ ਨੌਜਵਾਨਾਂ ਨੂੰ ਕਿਹਾ ਕਿ ਮੇਮਣਾ ਖਰੀਦਣ ਲਈ ਘਰ ਆ ਜਾਇਓ , ਜਿਸ ਤੋਂ ਬਾਅਦ ਦੋਨੇ ਨੌਜਵਾਨਾਂ ਨੇ ਸ਼ੇਰ ਸਿੰਘ ਨੂੰ ਕਿਹਾ ਕਿ ‘‘ਤੂੰ ਸਾਨੂੰ ਕੋਈ ਕਾਗਜ਼ ਦਾ ਟੁਕੜਾ ਦੇ, ਅਸੀਂ ਤੈਨੂੰ ਆਪਣਾ ਮੋਬਾਇਲ ਨੰਬਰ ਲਿਖ ਕੇ ਦਿੰਨੇ ਆਂ, ਤੂੰ ਸਾਨੂੰ ਫੋਨ ਕਰ ਦੇਵੀ.. ਅਸੀਂ ਘਰ ਆ ਜਾਵਾਂਗੇ’’। ਸ਼ੇਰ ਸਿੰਘ ਨੇ ਆਪਣੀ ਜ਼ੇਬ ’ਚੋਂ ਬਟੂਆ ਕੱਢਿਆ ਤੇ ਉਨ੍ਹਾਂ ਨੂੰ ਕਾਗਜ਼ ਦਾ ਟੁਕੜਾ ਦੇ ਦਿੱਤਾ। ਨੌਜਵਾਨਾਂ ਨੇ ਲਿਖਣ ਲਈ ਕਾਗਜ਼ ਹੇਠਾਂ ਰੱਖਣ ਲਈ ਸ਼ੇਰ ਸਿੰਘ ਤੋਂ ਬਟੂਆ ਵੀ ਮੰਗ ਲਿਆ, ਜਦ ਸ਼ੇਰ ਸਿੰਘ ਨੇ ਆਪਣਾ ਬਟੂਆ ਲੁਟੇਰੇ ਨੌਜਵਾਨਾਂ ਨੂੰ ਦਿੱਤਾ ਤਾਂ ਉਹ ਸ਼ੇਰ ਸਿੰਘ ਦਾ ਬਟੂਆ ਲੈ ਕੇ ਮੋਟਰਸਾਈਕਲ ’ਤੇ ਰਫੂ ਚੱਕਰ ਹੋ ਗਏ। ਜਿਸ ਵਿੱਚ ਕਰੀਬ 13 ਹਜ਼ਾਰ ਰੁਪਏ ਅਤੇ ਪੈਨਕਾਰਡ, ਆਧਾਰ ਕਾਰਡ ਵੀ ਸੀ। ਸ਼ੇਰ ਸਿੰਘ ਨੇ ਆਪਣੇ ਨਾਲ ਹੋਈ ਲੁੱਟ ਦੀ ਘਟਨਾ ਸੰਬੰਧੀ ਪੁਲਿਸ ਕੋਲ ਰਿਪੋਰਟ ਦਰਜ ਕਰਵਾ ਦਿੱਤੀ ਹੈ। ਪੁਲਿਸ ਲੁਟੇਰਿਆਂ ਦੀ ਭਾਲ ਕਰ ਰਹੀ ਹੈ।

error: Content is protected !!