Gee 98News

ਸਾਬਕਾ ਫੌਜੀਆਂ ਨੇ ਕੈਬਨਿਟ ਮੰਤਰੀ ਮੀਤ ਹੇਅਰ ਦੀ ਕੋਠੀ ਸਾਹਮਣੇ ਦਿੱਤਾ ਧਰਨਾ

-ਜੀਓਜੀ ਦੀਆਂ ਸੇਵਾਵਾਂ ਬਹਾਲ ਕਰਨ ਦੀ ਮੰਗ, ਤਿੱਖੇ ਸੰਘਰਸ਼ ਦੀ ਚਿਤਾਵਨੀ

ਬਰਨਾਲਾ, 16 ਸਤੰਬਰ (ਨਿਰਮਲ ਸਿੰਘ ਪੰਡੋਰੀ) :

ਭਗਵੰਤ ਮਾਨ ਸਰਕਾਰ ਵੱਲੋਂ ਨੌਕਰੀ ਤੋਂ ਹਟਾਏ ਜਾਣ ਤੋਂ ਬਾਅਦ ਖੁਸ਼ਹਾਲੀ ਦੇ ਰਾਖਿਆਂ (ਜੀਓਜੀ) ਨੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਕੋਠੀ ਸਾਹਮਣੇ ਧਰਨਾ ਲਗਾ ਕੇ ਸਰਕਾਰ ਖਿਲਾਫ਼ ਜੰਮ ਕੇ ਨਆਰੇਬਾਜ਼ੀ ਕੀਤੀ। ਸੂਬੇ ਦੇ ਵੱਖ-ਵੱਖ ਜ਼ਿਲਿਆਂ ਤੋਂ ਇੱਥੇ ਪੁੱਜੇ ਸਾਬਕਾ ਫੌਜੀਆਂ ਨੇ ਪਹਿਲਾਂ ਕਚਿਹਰੀ ਚੌਂਕ ਵਿੱਚ ਧਰਨਾ ਦਿੱਤਾ ਅਤੇ ਉਸ ਤੋਂ ਬਾਅਦ ਕਾਫ਼ਲੇ ਦੇ ਰੂਪ ਵਿੱਚ ਨਾਅਰੇ ਮਾਰਦੇ ਹੋਏ ਸਾਬਕਾ ਫੌਜੀ ਕੈਬਨਿਟ ਮੰਤਰੀ ਮੀਤ ਹੇਅਰ ਦੀ ਕੋਠੀ ਵੱਲ ਰਵਾਨਾ ਹੋਏ ਜਿੱਥੇ ਵੱਡੀ ਗਿਣਤੀ ਵਿੱਚ ਤਾਇਨਾਤ ਪੁਲਿਸ ਕਰਮਚਾਰੀਆ ਨੇ ਸਾਬਕਾ ਫੌਜੀਆਂ ਨੂੰ ਬੈਰੀਕੇਡ ਲਗਾ ਕੇ ਰੋਕ ਲਿਆ ਜਿਸ ਨਾਲ ਸਾਬਕਾ ਫੌਜੀਆਂ ਦਾ ਰੋਸ ਸੱਤਵੇਂ ਅਸਮਾਨ ’ਤੇ ਪੁੱਜਿਆ ਤੇ ਸਾਬਕਾ ਫੌਜੀਆਂ ਨੇ ਪਲਿਸ ਦੇ ਬੈਰੀਕੇਡ ਚੁੱਕ ਕੇ ਮੀਤ ਹੇਅਰ ਦੀ ਕੋਠੀ ਨੇੜੇ ਧਰਨਾ ਲਗਾ ਦਿੱਤਾ।

Gee98 Ads

ਇਸ ਮੌਕੇ ਗੱਲਬਾਤ ਕਰਦੇ ਹੋਏ ਵੱਖ-ਵੱਖ ਬੁਲਾਰਿਆਂ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਜੀਓਜੀ ਦੀਆਂ ਸੇਵਾਵਾਂ ਬਹਾਲ ਨਾ ਕੀਤੀਆਂ ਗਈਆਂ ਤਾਂ ਆਮ ਆਦਮੀ ਪਾਰਟੀ ਨੂੰ ਸਾਬਕਾ ਫੌਜੀਆਂ ਦੇ ਪਰਿਵਾਰਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪਵੇਗਾ। ਬੁਲਾਰਿਆਂ ਨੇ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਅਤੇ ਸਰਕਾਰ ਦੇ ਹੋਰ ਮੰਤਰੀਆਂ ਤੇ ਵਿਧਾਇਕਾਂ ਵੱਲੋਂ ਜੀਓਜੀ ਦੀਆਂ ਸੇਵਾਵਾਂ ਪ੍ਰਤੀ ਅੱਪਸ਼ਬਦ ਬੋਲਣ ਦਾ ਸਖ਼ਤ ਨੋਟਿਸ ਲੈਂਦੇ ਹੋਏ ਮੁਆਫੀ ਮੰਗਣ ਦੀ ਮੰਗ ਵੀ ਕੀਤੀ। ਇਸ ਮੌਕੇ ਜੀਓਜੀ ਤੇ ਸਾਬਕਾ ਫੌਜੀਆਂ ਦੀ ਜਥੇਬੰਦੀ ਦੇ ਬੁਲਾਰਿਆਂ ਨੇ ਸਰਕਾਰ ਨੂੰ ਸਖ਼ਤ ਤਾੜਨਾ ਕੀਤੀ ਕਿ ਜੀਓਜੀ ਦੀਆਂ ਸੇਵਾਵਾਂ ਬਹਾਲ ਕੀਤੀਆਂ ਜਾਣ ਅਤੇ ਬੋਲੇ ਗਏ ਅੱਪਸ਼ਬਦਾਂ ਲਈ ਮੁਆਫੀ ਮੰਗੀ ਜਾਵੇ ਨਹੀਂ ਤਾਂ ਚੰਡੀਗੜ ’ਚ ਲੱਖਾਂ ਫੌਜੀਆਂ ਦਾ ਇਕੱਠ ਕਰਕੇ ਸਰਕਾਰ ਨੂੰ ਘੇਰਿਆ ਜਾਵੇਗਾ ਅਤੇ ਹਿਮਾਚਲ ਪ੍ਰਦੇਸ਼ ਦੀਆਂ ਆਗਾਮੀ ਚੋਣਾਂ ਵਿੱਚ ਵੀ ਪੰਜਾਬ ਤੋਂ ਸਾਬਕਾ ਫੌਜੀਆਂ ਦੀਆਂ ਟੀਮਾਂ ਜਾ ਕੇ ਆਮ ਆਦਮੀ ਪਾਰਟੀ ਦਾ ਵਿਰੋਧ ਕਰਨਗੀਆਂ।

Gee98 Ads
error: Content is protected !!