ਬਰਨਾਲਾ, 18 ਅਕਤੂਬਰ (ਨਿਰਮਲ ਸਿੰਘ ਪੰਡੋਰੀ) :
ਕਾਂਗਰਸੀ ਤੋਂ ਭਾਜਪਾਈ ਬਣੇ ਸੁਨੀਲ ਜਾਖੜ ਨੇ ਆਪਣੇ ਸਾਥੀ ਸੁੰਦਰ ਸ਼ਾਮ ਅਰੋੜਾ ਦੇ ਬਚਾਅ ਵਿੱਚ ਬਿਆਨ ਦਿੱਤਾ ਹੈ। ਸ੍ਰੀ ਜਾਖੜ ਨੇ ਕਿਹਾ ਕਿ ਇਸ ਗੱਲ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਵਿਜੀਲੈਂਸ ਦੇ ਇੱਕ ਉੱਚ ਅਧਿਕਾਰੀ ਨੇ ਅਰੋੜਾ ਨੂੰ ਆਪਣੇ ਘਰ ਕਿਉਂ ਬਲਾਇਆ। ਉਨ੍ਹਾਂ ਕਿਹਾ ਕਿ ਜੋ ਅਧਿਕਾਰੀ ਸੁੰਦਰ ਸ਼ਾਮ ਅਰੋੜਾ ਦੇ ਖਿਲਾਫ਼ ਪਹਿਲਾਂ ਹੀ ਕਿਸੇ ਮਾਮਲੇ ਦੀ ਜਾਂਚ ਕਰ ਰਿਹਾ ਹੋਵੇ , ਉਹੀ ਅਧਿਕਾਰੀ ‘ਆੱਫ ਦੀ ਰਿਕਾਰਡ’ ਅਰੋੜਾ ਨੂੰ ਆਪਣੇ ਘਰ ਬੁਲਾਵੇ ਤਾਂ ਇਹ ਜਾਂਚ ਦਾ ਵਿਸ਼ਾ ਬਣਦਾ ਹੈ। ਜਾਖੜ ਨੇ ਕਿਹਾ ਕਿ ਵਿਜੀਲੈਂਸ ਅਧਿਕਾਰੀ ਵੱਲੋਂ ਅਰੋੜਾ ਨੂੰ ਘਰ ਬਲਾਉਣ ਅਤੇ ਫਿਰ ਪ੍ਰਾਈਵੇਟ ਜਗਾ ਲਈ ਲੁਕੇਸ਼ਨ ਭੇਜਣ ਦੀ ਜਾਂਚ ਵੀ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸੁੰਦਰ ਸ਼ਾਮ ਅਰੋੜਾ ਨੂੰ ਲੋਕਪਾਲ ਪਹਿਲਾਂ ਹੀ ਕਲੀਨ ਚਿੱਟ ਦੇ ਚੁੱਕਿਆ ਹੈ। ਦੂਜੇ ਪਾਸੇ ਸੁੰਦਰ ਸ਼ਾਮ ਅਰੋੜਾ ਤੋਂ ਪੁੱਛਗਿੱਛ ਦੇ ਆਧਾਰ ’ਤੇ ਵਿਜੀਲੈਂਸ ਨੇ ਟਰਾਈਸਿਟੀ ਦੇ ਮਾਰਬੇਲਾ ਗਰੈਂਡ ਦੇ ਪ੍ਰਬੰਧਕਾਂ ਨੂੰ ਨੋਟਿਸ ਜਾਰੀ ਕੀਤਾ ਹੈ। ਸੂਤਰਾਂ ਅਨੁਸਾਰ ਅਰੋੜਾ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਹੈ ਕਿ ਰਿਸ਼ਵਤ ਦੀ ਰਕਮ ਦਾ ਪ੍ਰਬੰਧ ਮਾਰਬੇਲਾ ਗਰੈਂਡ ਵੱਲੋਂ ਕੀਤਾ ਗਿਆ ਸੀ। ਇਹ ਵੀ ਚਰਚਾ ਹੈ ਕਿ ਮਾਰਬੇਲਾ ਗਰੈਂਡ ਕੰਪਨੀ ’ਚ ਸ੍ਰੀ ਅਰੋੜਾ ਦੇ ਪਰਿਵਾਰਕ ਮੈਂਬਰਾਂ ਦੀ ਹਿੱਸੇਦਾਰੀ ਵੀ ਹੈ। ਜ਼ਿਕਰਯੋਗ ਹੈ ਕਿ ਸੁੰਦਰ ਸ਼ਾਮ ਅਰੋੜਾ ਨੂੰ ਵਿਜੀਲੈਂਸ ਨੇ ਆਪਣੇ ਹੀ ਇੱਕ ਅਧਿਕਾਰੀ ਨੂੰ 50 ਲੱਖ ਦੀ ਰਿਸ਼ਵਤ ਦਿੰਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਸੀ








