Gee 98News

ਵਿਧਾਇਕ ਕੁੰਵਰ ਵਿਜੇਪ੍ਰਤਾਪ ਸਿੰਘ ਦੀਆਂ ਆਪਣੀ ਹੀ ਸਰਕਾਰ ’ਤੇ ਸਖ਼ਤ ਟਿੱਪਣੀਆਂ

ਚੰਡੀਗੜ, 05 ਨਵੰਬਰ (ਜੀ98 ਨਿਊਜ਼ ਸਰਵਿਸ) :

ਆਮ ਆਦਮੀ ਪਾਰਟੀ ਦੇ ਵਿਧਾਇਕ ਕੁੰਵਰ ਵਿਜੇਪ੍ਰਤਾਪ ਸਿੰਘ ਨੇ ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦੇ ਕਤਲ ਤੋਂ ਬਾਅਦ ਅੰਮਿ੍ਰਤਸਰ ਦੇ ਪੁਲਿਸ ਕਮਿਸ਼ਨਰ ਅਰੁਣਪਾਲ ਸਿੰਘ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕੇ ਹਨ। ਸੁਧੀਰ ਸੂਰੀ ਦੇ ਕਤਲ ’ਤੇ ਟਿੱਪਣੀ ਕਰਦੇ ਹੋਏ ਕੁੰਵਰ ਵਿਜੇਪ੍ਰਤਾਪ ਸਿੰਘ ਨੇ ਕਿਹਾ ਕਿ ‘‘ ਮੈਂ ਸਰਕਾਰ ਨੂੰ ਪਹਿਲਾਂ ਹੀ ਸੁਝਾਅ ਦਿੱਤਾ ਸੀ ਕਿ ਇਸ ਵਿਅਕਤੀ ਨੂੰ ਅੰਮਿ੍ਤਸਰ ਦਾ ਪੁਲਿਸ ਕਮਿਸ਼ਨਰ ਨਾ ਲਗਾਇਆ ਜਾਵੇ ਕਿਉਂਕਿ ਬਹਿਬਲ ਕਲਾਂ ਗੋਲੀਕਾਂਡ ਦੀ ਤਫ਼ਤੀਸ ਵਿੱਚ ਇਸ ਦੀ ਪ੍ਰਫਾਰਮੈਂਸ ਜ਼ੀਰੋ ਰਹੀ ਹੈ’’। ਵਿਧਾਇਕ ਵਿਜੇਪ੍ਰਤਾਪ ਨੇ ਕਿਹਾ ਕਿ ਇਹ ਹੈਰਾਨੀਜਨਕ ਹੈ ਕਿ ਜਿਸ ਵਿਅਕਤੀ ਨੇ ਕਦੇ ਇੱਕ ਵੀ ਕੇਸ ਦੀ ਡਾਇਰੀ ਨਾ ਲਿਖੀ ਹੋਵੇ ਉਸ ਨੂੰ ਪੁਲਿਸ ਕਮਿਸ਼ਨਰ ਲਗਾ ਦਿੱਤਾ ਜਾਵੇ ਅਤੇ ਇਸ ਦਾ ਨਤੀਜਾ ਸਭ ਦੇ ਸਾਹਮਣੇ ਹੈ। ‘ਆਪ’ ਵਿਧਾਇਕ ਨੇ ਸ਼ਰੇਆਮ ਮੀਡੀਆ ਸਾਹਮਣੇ ਪੁਲਿਸ ਕਮਿਸ਼ਨਰ ਦੀ ਨਿਯੁਕਤੀ ਨੂੰ ਗਲਤ ਠਹਿਰਾ ਕੇ ਸਿੱਧੇ ਤੌਰ ’ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਫੈਸਲੇ ਨੂੰ ਚੈਲਿੰਜ ਕੀਤਾ ਹੈ ਕਿਉਂਕਿ ਸੂਬੇ ਦਾ ਗ੍ਰਹਿ ਵਿਭਾਗ ਭਗਵੰਤ ਮਾਨ ਕੋਲ ਹੀ ਹੈ। ਇਸ ਤੋਂ ਪਹਿਲਾਂ ਵੀ ਵਿਧਾਇਕ ਵਿਜੇਪ੍ਰਤਾਪ ਨੇ ਆਪਣੀ ਹੀ ਸਰਕਾਰ ਸੰਬੰਧੀ ਸਖ਼ਤ ਟਿੱਪਣੀਆਂ ਕੀਤੀਆਂ ਹਨ। ਇੱਕ ਪਾਸੇ ਸਰਕਾਰ ਸ਼ਿਵ ਸੈਨਾ ਆਗੂ ਦੇ ਕਤਲ ਤੋਂ ਬਾਅਦ ਵਿਰੋਧੀਆਂ ਦੇ ਨਿਸ਼ਾਨੇ ’ਤੇ ਹੈ ਦੂਜੇ ਪਾਸੇ ਆਪਣੇ ਵਿਧਾਇਕ ਨੇ ਹੀ ਸਰਕਾਰ ਨੂੰ ਕਟਹਿਰੇ ਵਿੱਚ ਖੜਾ ਕੀਤਾ ਹੈ।

error: Content is protected !!