Gee 98News

ਖੁੱਡੀ ਨਾਕਾ ਅੰਡਰਪਾਸ ਦਾ ਮਸਲਾ : ਐਕਸ਼ਨ ਕਮੇਟੀ ਦਾ ਵਫਦ ਐਸਡੀਐਮ ਨੂੰ ਮਿਲਿਆ

ਬਰਨਾਲਾ 12 ਦਸੰਬਰ (ਨਿਰਮਲ ਸਿੰਘ ਪੰਡੋਰੀ)-

ਬਰਨਾਲਾ ਬਾਜਾਖਾਨਾ ਰੋਡ ਉਪਰ ਬਣਿਆ ਰੇਲਵੇ ਓਵਰ ਬਰਿਜ, ਆਪਣੇ ਗਲਤ ਡੀਜਾਈਨ ਕਾਰਨ ਮਨੁੱਖੀ ਜਾਨਾਂ ਦਾ ਖੌਅ ਬਣਿਆ ਹੋਇਆ ਹੈ। ਖੁੱਡੀ ਨਾਕੇ ਕੋਲ ਇਸ ਪੁੱਲ ਉਪਰ ਹਰ ਰੋਜ਼ ਗੰਭੀਰ  ਤੇ ਜਾਨਲੇਵਾ ਹਾਦਸੇ ਵਾਪਰਦੇ ਰਹਿੰਦੇ ਹਨ । ਸਥਾਨਕ ਨਿਵਾਸੀਆਂ ਦੁਆਰਾ ਗਠਿਤ ਐਕਸ਼ਨ ਕਮੇਟੀ ਪਿਛਲੇ ਕਈ ਮਹੀਨਿਆਂ ਤੋਂ ਖੁੱਡੀ ਨਾਕੇ ਉਪਰ ਅੰਡਰਪਾਸ ਬਣਾਉਣ ਦੀ ਮੰਗ ਕਰਦੀ ਆ ਰਹੀ ਹੈ। ਇਸੇ ਮੰਗ ਦੇ ਸਬੰਧ ਵਿੱਚ ਅੱਜ ਫਿਰ ਐਕਸ਼ਨ ਕਮੇਟੀ ਦਾ ਵਫਦ ਐਸਡੀਐਮ ਬਰਨਾਲਾ ਨੂੰ ਮਿਲਿਆ। ਇਸ ਮੀਟਿੰਗ ਸਬੰਧੀ ਐਕਸ਼ਨ ਕਮੇਟੀ ਮੈਂਬਰ ਡਾਕਟਰ ਰਾਜਿੰਦਰਪਾਲ ਤੇ ਹਰਚਰਨ ਸਿੰਘ ਚਹਿਲ ਨੇ ਦੱਸਿਆ ਕਿ ਐਸਡੀਐਮ ਨੇ ਉਨ੍ਹਾਂ ਦੀ ਗੱਲ ਬਹੁਤ ਧਿਆਨ ਨਾਲ ਸੁਣੀ। ਐਸਡੀਐਮ ਨੇ ਐਕਸ਼ਨ ਕਮੇਟੀ ਨੂੰ ਜਾਣਕਾਰੀ ਦਿੱਤੀ ਕਿ ਇਸ ਸਬੰਧੀ ਪਿਛਲੇ ਦਿਨੀਂ ਡਿਪਟੀ ਕਮਿਸ਼ਨਰ ਬਰਨਾਲਾ ਨੇ ਨੈਸ਼ਨਲ ਹਾਈਵੇ ਅਥਾਰਟੀ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਅਤੇ ਮੌਕੇ ਦਾ ਮੁਆਇਨਾ ਕੀਤਾ। ਉਨ੍ਹਾਂ ਨੇ ਕਮੇਟੀ ਮੈਂਬਰਾਂ ਨੂੰ ਦੱਸਿਆ ਕਿ ਹਾਈਵੇ ਅਧਿਕਾਰੀਆਂ ਨੇ ਜਿਲ੍ਹਾ ਪ੍ਰਸ਼ਾਸਨ ਨੂੰ ਇਸ ਸਬੰਧੀ ਜਲਦ ਹੀ ਕੋਈ ਢੁੱਕਵੀਂ ਤਜਵੀਜ਼ ਦੇਣ ਦਾ ਵਾਅਦਾ ਕੀਤਾ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਪ੍ਰਸ਼ਾਸਨ ਪੂਰੀ ਸੁਹਿਰਦਤਾ ਨਾਲ ਇਸ ਮਸਲੇ ਦੀ ਪੈਰਵਾਈ ਕਰ ਰਿਹਾ ਹੈ। ਕਮੇਟੀ ਮੈਂਬਰਾਂ ਨੇ ਕਿਹਾ ਕਿ ਐਸਡੀਐਮ ਦੇ ਸਾਕਾਰਾਤਮਕ ਰਵੱਈਏ ਕਾਰਨ ਉਨ੍ਹਾਂ ਨੂੰ ਇਸ  ਮਸਲੇ ਦੇ ਜਲਦੀ ਹੱਲ ਦੀ ਆਸ ਬੱਝੀ ਹੈ। ਇਸ ਮੌਕੇ ਬਾਬੂ ਸਿੰਘ ਖੁੱਡੀ ਕਲਾਂ, ਸੁਖਵਿੰਦਰ ਸਿੰਘ ਠੀਕਰੀਵਾਲਾ,ਮਹਿੰਦਰ ਸਿੰਘ, ਮੇਲਾ ਸਿੰਘ, ਜਸਵੀਰ ਸਿੰਘ, ਸੁਖਦੇਵ ਸਿੰਘ ਪੀਆਰਟੀਸੀ ਆਦਿ ਕਮੇਟੀ ਮੈਂਬਰ ਹਾਜਰ ਸਨ।

error: Content is protected !!