Gee 98News

ਪੰਜਾਬ ਰਾਜ ਝਗੜਾ ਨਿਵਾਰਨ ਕਮਿਸ਼ਨ ਦੇ ਜਸਟਿਸ ਦਯਾ ਚੌਧਰੀ ਵੱਲੋਂ ਬਰਨਾਲਾ ਦਾ ਦੌਰਾ

–ਬਰਨਾਲਾ ਕਮਿਸ਼ਨ ਦੀ 72 ਲੱਖ ਦੀ ਲਾਗਤ ਨਾਲ ਬਣੀ ਇਮਾਰਤ ਦਾ ਕੀਤਾ ਉਦਘਾਟਨ

ਬਰਨਾਲਾ 17 ਮਾਰਚ (ਨਿਰਮਲ ਸਿੰਘ ਪੰਡੋਰੀ)-ਆਮ ਲੋਕਾਂ ਨੂੰ ਬਿਨਾਂ ਕਿਸੇ ਖੱਜਲ-ਖੁਆਰੀ ਅਤੇ ਬਿਨਾਂ ਗੁੰੰਝਲਦਾਰ ਕਾਨੂੰਨੀ ਦਾਅ-ਪੇਚਾਂ ਦੇ ਸਰਲ ਭਾਸ਼ਾ ’ਚ ਕਾਨੂੰਨ ਬਾਰੇ ਜਾਣਕਾਰੀ ਦੇ ਕੇ ਉਨ੍ਹਾਂ ਨੂੰ ਨਿਆਂ ਦੇਣਾ ਬੇਹੱਦ ਜ਼ਰੂਰੀ ਹੈ ਤਾਂ ਜੋ ਸਾਡੇ ਲੋਕਾਂ ਦਾ ਨਿਆਂਇਕ ਪ੍ਰਣਾਲੀ ’ਚ ਪੂਰਨ ਵਿਸ਼ਵਾਸ ਬਣਿਆ ਰਹੇ। ਇਹ ਪ੍ਰਗਟਾਵਾ ਪੰਜਾਬ ਰਾਜ ਝਗੜਾ ਨਿਵਾਰਨ ਕਮਿਸ਼ਨ ਦੇ ਪ੍ਰੈਜ਼ੀਡੈਂਟ ਜਸਟਿਸ ਦਯਾ ਚੌਧਰੀ ਨੇ ਅੱਜ ਬਰਨਾਲਾ ਦੇ ਦੌਰੇ ਮੌਕੇ ਕੀਤਾ। ਇਸ ਮੌਕੇ ਬਰਨਾਲਾ ਪੁਲੀਸ ਵੱਲੋਂ ਉਨ੍ਹਾਂ ਨੂੰ ਗਾਰਡ ਆਫ ਆਨਰ ਦਿੱਤਾ ਗਿਆ, ਜਿਸ ਮਗਰੋਂ ਉਨ੍ਹਾਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਨੇੜੇ ਬਣੀ ਖ਼ਪਤਕਾਰ ਕਮਿਸ਼ਨ ਬਰਨਾਲਾ ਦੀ ਕਰੀਬ 72 ਲੱਖ ਦੀ ਲਾਗਤ ਵਾਲੀ ਇਮਾਰਤ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਨਵੀਂ ਇਮਾਰਤ ਦੇ ਕੋਰਟ ਰੂਮ, ਸਟਾਫ ਰੂਮ, ਰਿਕਾਰਡ ਰੂਮ ਆਦਿ ਦਾ ਦੌਰਾ ਕੀਤਾ।
ਇਸ ਮਗਰੋਂ ਉਨ੍ਹਾਂ ਬਾਰ ਰੂਮ ਦਾ ਦੌਰਾ ਕੀਤਾ ਅਤੇ ਜੱਜ ਸਾਹਿਬਾਨ ਤੇ ਵਕੀਲਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਨਿਆਂਪਾਲਿਕਾ ’ਚ ਲੋਕਾਂ ਦਾ ਵਿਸ਼ਵਾਸ ਬਣਾਏ ਰੱਖਣਾ ਸਾਡਾ ਫਰਜ਼ ਹੈ ਤੇ ਇਹ ਪੇਸ਼ਾ ਬੜੀ ਵੱਡੀ ਲੋਕ ਸੇਵਾ ਹੈ। ਉਨ੍ਹਾਂ ਬਰਨਾਲਾ ਕਮਿਸ਼ਨਰ ਦੀ ਸ਼ਲਾਘਾ ਵੀ ਕੀਤੀ ਅਤੇ ਕਿਹਾ ਕਿ ਇਮਾਰਤ ਦਾ ਸਥਾਨ ਬਹੁਤ ਹੀ ਢੁਕਵਾਂ ਹੈ।  ਇਸ ਮੌਕੇ ਰਾਜ ਕਮਿਸ਼ਨਰ ਤੋਂ ਰਜਿਸਟਰਾਰ ਮੈਡਮ ਵੀਨਾ ਭਾਰਦਵਾਜ, ਜ਼ਿਲ੍ਹਾ ਤੇ ਸੈਸ਼ਨ ਜੱਜ ਸ੍ਰੀ ਬੀਬੀਐੱਸ ਤੇਜੀ, ਡਿਪਟੀ ਕਮਿਸ਼ਨਰ ਬਰਨਾਲਾ ਮੈਡਮ ਪੂਨਮਦੀਪ ਕੌਰ, ਜ਼ਿਲ੍ਹਾ ਪੁਲੀਸ ਮੁਖੀ ਸ੍ਰੀ ਸੰਦੀਪ ਕੁਮਾਰ ਮਲਿਕ, ਜ਼ਿਲ੍ਹਾ ਖਪਤਕਾਰ ਝਗੜਾ ਨਿਵਾਰਨ ਕਮਿਸ਼ਨ ਦੇ ਪ੍ਰੈਜ਼ੀਡੈਂਟ ਜੋਤ ਨਿਰੰਜਣ ਸਿੰਘ ਗਿੱਲ, ਮੈਂਬਰ ਨਵਦੀਪ ਗਰਗ, ਮੈਡਮ ਉਰਮਿਲਾ ਕੁਮਾਰੀ ਆਦਿ ਹਾਜ਼ਰ ਸਨ।

error: Content is protected !!