Gee 98News

ਜੀ-20 ਸੰਮੇਲਨ ਦੇ ਵਿਰੋਧ ਵਿਚ ਬੀਕੇਯੂ ਡਕੌਂਦਾ ਨੇ ਫੂਕੀਆਂ ਕੇਂਦਰ ਸਰਕਾਰ ਦੀਆਂ ਅਰਥੀਆਂ

ਬਰਨਾਲਾ 17 ਮਾਰਚ ( ਨਿਰਮਲ ਸਿੰਘ ਪੰਡੋਰੀ )-ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਜੀ-20 ਦੇਸ਼ਾਂ ਵੱਲੋਂ ਕੀਤੇ ਜਾ ਰਹੇ ਸੰਮੇਲਨ ਦਾ ਵਿਰੋਧ ਕਰਦਿਆਂ, ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਸਮੇਤ ਸਮੁੱਚੀ ਸੂਬਾ ਕਮੇਟੀ ਦੇ ਸੱਦੇ ਨੂੰ ਹੁੰਗਾਰਾ ਭਰਦਿਆਂ, ਬਰਨਾਲਾ ਜ਼ਿਲ੍ਹੇ ਦੇ ਪਿੰਡਾਂ ਮਹਿਲਕਲਾਂ,ਅਮਲਾ ਸਿੰਘ ਵਾਲਾ, ਕੁਰੜ, ਠੁੱਲੀਵਾਲ, ਰਾਏਸਰ ਆਦਿ ਪਿੰਡਾਂ ਵਿੱਚ ਦੁਨੀਆਂ ਦੀਆਂ ਵੱਡੀਆਂ ਸਾਮਰਾਜੀ ਸ਼ਕਤੀਆਂ ਅਤੇ ਭਾਰਤ ਦੀ ਮੋਦੀ ਸਰਕਾਰ ਦੀਆਂ ਅਰਥੀਆਂ ਫੂਕੀਆਂ ਗਈਆਂ। ਵੱਖ-ਵੱਖ ਪਿੰਡਾਂ ਵਿੱਚ ਅਰਥੀਆਂ ਫੂਕਣ ਦੇ ਮੌਕੇ ਇਕੱਤਰ ਹੋਏ ਕਿਸਾਨਾਂ ਤੇ ਹੋਰ ਇਨਸਾਫ਼ ਪਸੰਦ ਲੋਕਾਂ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਮੀਤ ਪ੍ਰਧਾਨ ਜਗਰਾਜ ਸਿੰਘ ਹਰਦਾਸਪੁਰਾ, ਅਮਰਜੀਤ ਸਿੰਘ ਠੁੱਲੀਵਾਲ, ਨਾਨਕ ਸਿੰਘ ਅਮਲਾ ਸਿੰਘ ਵਾਲਾ, ਅੰਗਰੇਜ਼ ਸਿੰਘ ਰਾਏਸਰ, ਭਾਗ ਸਿੰਘ ਕੁਰੜ, ਮਾਸਟਰ ਸੁਖਦੇਵ ਸਿੰਘ ਨੇ ਕਿਹਾ ਕਿ ਸਾਮਰਾਜੀ ਸ਼ਕਤੀਆਂ ਭਾਰਤ ਦੇ ਵਿੱਦਿਅਕ ਪ੍ਰਬੰਧ ਨੂੰ ਪੂਰੀ ਸੂਰੇ ਤੌਰ ’ਤੇ ਵੱਡੀਆਂ ਬਹੁ-ਕੌਮੀ ਤੇ ਕਾਰਪੋਰੇਟ ਕੰਪਨੀਆਂ ਦੇ ਹਿੱਤਾਂ ਅਨੁਸਾਰ ਢਾਲਣਾ ਚਾਹੁੰਦੀਆਂ ਹਨ ਤਾਂ ਕਿ ਉਨ੍ਹਾਂ ਦੇ ਮੁਨਾਫ਼ੇ ਹਰ ਰੋਜ਼ ਡੇਢੇ-ਸਵਾਏ ਹੁੰਦੇ ਜਾ ਸਕਣ। ਉਪਰੋਕਤ ਆਗੂਆਂ ਨੇ ਕਿਹਾ ਕਿ ਹੁਣ ਭਾਰਤ ਤੇ ਖ਼ਾਸ ਕਰਕੇ ਪੰਜਾਬ ਦੇ ਕਿਸਾਨ ਜਾਗ ਚੁੱਕੇ ਹਨ ਤੇ ਉਹ ਭਾਰਤ ਦੀ ਕੇਂਦਰ ਸਰਕਾਰ ਅਤੇ ਸੂਬਾ ਸਰਕਾਰਾਂ ਨੂੰ ਲੋਕ-ਵਿਰੋਧੀ ਨੀਤੀਆਂ ਲਾਗੂ ਨਹੀਂ ਕਰਨ ਦੇਣਗੇ। ਆਗੂਆਂ ਨੇ ਨਾਲ ਹੀ ਇਹ ਵੀ ਦੱਸਿਆ ਕਿ ਉਹ 20 ਮਾਰਚ ਨੂੰ ਦਿੱਲੀ ਵਿੱਚ ਦੇਸ਼ ਭਰ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਕੀਤੇ ਜਾਣ ਵਾਲੇ ਵੱਡੇ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਲਈ ਉਹ ਵੱਡੀ ਗਿਣਤੀ ਵਿੱਚ 19 ਮਾਰਚ ਨੂੰ ਧੂਰੀ ਰੇਲਵੇ ਸਟੇਸ਼ਨ ਤੋਂ ਦਿੱਲੀ ਲਈ ਰਵਾਨਾ ਹੋਣਗੇ।

error: Content is protected !!