Gee 98News

ਹੁਣ ਸਰਪੰਚਾਂ ਨੂੰ 5 ਹਜ਼ਾਰ ਤੇ ਪੰਚਾਂ ਨੂੰ ਮਿਲੇਗਾ 1600 ਮਾਣ ਭੱਤਾ

ਚੰਡੀਗੜ੍ਹ 12 ਜੁਲਾਈ-ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ ਦੀ ਸਰਕਾਰ ਨੇ ਸੂਬੇ ਛੜਿਆਂ ਉੱਪਰ ਵਿੱਤੀ ਮਿਹਰਬਾਨੀ ਤੋਂ ਬਾਅਦ ਹੁਣ ਪੰਚਾਂ ਅਤੇ ਸਰਪੰਚਾਂ ਨੂੰ ਦਿੱਤੇ ਜਾਣ ਵਾਲੇ ਮਾਣ-ਭੱਤੇ ‘ਚ ਵਾਧਾ ਕਰ ਦਿੱਤਾ ਹੈ। ਜਾਰੀ ਨੋਟੀਫਿਕੇਸ਼ਨ ਅਨੁਸਾਰ ਹੁਣ ਸਰਪੰਚਾਂ ਨੂੰ 5,000 ਅਤੇ ਪੰਚਾਂ ਨੂੰ 1600 ਰੁਪਏ ਮਾਣ ਭੱਤਾ ਦਿੱਤਾ ਜਾਵੇਗਾ । ਪੰਚਾਂ ਸਰਪੰਚਾਂ ਲਈ ਇਹ ਵੀ ਖ਼ੁਸ਼ਖ਼ਬਰੀ ਹੈ ਕਿ ਇਹ ਵਧਿਆ ਹੋਇਆ ਮਾਣ ਭੱਤਾ 01 ਅਪ੍ਰੈਲ 2003 ਤੋਂ ਲਾਗੂ ਹੋਵੇਗਾ ਅਤੇ ਬਕਾਇਆ ਰਾਸ਼ੀ ਵੀ ਮਿਲੇਗੀ। ਹਰਿਆਣਾ ਸਰਕਾਰ ਨੇ ਆਪਣੇ ਪੰਚਾਂ/ਸਰਪੰਚਾਂ ਨੂੰ ਵਾਧੂ ਮਾਣਭੱਤਾ ਦੇਣ ਲਈ ਸਬੰਧਤ ਨਿਯਮਾਂ ਵਿੱਚ ਸੋਧ ਵੀ ਕੀਤੀ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਹਰਿਆਣਾ ਸਰਕਾਰ ਨੇ ਸੂਬੇ ਦੇ 45 ਤੋਂ 60 ਸਾਲ ਤੱਕ ਦੇ ਸਾਰੇ ਪੁਰਸ਼ਾਂ ਤੇ ਮਹਿਲਾਵਾਂ ਨੂੰ ਪ੍ਰਤੀ ਮਹੀਨਾ 2750 ਰੁਪਏ ਦੇਣ ਦਾ ਐਲਾਨ ਕੀਤਾ ਸੀ। ਦੂਜੇ ਪਾਸੇ ਜੇਕਰ ਪੰਜਾਬ ਦੇ ਸਰਪੰਚਾਂ ਨੂੰ ਮਿਲਣ ਵਾਲੇ ਮਾਣ ਭੱਤੇ ਦੀ ਗੱਲ ਕਰੀਏ ਤਾਂ ਇਸ ਮਾਮਲੇ ‘ਚ ਪੰਜਾਬ ਦੇ ਸਰਪੰਚ ਮਾਣਭੱਤੇ ਨੂੰ ਤਰਸ ਰਹੇ ਹਨ। ਸੂਬੇ ਦੀ ਪੰਚਾਇਤ ਯੂਨੀਅਨ ਨੇ ਕਈ ਵਾਰ ਸਰਕਾਰਾਂ ਤੋਂ ਮੰਗ ਕੀਤੀ ਕਿ ਮਾਣਭੱਤਾ ਜਾਰੀ ਕੀਤਾ ਜਾਵੇ ਪ੍ਰੰਤੂ ਪੰਜਾਬ ਸਰਕਾਰ ਨੇ ਇੱਕ-ਅੱਧ ਵੇਰ ਮਾਣਭੱਤਾ ਰਿਲੀਜ਼ ਕਰਨ ਤੋਂ ਬਿਨਾਂ ਪੰਜਾਬ ਦੇ ਸਰਪੰਚਾਂ ਨੂੰ ਕੋਈ ਮਾਣ ਭੱਤਾ ਨਹੀਂ ਦਿੱਤਾ। ਹੁਣ ਗਵਾਂਢੀ ਸੂਬੇ ਹਰਿਆਣਾ ਵਲੋਂ ਆਪਣੇ ਸਰਪੰਚਾਂ ਲਈ ਮਾਣ ਭੱਤੇ ਦੀ ਰਾਸ਼ੀ ਵਧਾਏ ਜਾਣ ਦੇ ਐਲਾਨ ਤੋਂ ਬਾਅਦ ਪੰਜਾਬ ਦੇ ਸਰਪੰਚਾਂ ਨੇ ਵੀ ਸਰਕਾਰ ਵੱਲ ਵੇਖਣਾ ਸ਼ੁਰੂ ਕਰ ਦਿੱਤਾ ਹੈ।

error: Content is protected !!