Skip to main content

Gee 98News

ਪੁਲਿਸ ਨੇ ਹਵਾਲਾਤ ਦੀ ਬਜਾਏ ਹੋਟਲ ‘ਚ ਰਾਤ ਰੱਖਿਆ ਮੁਲਜ਼ਮ..ਹੱਥਕੜੀ ਸਮੇਤ ਹੋ ਗਿਆ ਫਰਾਰ

ਚੰਡੀਗੜ੍ਹ 12 ਜੁਲਾਈ-ਮੁਲਜ਼ਮਾਂ ਨੂੰ ਹਵਾਲਾਤ ਵਿੱਚ ਰੱਖਣ ਦੀ ਬਜਾਏ ਪੁਲਿਸ ਪਾਰਟੀ ਨੇ ਹੋਟਲ ‘ਚ ਰਾਤ ਰੱਖਿਆ ਤੇ ਦਿਨ ਚੜ੍ਹਦੇ ਨੂੰ ਇਕ ਮੁਲਜ਼ਮ ਹੋਟਲ ਵਿਚੋਂ ਹੱਥਕੜੀ ਸਮੇਤ ਫਰਾਰ ਹੋ ਗਿਆ । ਇਹ ਘਟਨਾ ਬਠਿੰਡਾ ਜ਼ਿਲ੍ਹੇ ਨਾਲ ਸੰਬੰਧਿਤ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਨਾਰਕੋਟਿਕ ਕੰਟਰੋਲ ਬਿਊਰੋ ਅੰਮ੍ਰਿਤਸਰ ਦੀ ਟੀਮ ਨੇ 8 ਜੁਲਾਈ ਨੂੰ ਦੋ ਵਿਅਕਤੀਆਂ ਰਾਜੇਸ਼ ਯਾਦਵ ਵਾਸੀ ਜ਼ਿਲ੍ਹਾ ਸੀਕਰ (ਰਾਜਸਥਾਨ) ਅਤੇ ਕੁਲਵਿੰਦਰ ਸਿੰਘ ਵਾਸੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਨੂੰ ਗੁਪਤ ਸੂਚਨਾ ਦੇ ਆਧਾਰ ‘ਤੇ ਲਹਿਰਾ ਬੇਗਾ ਟੋਲ ਪਲਾਜ਼ਾ ਕੋਲੋਂ 3 ਕਿਲੋ 860 ਗ੍ਰਾਮ ਅਫੀਮ ਸਮੇਤ ਕਾਬੂ ਕੀਤਾ ਸੀ । ਇਹਨਾਂ ਵਿਰੁੱਧ ਬਿਊਰੋ ਦੇ ਚੰਡੀਗੜ੍ਹ ਥਾਣੇ ਵਿੱਚ ਮੁਕੱਦਮਾ ਦਰਜ ਕਰਨ ਤੋਂ ਬਾਅਦ 9 ਜੁਲਾਈ ਨੂੰ ਡਿਊਟੀ ਮੈਜਿਸਟਰੇਟ ਰਾਜਬੀਰ ਕੌਰ ਦੀ ਅਦਾਲਤ ਵਿੱਚ ਪੇਸ਼ ਕੀਤਾ, ਜਿਥੇ ਪੁਲਿਸ ਨੂੰ ਪੰਜ ਦਿਨ ਦਾ ਰਿਮਾਂਡ ਹਾਸਲ ਹੋਇਆ । ਪੁਲਿਸ ਪਾਰਟੀ ਨੇ ਦੋਸ਼ੀਆਂ ਨੂੰ ਅਗਲੇ ਦਿਨ 9 ਜੁਲਾਈ ਮੁਕਤਸਰ ਸਾਹਿਬ ਦੇ ਪਿੰਡ ਥਾਂਦੇਵਾਲਾ ਵਿਖੇ ਹੋਰ ਰਿਕਵਰੀ ਲਈ ਲੈ ਕੇ ਜਾਣਾ ਸੀ। ਜਿਸ ਕਰਕੇ ਵਾਪਸ ਅੰਮ੍ਰਿਤਸਰ ਜਾਂ ਚੰਡੀਗੜ੍ਹ ਜਾਣ ਦੀ ਬਜਾਏ ਪੁਲਿਸ ਪਾਰਟੀ ਦੋਸ਼ੀਆਂ ਸਮੇਤ ਬਠਿੰਡਾ ਵਿਖੇ ਹੀ ਰੁੱਕ ਗਈ। ਇਸ ਮਾਮਲੇ ‘ਚ ਪੁਲਿਸ ਪਾਰਟੀ ਨੇ ਇੱਕ ਵੱਡੀ ਲਾਪਰਵਾਹੀ ਕੀਤੀ ਕਿ ਦੋਸੀਆਂ ਨੂੰ ਸਬੰਧਤ ਥਾਣੇ ਦੀ ਹਵਾਲਾਤ ਵਿੱਚ ਰਾਤ ਰੱਖਣ ਦੀ ਬਜਾਏ ਬਠਿੰਡਾ ਦੇ ਇੱਕ ਹੋਟਲ ਵਿੱਚ ਆਪਣੇ ਨਾਲ ਹੀ ਰੱਖਿਆ ਗਿਆ, ਜਿਥੋਂ 10 ਜੁਲਾਈ ਦਿਨ ਚੜ੍ਹਦੇ ਨੂੰ ਇਕ ਦੋਸ਼ੀ ਰਾਜੇਸ਼ ਯਾਦਵ ਹੱਥਕੜੀ ਸਮੇਤ ਹੀ ਫਰਾਰ ਹੋ ਗਿਆ। ਦੋਸ਼ੀਆਂ ਨੂੰ ਹੋਟਲ ‘ਚ ਰੱਖਣ ਵਾਲੇ ਪੁਲਿਸ ਪਾਰਟੀ ਦੀ ਅਗਵਾਈ ਕਰ ਰਹੇ ਥਾਣੇਦਾਰ ਬਲਵੰਤ ਰਾਏ ਦੇ ਬਿਆਨਾਂ ‘ਤੇ ਸਿਵਲ ਲਾਈਨ ਪੁਲਿਸ ਨੇ ਫਰਾਰ ਦੋਸ਼ੀ ਰਾਜੇਸ਼ ਯਾਦਵ ਦੇ ਖਿਲਾਫ਼ ਮੁਕੱਦਮਾ ਦਰਜ ਕੀਤਾ, ਉਥੇ ਹੀ ਪੁਲਿਸ ਮੁਲਾਜ਼ਮਾਂ ਦੀ ਲਾਪਰਵਾਹੀ ਦੇ ਕਾਰਨ ਉਨ੍ਹਾਂ ਵਿਰੁੱਧ ਵੀ ਮੁਕੱਦਮਾ ਦਰਜ ਕੀਤਾ ਗਿਆ ਹੈ ਅਤੇ ਵਿਭਾਗੀ ਕਾਰਵਾਈ ਕੀਤੀ ਜਾ ਰਹੀ ਹੈ ।

error: Content is protected !!