ਚੰਡੀਗੜ੍ਹ,13 ਜੁਲਾਈ (ਨਿਰਮਲ ਸਿੰਘ ਪੰਡੋਰੀ)-ਅਸਲਾ ਲਾਇਸੰਸ ਧਾਰਕਾਂ ਨੂੰ ਹੁਣ ਇੱਕ ਲਾਇਸੰਸ ਉੱਪਰ ਦੋ ਹਥਿਆਰ ਰੱਖਣ ਦੀ ਆਗਿਆ ਹੀ ਹੋਵੇਗੀ, ਤੀਜਾ ਹਥਿਆਰ ਆਪਣੇ ਲਾਇਸੰਸ ਤੋਂ ਮਿਟਾਉਣਾ ਹੋਵੇਗਾ ਅਤੇ ਉਸ ਨੂੰ ਵੇਚਣਾ ਵੀ ਜ਼ਰੂਰੀ ਹੋਵੇਗਾ । SAS ਨਗਰ (ਮੁਹਾਲੀ) ਦੀ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਨੇ ਆਪਣੇ ਅਧਿਕਾਰੀਆਂ ਨੂੰ ਕਿਹਾ ਹੈ ਕਿ ਇਨ੍ਹਾਂ ਹੁਕਮਾਂ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇ। ਇਹ ਹੁਕਮ ਫਿਲਹਾਲ ਮੁਹਾਲੀ ਜ਼ਿਲ੍ਹੇ ਵਿੱਚ ਹੀ ਦਿੱਤੇ ਗਏ ਹਨ ਪ੍ਰੰਤੂ ਮੰਨਿਆ ਜਾ ਰਿਹਾ ਹੈ ਕਿ ਇਹ ਹੁਕਮ ਸਾਰੇ ਪੰਜਾਬ ਵਿੱਚ ਲਾਗੂ ਹੋ ਸਕਦੇ ਹਨ ਕਿਉਂਕਿ ਭਗਵੰਤ ਮਾਨ ਸਰਕਾਰ ਅਸਲਾ ਕਲਚਰ ਨੂੰ ਖ਼ਤਮ ਕਰਨਾ ਚਾਹੁੰਦੀ ਹੈ । ਸੂਤਰਾਂ ਅਨੁਸਾਰ ਸਾਰੇ ਅਸਲਾ ਲਾਇਸੰਸਧਾਰਕਾਂ ਦੇ ਸਮਾਜਿਕ ਸਟੇਟਸ (ਲੋੜ) ਦੀ ਪੜ੍ਹਤਾਲ ਕਰਕੇ ਉਨ੍ਹਾਂ ਕੋਲ ਹਥਿਆਰਾਂ ਦੀ ਗਿਣਤੀ ਦੀ ਪੜ੍ਹਤਾਲ ਕੀਤੀ ਜਾਵੇਗੀ ਅਤੇ ਅਸਲਾ ਲਾਇਸੰਸ ਉੱਪਰ ਵਾਧੂ ਦਰਜ ਕਰਵਾਏ ਹਥਿਆਰ ਨੂੰ ਡਿਲੀਟ ਕਰਨ ਲਈ ਕਿਹਾ ਜਾਵੇਗਾ। ਡਿਪਟੀ ਕਮਿਸ਼ਨਰ SAS ਨਗਰ (ਮੁਹਾਲੀ) ਸ਼੍ਰੀਮਤੀ ਆਸ਼ਿਕਾ ਜੈਨ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਮੂਹ ਅਸਲਾ ਲਾਇਸੰਸ ਧਾਰਕਾਂ ਨੂੰ ਮਿਤੀ 08/09/2020 ਰਾਹੀਂ ਨੋਟਿਸ ਜਾਰੀ ਕਰਕੇ ਸੂਚਿਤ ਕੀਤਾ ਗਿਆ ਸੀ ਕਿ ਆਰਮਜ਼ ਐਕਟ 1959, ਅਮੈਂਡਮੈਂਟ ਐਕਟ 2019 ਦੇ ਸੈਕਸ਼ਨ 3(2) ਵਿੱਚ ਕੀਤੀ ਗਈ ਸੋਧ ਅਨੁਸਾਰ ਅਸਲਾ ਲਾਇਸੰਸ ਧਾਰਕ ਨੂੰ ਕੇਵਲ ਦੋ ਹਥਿਆਰ ਰੱਖਣ ਦੀ ਆਗਿਆ ਹੈ ਅਤੇ ਜਿਸ ਲਾਇਸੰਸ ਹੋਲਡਰ ਵਲੋਂ ਆਪਣੇ ਲਾਇਸੰਸ ‘ਤੇ 03 ਹਥਿਆਰ ਦਰਜ ਕਰਵਾਏ ਹਨ, ਉਹ ਤੀਸਰਾ ਹਥਿਆਰ ਡਿਲੀਟ/ਕੈਂਸਲ ਕਰਵਾਉਣ। ਹੁਣ ਪੰਜਾਬ ਸਰਕਾਰ ਵਲੋਂ ਆਰਮਜ਼ ਐਕਟ 1959 ਦੇ ਅਮੈਂਡਮੈਂਟ ਐਕਟ 2019 ਦੇ ਸੈਕਸ਼ਨ 3(2) ਵਿੱਚ ਕੀਤੀ ਗਈ ਸੋਧ ਅਨੁਸਾਰ ਮੁੜ ਹਦਾਇਤ ਕੀਤੀ ਗਈ ਹੈ ਕਿ ਜਿਹੜੇ ਲਾਇਸੰਸ ਧਾਰਕਾਂ ਨੇ ਅਜੇ ਵੀ 2 ਤੋਂ ਵੱਧ ਹਥਿਆਰ ਦਰਜ ਲਾਇਸੰਸਾਂ ਤੋਂ ਸਰੰਡਰ ਨਹੀਂ ਕਰਾਏ, ਉਹ ਤੁਰੰਤ ਸਰੰਡਰ ਕਰਵਾਏ ਜਾਣ ਕਾਰਵਾਈ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ ।