ਚੰਡੀਗੜ੍ਹ,12 ਜੁਲਾਈ-ਪੰਜਾਬ ਸਰਕਾਰ ਨੇ ਪਟਿਆਲਾ ਅਤੇ ਹੋਰ ਜ਼ਿਲ੍ਹਿਆਂ ਵਿੱਚ ਹੜਾਂ ਦੇ ਪਾਣੀ ਨਾਲ ਹੋਏ ਭਾਰੀ ਨੁਕਸਾਨ ਲਈ ਹਰਿਆਣਾ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਪਾਣੀ ਨਾਲ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰਨ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਹਰਿਆਣਾ ਸਰਕਾਰ ਵੱਲੋਂ ਹਾਂਸੀ-ਬੁਟਾਣਾ ਨਹਿਰ ਹੇਠਾਂ ਘੱਗਰ ਉਪਰ ਬਣੇ ਸਾਈਫ਼ਨਾਂ ਦੀ ਸਮੇਂ ਸਿਰ ਸਫ਼ਾਈ ਨਾ ਕਰਵਾਏ ਜਾਣ ਕਰਕੇ ਡਾਫ਼ ਲੱਗੀ ਹੈ ਜਿਸ ਨਾਲ ਪੰਜਾਬ ਵਾਲੇ ਇਲਾਕੇ ਦੇ ਪਿੰਡ ਪਾਣੀ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਨੂੰ ਚਾਹੀਦਾ ਸੀ ਕਿ ਸਾਈਫ਼ਨਾਂ ਦੀ ਅਗਾਊਂ ਸਫ਼ਾਈ ਕਰਵਾਈ ਜਾਂਦੀ। ਉਨ੍ਹਾਂ ਕਿਹਾ ਕਿ ਜੇ ਸਾਈਫ਼ਨ ਦੀ ਸਫ਼ਾਈ ਹੋਈ ਹੁੰਦੀ ਤਾਂ ਇਹ ਨੌਬਤ ਨਾ ਆਉਂਦੀ। ਕੈਬਨਿਟ ਮੰਤਰੀ ਜੌੜਾਮਾਜਰਾ ਨੇ ਕਿਹਾ ਕਿ ਉਨ੍ਹਾਂ ਨੇ ਇਸ ਮੁੱਦੇ ਸਬੰਧੀ ਪਟਿਆਲਾ ਦੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੂੰ ਕੈਥਲ ਦੇ ਡਿਪਟੀ ਕਮਿਸ਼ਨਰ ਨਾਲ ਗੱਲਬਾਤ ਕਰਨ ਲਈ ਕਿਹਾ ਹੈ।ਉਨ੍ਹਾਂ ਸਮਾਣਾ ਹਲਕੇ ਦੇ ਪ੍ਰਭਾਵਿਤ ਪਿੰਡਾਂ ਧਰਮਹੇੜੀ, ਘਿਉਰਾ, ਕਮਾਸਪੁਰ, ਧਨੌਰੀ, ਨਵਾਂ ਗਾਉਂ, ਬੀਬੀਪੁਰ, ਗਾਜੀਸਲਾਰ, ਰਾਜਲਾ, ਡਰੌਲਾ, ਡਰੌਲੀ, ਭਾਨਰਾ, ਭਾਨਰੀ, ਮੈਣ, ਸੱਸਾ ਗੁੱਜਰਾਂ, ਸੱਸਾ ਥੇਹ, ਮਾਂਗਟਾਂ, ਸਮਸਪੁਰ ਦਾ ਦੌਰਾ ਕੀਤਾ ਅਤੇ ਪਿੰਡ ਵਾਸੀਆਂ ਨਾਲ ਗੱਲਬਾਤ ਕਰਕੇ ਇੱਥੇ ਲੋੜੀਂਦੀਆਂ ਕਿਸ਼ਤੀਆਂ ਤੇ ਹੋਰ ਰਾਹਤ ਸਮੱਗਰੀ ਭਿਜਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੂੰ ਨਿਰਦੇਸ਼ ਦਿੱਤੇ। ਕੈਬਨਿਟ ਮੰਤਰੀ ਨੇ ਮੰਨਿਆ ਕਿ ਪਹਾੜੀ ਖੇਤਰਾਂ ਵਿੱਚ ਹੋਈ ਭਾਰੀ ਬਰਸਾਤ ਕਰਕੇ ਰੋਪੜ ਤੋਂ ਇਲਾਵਾ, ਡੇਰਾ ਬੱਸੀ, ਰਾਜਪੁਰਾ, ਘਨੌਰ, ਸਨੌਰ, ਸਮਾਣਾ, ਸ਼ੁਤਰਾਣਾ, ਨਾਭਾ ਸਮੇਤ ਸੰਗਰੂਰ ਵਿੱਚੋਂ ਲੰਘਦੇ ਘੱਗਰ ਤੇ ਹੋਰ ਨਦੀਆਂ ਵਿਚ ਆਏ ਬੇਹਿਸਾਬੇ ਪਾਣੀ ਨੇ ਬਹੁਤ ਭਾਰੀ ਨੁਕਸਾਨ ਕੀਤਾ ਹੈ।