ਬਰਨਾਲਾ,17 ਅਗਸਤ ( ਨਿਰਮਲ ਸਿੰਘ ਪੰਡੋਰੀ )-ਸੂਬੇ ਵਿੱਚ ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ‘ਖੇਡਾਂ ਵਤਨ ਪੰਜਾਬ ਦੀਆਂ 2023’ ਕਰਵਾਈਆਂ ਜਾ ਰਹੀਆਂ ਹਨ, ਜਿਨ੍ਹਾਂ ਦਾ ਆਗਾਜ਼ 29 ਅਗਸਤ ਤੋਂ ਹੋਵੇਗਾ। ਇਹ ਜਾਣਕਾਰੀ ਦਿੰਦੇ ਹੋਏ ਖੇਡ ਮੰਤਰੀ ਪੰਜਾਬ ਸ. ਗੁਰਮੀਤ ਸਿੰਘ ਮੀਤ ਹੇਅਰ ਨੇ ਦੱਸਿਆ ਕਿ ਇਨ੍ਹਾਂ ਖੇਡਾਂ ਲਈ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵਲੋਂ http://www.khedanwatanpunjabdia.com ਪੋਰਟਲ ਦੀ ਸ਼ੁਰੂਆਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ‘ਖੇਡਾਂ ਵਤਨ ਪੰਜਾਬ ਦੀਆਂ’ ਵਿੱਚ ਹਿੱਸਾ ਲੈਣ ਵਾਲੇ ਖਿਡਾਰੀ ਇਸ ਪੋਰਟਲ ਉਤੇ ਆਨਲਾਈਨ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਖੇਡਾਂ ਦੀ ਸ਼ੁਰੂਆਤ ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਬਠਿੰਡਾ ਤੋਂ ਕਰਨਗੇ। ਵੱਖ-ਵੱਖ ਖੇਡਾਂ ਦੀ ਬਲਾਕ ਪੱਧਰੀ ਰਜਿਸਟ੍ਰੇਸ਼ਨ 15 ਅਗਸਤ ਤੋਂ ਸ਼ੁਰੂ ਹੈ ਜੋ ਕਿ 28 ਅਗਸਤ ਤੱਕ ਹੋਵੇਗੀ। ਜ਼ਿਲ੍ਹਾ ਪੱਧਰੀ ਰਜਿਸਟ੍ਰੇਸ਼ਨ 29 ਅਗਸਤ ਤੋਂ 10 ਸਤੰਬਰ ਤੱਕ ਹੋਵੇਗੀ। ਰਾਜ ਪੱਧਰੀ ਮੁਕਾਬਲਿਆਂ ਲਈ ਰਜਿਸਟ੍ਰੇਸ਼ਨ 15 ਸਤੰਬਰ ਤੋਂ 25 ਸਤੰਬਰ ਤੱਕ ਹੋਵੇਗੀ। ਇਨ੍ਹਾਂ ਖੇਡਾਂ ਲਈ ਮੁਕਾਬਲੇ ਅੰਡਰ 14, 17, 21, 21-30, 31-40, 41-55, 56-65 ਅਤੇ 65 ਤੋਂ ਉੱਪਰ ਉਮਰ ਵਰਗ ਲਈ ਹੋਣਗੇ। ਉਨ੍ਹਾਂ ਦੱਸਿਆ ਕਿ ਬਰਨਾਲਾ ਵਿੱਚ ਵੀ ਕਈ ਖੇਡਾਂ ਦੇ ਰਾਜ ਪੱਧਰੀ ਮੁਕਾਬਲੇ ਕਰਵਾਏ ਜਾਣਗੇ। ਖੇਡ ਮੰਤਰੀ ਮੀਤ ਹੇਅਰ ਨੇ ਦੱਸਿਆ ਕਿ ਇਸ ਵਾਰ ‘ਖੇਡਾਂ ਵਤਨ ਪੰਜਾਬ ਦੀਆਂ’ ਵਿੱਚ ਪੰਜ ਨਵੀਆਂ ਖੇਡਾਂ ਸਾਈਕਲਿੰਗ, ਘੁੜਸਵਾਰੀ, ਰਗਬੀ, ਵੁਸ਼ੂ ਤੇ ਵਾਲੀਬਾਲ ਸ਼ੂਟਿੰਗ ਸ਼ਾਮਲ ਕੀਤੀਆਂ ਗਈਆਂ ਹਨ।










