Skip to main content

Gee 98News

ਪੰਜਾਬ ਦੇ ਪ੍ਰਾਈਵੇਟ ਸਕੂਲਾਂ ਨੇ ਛੁੱਟੀਆਂ ਰੱਦ ਕਰਨ ਦੀ ਕੀਤੀ ਮੰਗ

ਚੰਡੀਗੜ੍ਹ,23 ਅਗਸਤ-ਪ੍ਰਾਈਵੇਟ ਸਕੂਲ ਐਸੋਸੀਏਸ਼ਨ (ਪੂਸਾ) ਨੇ ਪੰਜਾਬ ਸਰਕਾਰ ਵੱਲੋਂ ਅਚਨਚੇਤ 26 ਅਗਸਤ ਤੱਕ ਕੀਤੀਆਂ ਛੁੱਟੀਆਂ ਦੇ ਫੈਸਲੇ ‘ਤੇ ਦੁਬਾਰਾ ਗੌਰ ਕਰਨ ਦੀ ਮੰਗ ਕੀਤੀ ਹੈ । ਜੱਥੇਬੰਦੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇੱਕ ਪੱਤਰ ਲਿਖਿਆ ਹੈ ਕਿ CBSE ਨਾਲ ਜੁੜੇ ਹੋਏ ਸਕੂਲਾਂ ਨੂੰ CBSE ਦੇ ਸ਼ਡਿਊਲ ਅਨੁਸਾਰ ਹੀ ਕੰਮ ਕਰਨਾ ਪੈਂਦਾ ਹੈ। ਪ੍ਰਾਈਵੇਟ ਸਕੂਲਾਂ ਵਿੱਚ CBSE ਨੂੰ ਭੇਜਣ ਵਾਲੇ ਦਾਖਲਿਆਂ, ਰਜਿਸਟ੍ਰੇਸ਼ਨ ਅਤੇ ਹੋਰ ਦਸਤਾਵੇਜਾਂ ਦਾ ਸਮਾਂ ਨਿਸ਼ਚਿਤ ਹੈ, ਜਿਸ ਦਾ ਅਜੋਕੇ ਦਿਨਾਂ ‘ਚ ਸ਼ਡਿਊਲ ਅਨੁਸਾਰ ਕੰਮ ਚੱਲ ਰਿਹਾ ਹੈ ਜੋ ਅਚਨਚੇਤੀ ਛੁੱਟੀਆਂ ਕਰਕੇ ਪ੍ਰਭਾਵਿਤ ਹੋਵੇਗਾ । ਐਸੋਸੀਏਸ਼ਨ ਦੇ ਆਗੂਆਂ ਨੇ ਕਿਹਾ ਕਿ ਨਵੀਂ ਲਾਗੂ ਕੀਤੀ ਸਿੱਖਿਆ ਨੀਤੀ-2020 ਨਾਲ ਵੀ ਪ੍ਰਾਈਵੇਟ ਸਕੂਲਾਂ ਦਾ ਸਿਸਟਮ ਜੁੜਿਆ ਹੋਇਆ ਹੈ ਜਿਸ ਕਾਰਨ ਸਕੂਲਾਂ ਨੂੰ ਇਸੇ ਸਿਸਟਮ ਦੇ ਮੁਤਾਬਿਕ ਹੀ ਆਪਣਾ ਸ਼ਡਿਊਲ ਤੈਅ ਕਰਨਾ ਪੈਂਦਾ ਹੈ। ਆਗੂਆਂ ਨੇ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਪ੍ਰਾਈਵੇਟ ਸਕੂਲਾਂ ਦੇ ਸ਼ਡਿਊਲ ਨੂੰ ਧਿਆਨ ਵਿੱਚ ਰੱਖਦੇ ਹੋਏ 26 ਅਗਸਤ ਤੱਕ ਐਲਾਨ ਕੀਤੀਆਂ ਛੁੱਟੀਆਂ ‘ਤੇ ਦੁਬਾਰਾ ਗੌਰ ਕੀਤੀ ਜਾਵੇ, ਕਿਉਂਕਿ ਸਾਰੇ ਪੰਜਾਬ ਵਿੱਚ ਹੜਾਂ ਦਾ ਖ਼ਤਰਾ ਨਹੀਂ ਹੈ। ਸੂਬੇ ਦੇ ਪ੍ਰਾਈਵੇਟ ਸਕੂਲਾਂ ਦੀ ਇਕ ਹੋਰ ਵੱਡੀ ਜਥੇਬੰਦੀ ਫੈਡਰੇਸ਼ਨ ਆਫ਼ ਪ੍ਰਾਈਵੇਟ ਸਕੂਲਜ਼ ਦੇ ਪ੍ਰਧਾਨ ਡਾਕਟਰ ਜਗਜੀਤ ਸਿੰਘ ਨੇ ਵੀ ਪੰਜਾਬ ਦੇ ਸਿੱਖਿਆ ਮੰਤਰੀ ਨੂੰ ਪੱਤਰ ਲਿਖ ਕੇ ਛੁੱਟੀਆਂ ਰੱਦ ਕਰਨ ਦੀ ਮੰਗ ਕੀਤੀ ਹੈ। ਫੈਡਰੇਸ਼ਨ ਆਫ਼ ਪ੍ਰਾਈਵੇਟ ਸਕੂਲਜ਼ ਨਾਲ ਜੁੜੇ ਗੁਰਪ੍ਰੀਤ ਹੋਲੀਹਾਰਟ ਪਬਲਿਕ ਸਕੂਲ ਮਹਿਲ ਕਲਾਂ ਦੇ ਮੈਨੇਜਿੰਗ ਡਾਇਰੈਕਟਰ ਸੁਸ਼ੀਲ ਕੁਮਾਰ ਨੇ ਵੀ ਇਸ ਮਾਮਲੇ ਸੰਬੰਧੀ ਗੱਲਬਾਤ ਕਰਦੇ ਹੋਏ ਕਿਹਾ ਕਿ ਸਰਕਾਰ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਹਾਲਾਤਾਂ ਦੇ ਮੁਤਾਬਕ ਛੁੱਟੀਆਂ ਕਰਨ ਦਾ ਅਧਿਕਾਰ ਦੇਵੇ, ਤਾਂ ਜੋ ਡਿਪਟੀ ਕਮਿਸ਼ਨਰ ਹੜਾਂ ਦੀ ਖਤਰੇ ਦੇ ਮੱਦੇਨਜ਼ਰ ਆਪਣੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਸਕੂਲਾਂ ਵਿੱਚ ਛੁੱਟੀਆਂ ਕਰ ਸਕਣ । ਐਮਡੀ ਸੁਸ਼ੀਲ ਕੁਮਾਰ ਨੇ ਕਿਹਾ ਕਿ ਮਾਲਵਾ ਖੇਤਰ ਦੇ ਬਹੁਤੇ ਜ਼ਿਲ੍ਹਿਆਂ ਵਿੱਚ ਸੋਕੇ ਵਰਗੀ ਸਥਿਤੀ ਬਣੀ ਹੋਈ ਹੈ, ਜਿੱਥੇ ਲੋਕ ਮੀਹ ਨੂੰ ਤਰਸ ਰਹੇ ਹਨ, ਇਸ ਲਈ ਸਰਕਾਰ ਸਕੂਲਾਂ ਵਿੱਚ ਛੁੱਟੀਆਂ ਕਰਨ ਦੇ ਆਪਣੇ ਫੈਸਲੇ ‘ਤੇ ਦੁਬਾਰਾ ਗ਼ੌਰ ਕਰੇ ਅਤੇ ਛੁੱਟੀਆਂ ਕਰਨ ਦਾ ਅਧਿਕਾਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰਾਂ ਨੂੰ ਦੇਵੇ।

error: Content is protected !!