ਚੰਡੀਗੜ੍ਹ, 24 ਅਗਸਤ- ਭਾਰਤ ਦੇ ਪਹਿਲਵਾਨਾਂ ਅਤੇ ਕੁਸ਼ਤੀ ਪ੍ਰੇਮੀਆਂ ਲਈ ਇਹ ਝਟਕੇ ਵਾਲੀ ਖ਼ਬਰ ਹੈ ਕਿ ਯੂਨਾਈਟਿਡ ਵਰਲਡ ਰੈਸਲਿੰਗ ਐਸੋਸੀਏਸ਼ਨ ਨੇ ਰੈਸਲਿੰਗ ਫੈਡਰੇਸ਼ਨ ਆਫ਼ ਇੰਡੀਆ ਦੀ ਮੈਂਬਰਸ਼ਿਪ ਰੱਦ ਕਰ ਦਿੱਤੀ ਹੈ। ਕੁਸ਼ਤੀ ਫੈਡਰੇਸ਼ਨ ਦੇ ਖਿਲਾਫ ਇਹ ਕਾਰਵਾਈ 45 ਦਿਨਾਂ ਦੇ ਅੰਦਰ-ਅੰਦਰ ਚੋਣਾਂ ਨਾ ਕਰਵਾਉਣ ਕਰਕੇ ਕੀਤੀ ਗਈ ਹੈ। ਯੂਨਾਈਟਿਡ ਵਰਲਡ ਰੈਸਲਿੰਗ ਨੇ ਭਾਰਤੀ ਕੁਸ਼ਤੀ ਫੈਡਰੇਸ਼ਨ ਨੂੰ 45 ਦਿਨਾਂ ਦੇ ਅੰਦਰ-ਅੰਦਰ ਚੋਣਾਂ ਕਰਵਾਉਣ ਲਈ ਕਿਹਾ ਸੀ ਪਰ ਇਹ ਚੋਣਾਂ ਨਹੀਂ ਹੋ ਸਕੀਆਂ, ਜਿਸ ਤੋਂ ਬਾਅਦ ਭਾਰਤੀ ਕੁਸ਼ਤੀ ਫੈਡਰੇਸ਼ਨ ਦੀ ਮੈਂਬਰਸ਼ਿਪ ਰੱਦ ਕਰ ਦਿੱਤੀ ਗਈ ਹੈ। ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਤਤਕਾਲੀ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ‘ਤੇ ਕੁਝ ਮਹਿਲਾ ਪਹਿਲਵਾਨਾਂ ਵਲੋਂ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਤੋਂ ਬਾਅਦ ਭਾਰਤੀ ਕੁਸ਼ਤੀ ਵਿੱਚ ਤਰਥੱਲੀ ਮੱਚੀ ਹੋਈ ਹੈ । ਪ੍ਰਧਾਨ ਉੱਪਰ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਉਣ ਵਾਲੀਆਂ ਪਹਿਲਵਾਨਾਂ ਨੇ ਲੰਮਾ ਸਮਾਂ ਪ੍ਰਦਰਸ਼ਨ ਕੀਤਾ। ਜਿਸ ਤੋਂ ਬਾਅਦ ਖੇਡ ਮੰਤਰਾਲੇ ਨੇ ਫੈਡਰੇਸ਼ਨ ਦੇ ਅਹੁਦੇਦਾਰਾਂ ਨੂੰ ਮੁਅੱਤਲ ਕਰ ਦਿੱਤਾ ਸੀ। ਅਹੁਦੇਦਾਰਾਂ ਦੀ ਮੁਅੱਤਲੀ ਤੋਂ ਬਾਅਦ ਐਡਹਾਕ ਕਮੇਟੀ ਫੈਡਰੇਸ਼ਨ ਦਾ ਕੰਮ ਕਾਜ ਵੇਖ ਰਹੀ ਸੀ। ਦੂਜੇ ਪਾਸੇ ਯੂਨਾਈਟਿਡ ਵਰਲਡ ਰੈਸਲਿੰਗ ਨੇ 45 ਦਿਨਾਂ ਦੇ ਅੰਦਰ ਅੰਦਰ ਭਾਰਤੀ ਕੁਸ਼ਤੀ ਫੈਡਰੇਸ਼ਨ ਨੂੰ ਚੋਣਾਂ ਕਰਵਾਉਣ ਲਈ ਕਿਹਾ ਸੀ, ਜੋ ਨਹੀਂ ਕਰਵਾਈਆਂ ਗਈਆਂ ।









