Skip to main content

Gee 98News

ਜਗਰਾਓਂ ਦੀ MLA ਸਰਵਜੀਤ ਕੌਰ ਮਾਣੂੰਕੇ ਦੀਆਂ ਵਧੀਆਂ ਮੁਸ਼ਕਿਲਾਂ,ਹਾਈਕੋਰਟ ਨੇ ਕੀਤਾ ਨੋਟਿਸ ਜਾਰੀ..NRI ਕੋਠੀ ਮਾਮਲਾ

-ਪੀੜ੍ਹਤ NRI ਬੀਬੀ ਨੇ ਪੁਲਿਸ ‘ਤੇ ਲਾਏ ਗੰਭੀਰ ਦੋਸ਼,CBI ਜਾਂਚ ਦੀ ਕੀਤੀ ਮੰਗ

ਚੰਡੀਗੜ੍ਹ,24 ਅਗਸਤ- ਜਗਰਾਓਂ ਦੀ NRI ਕੋਠੀ ਦਾ ਮਾਮਲਾ ਇਕ ਵਾਰੀ ਫੇਰ ਸੁਰਖੀਆਂ ਵਿੱਚ ਆ ਗਿਆ ਹੈ। ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਇਸ ਮਾਮਲੇ ਵਿੱਚ ਆਮ ਆਦਮੀ ਪਾਰਟੀ ਦੀ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਅਤੇ ਉਸਦੇ ਪਤੀ ਸਮੇਤ 9 ਜਣਿਆਂ ਨੂੰ ਨੋਟਿਸ ਜਾਰੀ ਕੀਤਾ ਹੈ। ਕੋਠੀ ਦੀ ਅਸਲ ਮਾਲਕ‌ NRI ਬੀਬੀ ਅਮਰਜੀਤ ਕੌਰ ਇਸ ਮਾਮਲੇ ਨੂੰ ਲੈਕੇ ਹਾਈ ਕੋਰਟ ਦੀ ਸ਼ਰਨ ਵਿੱਚ ਪੁੱਜੀ ਅਤੇ ਮੰਗ ਕੀਤੀ ਕਿ ਇਹ ਮਾਮਲਾ CBI ਨੂੰ ਸੌਂਪਿਆ ਜਾਵੇ ਜਿਸ ਤੋਂ ਬਾਅਦ ਹਾਈਕੋਰਟ ਨੇ CBI ਨੂੰ ਵੀ ਨੋਟਿਸ ਜਾਰੀ ਕੀਤਾ ਹੈ। ਹਾਈਕੋਰਟ ਨੇ ਇਸ ਮਾਮਲੇ ਦਾ ਚਲਾਨ ਪੇਸ਼ ਕਰਨ ‘ਤੇ ਵੀ ਰੋਕ ਲਗਾ ਦਿੱਤੀ ਹੈ। ਹਾਈਕੋਰਟ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ 2 ਨਵੰਬਰ ਰੱਖੀ ਹੈ ।‌ਭਾਵੇਂ ਕਿ ਬੀਬੀ ਸਰਵਜੀਤ ਕੌਰ ਮਾਣੂੰਕੇ ਸ਼ੁਰੂ ਤੋਂ ਹੀ ਇਹ ਕਹਿੰਦੇ ਆ ਰਹੇ ਹਨ ਕਿ ਉਨ੍ਹਾਂ ਨੇ ਇਹ ਕੋਠੀ ਕਿਰਾਏ ‘ਤੇ ਲਈ ਸੀ ਪਰੰਤੂ ਜੇਕਰ ਇਸ ਦੀ ਪੜ੍ਹਤਾਲ CBI ਨੂੰ ਸੌਂਪ ਦਿੱਤੀ ਜਾਦੀ ਹੈ ਤਾਂ ਬੀਬੀ ਮਾਣੂੰਕੇ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਹਨ । ਅਮਰਜੀਤ ਕੌਰ ਨੇ ਹਾਈਕੋਰਟ ਅੱਗੇ ਪੱਖ ਰੱਖਿਆ ਕਿ ਉਸਨੂੰ ਸਿਰਫ ਕੋਠੀ ਦੀਆਂ ਚਾਬੀਆਂ ਹੀ ਦਿੱਤੀਆਂ ਗਈਆਂ ਹਨ ਜਦਕਿ ਰਿਕਾਰਡ ਅਨੁਸਾਰ ਅਜੇ ਵੀ ਕਰਮ ਸਿੰਘ ਕੋਠੀ ਦਾ ਮਾਲਕ ਹੈ। ਜਗਰਾਓਂ ਦੇ ਹੀਰਾ ਬਾਗ ਵਿੱਚ ਸਥਿਤ ਇਸ ਕੋਠੀ ‘ਤੇ ਕਬਜ਼ੇ ਦਾ ਮਾਮਲਾ ਸੁਰਖੀਆਂ ਵਿੱਚ ਆਉਣ ਤੋਂ ਬਾਅਦ ਬੀਬੀ ਮਾਣੂੰਕੇ ਨੂੰ ਵਿਰੋਧੀਆਂ ਨੇ ਘੇਰ ਲਿਆ ਕਿਉਂਕਿ ਕਰਮ ਸਿੰਘ ਬੀਬੀ ਦਾ ਖਾਸਮ-ਖਾਸ ਹੈ । ਇਸ ਮਾਮਲੇ ‘ਚ ਹਾਈਕੋਰਟ ਦੇ ਸੀਨੀਅਰ ਵਕੀਲ ਇਸਾਨ ਗੁਪਤਾ ਨੇ ਕਈ ਖੁਲਾਸੇ ਕਰਦੇ ਹੋਏ ਕਿਹਾ ਕਿ ਜਦੋਂ ਇਹ ਮਾਮਲਾ ਬਹੁਤ ਜਿਆਦਾ ਸੁਰਖੀਆਂ ਵਿੱਚ ਆ ਗਿਆ ਤਾਂ ਕਰਮ ਸਿੰਘ ਨੇ ਬੀਬੀ ਨੂੰ ਬਚਾਉਣ ਅਤੇ ਇਸ ਮਾਮਲੇ ‘ਚੋਂ ਬਾਹਰ ਨਿਕਲਣ ਲਈ ਪੁਲਿਸ ਦੀ ਮਿਲੀਭੁਗਤ ਨਾਲ ਅਸ਼ੋਕ ਕੁਮਾਰ ਨਾਮ ਦੇ ਇੱਕ ਵਿਅਕਤੀ ‘ਤੇ ਝੂਠੀ FIR ਕਰਵਾ ਦਿੱਤੀ ਕਿ “ਅਸ਼ੋਕ ਕੁਮਾਰ ਨੇ ਜਾਅਲੀ ਪਾਵਰ ਆਫ਼ ਅਟਾਰਨੀ ਬਣਾ ਕੇ ਉਸ ਨੂੰ ਧੋਖੇ ਨਾਲ ਕੋਠੀ ਵੇਚ ਦਿੱਤੀ”। ਐਡਵੋਕੇਟ ਗੁਪਤਾ ਨੇ ਕਿਹਾ ਕਿ ਪੁਲਿਸ ਦੀ ਮਿਲੀਭੁਗਤ ਨਾਲ ਦਰਜ ਕਰਵਾਈ ਇਹ FIR ਅੱਖਾਂ ਵਿੱਚ ਘੱਟਾ ਪਾਉਣ ਵਾਲੀ ਸੀ ਕਿਉਂਕਿ ਇਹ FIR ਕਰਮ ਸਿੰਘ ਅਤੇ ਅਸ਼ੋਕ ਕੁਮਾਰ ਦੀ ਮਿਲੀ ਭੁਗਤ ਨਾਲ ਹੋਈ ਸੀ ਅਤੇ ਇੱਕ ਮਹੀਨੇ ਬਾਅਦ ਹੀ ਅਸ਼ੋਕ ਕੁਮਾਰ ਦੀ ਜ਼ਮਾਨਤ ਵੀ ਹੋ ਗਈ ਸੀ।

ਇਸ ਤੋਂ ਬਾਅਦ ਪੁਲਿਸ ਅਧਿਕਾਰੀਆਂ ਨੇ ਵੀ ਇਸ ਮਾਮਲੇ ਵਿੱਚ ਸਮਝੌਤਾ ਹੋਣ ਦੇ ਬਿਆਨ ਦੇਣੇ ਸ਼ੁਰੂ ਕਰ ਦਿੱਤੇ ਅਤੇ ਖੁਦ ਕਰਮ ਸਿੰਘ ਨੇ ਵੀ ਕਿਹਾ ਕਿ ਉਸਦਾ ਸਮਝੌਤਾ ਹੋ ਗਿਆ ਹੈ ਪਰੰਤੂ ਸਾਰੇ ਘਟਨਾਕ੍ਰਮ ਵਿੱਚ ਕੋਠੀ ਦੀ ਅਸਲ ਮਾਲਕ ਐਨਆਰਆਈ ਅਮਰਜੀਤ ਕੌਰ ਦਾ ਕਿਧਰੇ ਕੋਈ ਬਿਆਨ ਨਹੀਂ ਹੋਇਆ ਅਤੇ ਨਾ ਕੋਈ ਪੱਖ ਸੁਣਿਆ ਗਿਆ ਹੈ ਅਤੇ ਉਸਦੇ ਕਿਧਰੇ ਦਸਤਖ਼ਤ ਨਹੀਂ ਹਨ ਸਗੋਂ ਪੁਲਿਸ ਉਸਦੀ ਅਸਲ ਸ਼ਿਕਾਇਤ ਵੱਲ ਧਿਆਨ ਹੀ ਨਹੀਂ ਦੇ ਰਹੀ ਅਤੇ ਅਤੇ ਸਾਰੇ ਮਾਮਲੇ ਨੂੰ ਰਫ਼ਾ-ਦਫ਼ਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਜੋ “ਸਿੱਟ” ਬਣਾਈ ਗਈ, ਉਹ ਵੀ ਦਬਾਅ ਤਹਿਤ ਕੰਮ ਕਰ ਰਹੀ ਹੈ ਅਤੇ ਸਿੱਟ ਨੇ ਕਦੇ ਵੀ ਬੀਬੀ ਅਮਰਜੀਤ ਕੌਰ ਨਾਲ ਸੰਪਰਕ ਨਹੀਂ ਕੀਤਾ । ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ‘ਤੇ ਵੀ ਉਂਗਲ ਉੱਠੀ ਹੈ ਅਤੇ ਸੱਤਾਧਾਰੀ ਵਿਧਾਇਕ ਵੀ ਇਸ ਮਾਮਲੇ ਵਿੱਚ ਸ਼ਾਮਿਲ ਹੈ ਜਿਸ ਕਰਕੇ ਇਹ ਮਾਮਲਾ ਹਾਈਕੋਰਟ ਸਾਹਮਣੇ ਰੱਖਿਆ ਗਿਆ ਹੈ। ਬੀਬੀ ਅਮਰਜੀਤ ਕੌਰ ਦੀ ਪਟੀਸ਼ਨ ਦੀ ਸੁਣਵਾਈ ਕਰਦੇ ਹੋਏ ਜਸਟਿਸ ਵਿਕਾਸ ਬਹਿਲ ਨੇ ਪੰਜਾਬ ਦੇ ਡੀਜੀਪੀ ਨੂੰ ਵੀ ਨੋਟਿਸ ਜਾਰੀ ਕੀਤਾ ਹੈ। ਮਾਲ ਰਿਕਾਰਡ ਅਨੁਸਾਰ ਅਜੇ ਵੀ ਇਸ ਕੋਠੀ ਦਾ ਮਾਲਕ ਕਰਮ ਸਿੰਘ ਹੋਣ ਕਰਕੇ ਹਾਈਕੋਰਟ ਨੇ ਕਰਮ ਸਿੰਘ, ਅਸ਼ੋਕ ਕੁਮਾਰ ਤੇ ਬੀਬੀ ਵਿਧਾਇਕ ਮਾਣੂੰਕੇ ਨੂੰ ਹੁਕਮ ਦਿੱਤੇ ਹਨ ਕਿ ਉਹ ਮਾਮਲੇ ਦੀ ਸੁਣਵਾਈ ਤੱਕ ਇਸ ਕੋਠੀ ਨੂੰ ਵੇਚ ਨਹੀਂ ਸਕਦੇ। NRI ਬੀਬੀ ਅਮਰਜੀਤ ਕੌਰ ਨੇ ਕੋਠੀ ਵਿਚ ਲਾਈਟ, ਟੂਟੀਆਂ ਅਤੇ ਹੋਰ ਸਮਾਨ ਖੁਰਦ-ਬੁਰਦ ਹੋਣ ਸੰਬੰਧੀ ਇੱਕ ਵੱਖਰਾ ਕੇਸ ਜਗਰਾਓਂ ਅਦਾਲਤ ਵਿੱਚ ਵੀ ਕੀਤਾ ਹੈ। ਇਸ ਮਾਮਲੇ ਨਾਲ ਜੁੜਿਆ ਇੱਕ ਅਹਿਮ ਪੱਖ ਇਹ ਵੀ ਹੈ ਕਿ ਇਸ ਕੋਠੀ ਦੀ ਅਸਲ ਪਾਵਰ ਆਫ਼ ਅਟਾਰਨੀ ਸਰਕਾਰੀ ਰਿਕਾਰਡ ਵਿੱਚੋਂ ਗਾਇਬ ਹੈ। ਸਬੰਧਿਤ ਅਧਿਕਾਰੀਆਂ/ਮੁਲਾਜ਼ਮਾਂ ਦਾ ਕਹਿਣਾ ਹੈ ਕਿ ਜ਼ਿਆਦਾ ਬਰਸਾਤ ਕਾਰਨ ਉਹ ਰਿਕਾਰਡ ਸੰਭਾਲ ਨਹੀ ਸਕੇ ਇਸ ਲਈ ਅਸਲ ਪਾਵਰ ਆਫ਼ ਅਟਾਰਨੀ ਨਹੀਂ ਮਿਲ ਰਹੀ । ਇਹਨਾਂ ਕਾਰਨਾਂ ਕਰਕੇ ਵੀ ਇਸ ਮਾਮਲੇ ‘ਚ ਬੀਬੀ ਮਾਣੂੰਕੇ ਦੀਆਂ ਸਮੱਸਿਆਵਾਂ ਵੱਧ ਸਕਦੀਆਂ ਹਨ।

Gee98 Ads
error: Content is protected !!