-ਬਿਜਲੀ ਦੇ ਨਵੀਨੀਕਰਨ ਲਈ ਕਰੋੜਾਂ ਰੁਪਏ ਦਾ ਪ੍ਰੋਜੈਕਟ ਪਾਸ ਕਰਵਾਇਆ-ਮਾਨ
ਬਰਨਾਲਾ, 24 ਅਗਸਤ ( ਨਿਰਮਲ ਸਿੰਘ ਪੰਡੋਰੀ)- ਸ਼੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਵੱਲੋਂ ਠੀਕਰੀਵਾਲ ਪਿੰਡ ਲਈ ਆਪਣੇ ਅਧਿਕਾਰਤ ਕੋਟੇ ਵਿੱਚ ਸਿਹਤ ਸੰਭਾਲ ਪ੍ਰਤੀ ਜਾਗਰੂਕ ਕਰਨ ਲਈ ਓਪਨ ਜਿੰਮ ਦਾ ਸਮਾਨ ਦਿੱਤਾ ਗਿਆ ਹੈ | ਪਿੰਡ ਲਈ ਜਿੰਮ ਦੇਣ ਸਮੇਂ ਸੰਬੋਧਨ ਕਰਦਿਆਂ ਸ. ਮਾਨ ਨੇ ਕਿਹਾ ਕਿ ਚੰਗੀ ਸਿਹਤ ਮਨੁੱਖੀ ਜੀਵਨ ਲਈ ਅਨਮੋਲ ਖ਼ਜ਼ਾਨਾ ਹੈ ਪਰ ਅੱਜਕੱਲ੍ਹ ਭੱਜਦੌੜ ਅਤੇ ਮਹਿੰਗਾਈ ਦੇ ਦੌਰ ਵਿੱਚ ਸਿਹਤ ਸੰਭਾਲ ਵੀ ਇੱਕ ਚੁਣੌਤੀ ਬਣ ਕੇ ਰਹਿ ਗਈ ਹੈ | ਸ. ਮਾਨ ਨੇ ਕਿਹਾ ਕਿ ਸਰੀਰਿਕ ਤੰਦਰੁਸਤੀ ਲਈ ਰੋਜ਼ਾਨਾ ਕਸਰਤ ਕਰਨਾ ਬੇਹੱਦ ਜ਼ਰੂਰੀ ਹੈ ਪਰ ਸਮੇਂ ਅਤੇ ਪੈਸੇ ਦੀ ਘਾਟ ਕਰਕੇ ਬਹੁਤ ਸਾਰੇ ਲੋਕ ਰੋਜ਼ਾਨਾ ਕਸਰਤ ਲਈ ਜਿੰਮ ਵਗੈਰਾ ਵੀ ਨਹੀਂ ਜਾ ਸਕਦੇ | ਇਸ ਲਈ ਉਨ੍ਹਾਂ ਵੱਲੋਂ ਲੋਕਾਂ ਦੀ ਸਿਹਤ ਨੂੰ ਮੁੱਖ ਰੱਖਦਿਆਂ ਇਹ ਓਪਨ ਜਿੰਮ ਲਗਵਾਇਆ ਗਿਆ ਹੈ ਤਾਂ ਜੋ ਇਲਾਕੇ ਦੇ ਲੋਕ ਮੁਫ਼ਤ ਵਿੱਚ ਇਸ ਓਪਨ ਜਿੰਮ ਵਿੱਚ ਆ ਕੇ ਆਪਣੀ ਸਿਹਤ ਸੰਭਾਲ ਲਈ ਕਸਰਤ ਕਰ ਸਕਣ | ਐਮ.ਪੀ. ਸੰਗਰੂਰ ਨੇ ਦੱਸਿਆ ਕਿ ਇਸ ਤਰ੍ਹਾਂ ਦੇ ਓਪਨ ਜਿੰਮ ਪੂਰੇ ਹਲਕੇ ਵਿੱਚ ਵੱਖ-ਵੱਖ ਥਾਵਾਂ ‘ਤੇ ਲਗਵਾਏ ਜਾ ਰਹੇ ਹਨ, ਤਾਂ ਜੋ ਹਲਕੇ ਦੇ ਲੋਕਾਂ ਨੂੰ ਸਰੀਰਿਕ ਤੰਦਰੁਸਤੀ ਲਈ ਪੈਸੇ ਖਰਚਣ ਦੀ ਲੋੜ ਨਾ ਪਵੇ | ਸ. ਮਾਨ ਨੇ ਹਾਜ਼ਰੀਨ ਨੂੰ ਭਰੋਸਾ ਦੁਆਇਆ ਕਿ ਇਲਾਕੇ ਵਿਚਲੀਆਂ ਹੋਰ ਘਾਟਾਂ ਨੂੰ ਵੀ ਜਲਦੀ ਹੀ ਪੂਰਾ ਕਰਨ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਜਲਦੀ ਹੀ ਪੂਰੇ ਲੋਕ ਸਭਾ ਹਲਕੇ ਦੇ ਮੁਕੰਮਲ ਬਿਜਲੀ ਨਵੀਨੀਕਰਨ ਵੀ ਹੋ ਜਾਵੇਗਾ, ਜਿਸ ਨਾਲ ਇਲਾਕੇ ਦੀ ਵਾਰ ਵਾਰ ਬਿਜਲੀ ਜਾਣ ਦੀ ਸਮੱਸਿਆ ਦਾ ਵੀ ਪੱਕੇ ਤੌਰ ‘ਤੇ ਹੱਲ ਹੋ ਜਾਵੇਗਾ | ਬਿਜਲੀ ਦੇ ਨਵੀਨੀਕਰਨ ਲਈ ਕਰੋੜਾਂ ਰੁਪਏ ਦਾ ਪ੍ਰੋਜੈਕਟ ਪਾਸ ਕਰਵਾਇਆ ਜਾ ਚੁੱਕਾ ਹੈ | ਇਸ ਮੌਕੇ ਗੁਰਜੰਟ ਸਿੰਘ ਕੱਟੂ ਹਲਕਾ ਇੰਚਾਰਜ ਮਹਿਲ ਕਲਾਂ, ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਮੰਡੇਰ, ਰਣਜੀਤ ਸਿੰਘ ਇਕਾਈ ਪ੍ਰਧਾਨ, ਭਲਵਾਨ ਸਿੰਘ, ਯਾਦਵਿੰਦਰ ਸਿੰਘ ਵੈਦ, ਜਥੇਦਾਰ ਲਾਭ ਸਿੰਘ, ਸੁਰਜੀਤ ਸਿੰਘ ਯੂਥ ਆਗੂ, ਗੋਲਡੀ ਠੀਕਰੀਵਾਲ, ਸਰਬਜੀਤ ਸਿੰਘ ਠੀਕਰੀਵਾਲ, ਯੂਥ ਵਿੰਗ ਪ੍ਰਧਾਨ ਗੁਰਪ੍ਰੀਤ ਸਿੰਘ ਖੁੱਡੀ ਸਮੇਤ ਹੋਰ ਆਗੂ ਅਤੇ ਵਰਕਰ ਵੀ ਹਾਜ਼ਰ ਸਨ |










