ਚੰਡੀਗੜ੍ਹ,25 ਅਗਸਤ-ਡੇਰਾ ਸੱਚਾ ਸੌਦਾ ਸਿਰਸਾ ਨਾਲ ਜੁੜੀ ਹਨੀਪ੍ਰੀਤ ਉਰਫ਼ ਪ੍ਰਿਅੰਕਾ ਤਨੇਜਾ ਇੱਕ ਵਾਰ ਫਿਰ ਚਰਚਾ ਵਿੱਚ ਆਈ ਹੈ । ਡੇਰੇ ਦੇ ਹੀ ਇੱਕ ਪ੍ਰਸੰਸਕ ਨੇ ਹਨੀਪ੍ਰੀਤ ਵੱਲੋਂ ਨਿਰਮਾਣ ਕੀਤੀ ਜਾ ਰਹੀ ਇੱਕ ਇਮਾਰਤ ਦੇ ਸੰਬੰਧ ਵਿੱਚ ਹਾਈਕੋਰਟ ‘ਚ ਪਟੀਸ਼ਨ ਦਾਇਰ ਕੀਤੀ ਹੈ। ਦਿੱਲੀ ਦੇ ਮਹਾਂਵੀਰ ਇਨਕਲੇਵ ‘ਚ ਰਹਿਣ ਵਾਲੇ ਸੰਜੇ ਝਾਅ ਨੇ ਦਾਖ਼ਲ ਪਟੀਸ਼ਨ ਵਿੱਚ ਕਿਹਾ ਹੈ ਕਿ ਕੁਝ ਸਮਾਂ ਪਹਿਲਾਂ ਜਦ ਉਹ ਡੇਰੇ ਵਿਚ ਗਿਆ ਤਾਂ ਉਸਨੇ ਦੇਖਿਆ ਕੇ ਡੇਰਾ ਮੁਖੀ ਦੇ ਮੂਲ ਨਿਵਾਸ ਵਾਲੀ ਇਮਾਰਤ ਨੂੰ ਤੋੜ ਕੇ “ਪਵਿੱਤਰ ਕਲਸ਼” ਦੇ ਆਕਾਰ ‘ਚ ਇੱਕ ਨਵੀਂ ਇਮਾਰਤ ਬਣਾਈ ਜਾ ਰਹੀ ਹੈ, ਜਦ ਉਸ ਨੇ ਪੁੱਛਿਆ ਤਾਂ ਪਤਾ ਲੱਗਿਆ ਕਿ ਇਹ ਨਵੀਂ ਇਮਾਰਤ ਹਨੀਪ੍ਰੀਤ ਦੇ ਰਹਿਣ ਲਈ ਬਣਾਈ ਜਾ ਰਹੀ ਹੈ ਅਤੇ ਇਸ ਦੀ ਉਸਾਰੀ ਦਾ ਸਾਰਾ ਕੰਮ ਪ੍ਰਬੰਧਕੀ ਬੋਰਡ ਦੀ ਦੇਖ-ਰੇਖ ਹੇਠ ਹੋ ਰਿਹਾ ਹੈ। ਸੰਜੇ ਝਾਅ ਨੇ ਹਾਈਕੋਰਟ ‘ਚ ਇਸ ਨਵੀਂ ਇਮਾਰਤ ਦੀ ਉਸਾਰੀ ਨੂੰ ਇਹ ਕਹਿੰਦੇ ਹੋਏ ਚੁਣੌਤੀ ਦਿੱਤੀ ਕਿ “ਕਲਸ਼” ਆਕਾਰ ਦੀ ਇਮਾਰਤ ਬਣਾਉਣਾ ਹਿੰਦੂ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਹੈ। ਉਹਨਾਂ ਕਿਹਾ ਕਿ ਪੁਰਾਤਨ ਹਿੰਦੂ ਕਥਾਵਾਂ ਅਨੁਸਾਰ “ਪਵਿੱਤਰ ਕਲਸ਼” ਦੇਵੀ-ਦੇਵਤਿਆਂ ਦਾ ਰੂਹਾਨੀ ਨਿਵਾਸ ਮੰਨਿਆ ਗਿਆ ਹੈ। ਸੰਜੇ ਝਾਅਅ ਨੇ ਇਤਰਾਜ਼ ਕੀਤਾ ਕਿ ਉਸਾਰੀ ਅਧੀਨ “ਕਲਸ਼” ਆਕਾਰ ਦੀ ਇਮਾਰਤ ਵਿੱਚ ਪਖਾਨਾ,ਕੂੜੇਦਾਨ ਅਤੇ ਬੈਡਰੂਮ ਵੀ ਬਣੇ ਹੋਏ ਹਨ। ਸੰਜੇ ਝਾਅ ਨੇ ਆਪਣੀ ਪਟੀਸ਼ਨ ਵਿੱਚ ਇਹ ਵੀ ਦਲੀਲ ਦਿੱਤੀ ਕਿ ਡੇਰਾ ਮੁਖੀ ਦੀ ਪੁਰਾਣੀ ਰਿਹਾਇਸ ਨੂੰ ਤੋੜ ਕੇ ਉੱਥੇ ਨਵੀਂ ਇਮਾਰਤ ਖੜ੍ਹੀ ਕਰਨਾ ਸਬੂਤਾਂ ਨੂੰ ਨਸ਼ਟ ਕਰਨ ਦੀ ਕਾਰਵਾਈ ਹੈ ਕਿਉਂਕਿ ਡੇਰਾ ਮੁਖੀ ਦੀ ਇਹ ਰਿਹਾਇਸ਼ੀ ਇਮਾਰਤ ਪੰਚਕੂਲਾ ਹਿੰਸਾ ਦੀ ਸਾਜਿਸ਼ ਰਚਣ ਨਾਲ ਸਬੰਧਿਤ ਦਰਜ ਹੋਈ ਐਫਆਈਆਰ ਦਾ ਹਿੱਸਾ ਹੈ। ਇਸ ਲਈ ਇਸ ਇਮਾਰਤ ਵਿੱਚ ਤਬਦੀਲੀਆਂ ਨਹੀਂ ਕੀਤੀਆਂ ਜਾ ਸਕਦੀਆਂ ਕਿਉਂਕਿ ਇਸ ਇਮਾਰਤ ‘ਚ ਬੈਠ ਕੇ ਐਫਆਈਆਰ ਵਿੱਚ ਦਰਜ ਵਿਅਕਤੀਆਂ ਨੇ ਹਿੰਸਾ ਦੀ ਸਾਜਿਸ਼ ਰਚੀ ਸੀ ਜਿਸ ਵਿੱਚ ਹਨੀਪ੍ਰੀਤ ਵੀ ਸ਼ਾਮਲ ਸੀ। ਸੰਜੇ ਝਾਅ ਨੇ ਆਪਣੀ ਪਟੀਸ਼ਨ ਵਿੱਚ ਕਿਹਾ ਕਿ ਐਫਆਈਆਰ ਤਹਿਤ ਕਾਰਵਾਈ ਹਾਲੇ ਵੀ ਵਿਚਾਰ ਅਧੀਨ ਹੈ ਅਤੇ ਇਹ ਮਾਮਲਾ ਅਜੇ ਖਤਮ ਨਹੀਂ ਹੋਇਆ, ਇਸ ਲਈ ਕਿਸੇ ਅਜਿਹੀ ਇਮਾਰਤ ਨੂੰ ਢਾਹੁਣਾ ਜਾਂ ਉਸ ਦੇ ਨਕਸ਼ੇ ਵਿੱਚ ਤਬਦੀਲੀਆਂ ਕਰਨੀਆਂ ਅਪਰਾਧਕ ਸਾਜ਼ਿਸ਼ ਰਚਣ ਦੇ ਮਹੱਤਵਪੂਰਨ ਸਬੂਤਾਂ ਨੂੰ ਖ਼ਤਮ ਕਰਨ ਦੇ ਬਰਾਬਰ ਹੈ।










