Skip to main content

Gee 98News

‘ਖੇਡਾਂ ਵਤਨ ਪੰਜਾਬ ਦੀਆਂ 2023’ ਦੀ ਮਸ਼ਾਲ ਦਾ ਜ਼ਿਲ੍ਹਾ ਬਰਨਾਲਾ ’ਚ ਸ਼ਾਨਦਾਰ ਸਵਾਗਤ

ਬਰਨਾਲਾ, 28 ਅਗਸਤ ( ਨਿਰਮਲ ਸਿੰਘ ਪੰਡੋਰੀ )-ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਦਿਸ਼ਾ–ਨਿਰਦੇਸ਼ਾਂ ਅਤੇ ਖੇਡ ਮੰਤਰੀ ਪੰਜਾਬ ਸ. ਗੁਰਮੀਤ ਸਿੰਘ ਮੀਤ ਹੇਅਰ ਦੀ ਅਗਵਾਈ ਹੇਠ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਸੀਜ਼ਨ-2 ਦੇ ਸਬੰਧ ਵਿੱਚ ਮਸ਼ਾਲ ਮਾਰਚ ਅੱਜ ਮਾਨਸਾ ਤੋਂ ਜ਼ਿਲ੍ਹਾ ਬਰਨਾਲਾ ਵਿੱਚ ਪੁੱਜਿਆ, ਜਿਸ ਦਾ ਪਿੰਡ ਪੱਖੋਂ ਕਲਾਂ ਵਿਖੇ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਖੋਂ ਕਲਾਂ ਵਿੱਚ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਵਿਧਾਇਕ ਭਦੌੜ ਸ. ਲਾਭ ਸਿੰਘ ਉਗੋਕੇ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਖੇਡ ਸੱਭਿਆਚਾਰ ਨੂੰ ਹੁਲਾਰਾ ਦੇਣ ਲਈ ਸਿਰਤੋੜ ਯਤਨ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਪਿਛਲੇ ਸਾਲ ਖੇਡਾਂ ਵਤਨ ਪੰਜਾਬ ਦੀਆਂ ਸ਼ੁਰੂ ਕੀਤੀਆਂ ਗਈਆਂ ਸਨ ਤੇ ਇਸ ਵਾਰ ਸੀਜ਼ਨ-2, 29 ਅਗਸਤ ਤੋਂ ਕਰਾਇਆ ਜਾ ਰਿਹਾ ਹੈ ਤੇ ਇਨ੍ਹਾਂ ਖੇਡਾਂ ਲਈ ਪੂਰੇ ਜ਼ੋਰਾਂ-ਸ਼ੋਰਾਂ ਨਾਲ ਤਿਆਰੀਆਂ ਕੀਤੀਆਂ ਗਈਆਂ ਹਨ।
ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਨੇ ਆਖਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਵੱਲੋਂ ਇਨ੍ਹਾਂ ਖੇਡਾਂ ਲਈ ਵੱਧ ਤੋਂ ਵੱਧ ਖਿਡਾਰੀਆਂ ਨੂੰ ਰਜਿਸਟ੍ਰੇਸ਼ਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਤੇ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਜ਼ਿਲ੍ਹੇ ਦੇ ਖਿਡਾਰੀ ਵੱਧ ਤੋਂ ਵੱਧ ਤਗਮੇ ਹਾਸਲ ਕਰਕੇ ਬਰਨਾਲਾ ਦਾ ਨਾਮ ਰੌਸ਼ਨ ਕਰਨਗੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸ. ਗੁਰਦੀਪ ਸਿੰਘ ਬਾਠ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਇਸ ਜ਼ਿਲ੍ਹੇ ਨੇ ਕਈ ਨਾਮੀ ਕੌਮਾਂਤਰੀ ਤੇ ਕੌਮੀ ਖਿਡਾਰੀ ਪੈਦਾ ਕੀਤੇ ਹਨ ਤੇ ਖੇਡਾਂ ਦੀ ਇਹ ਰੀਤ ਹੋਰ ਵੀ ਉਘੇ ਖਿਡਾਰੀ ਪੈਦਾ ਕਰੇਗੀ। ਇਸ ਮੌਕੇ ਉਪ ਮੰਡਲ ਮੈਜਿਸਟ੍ਰੇਟ ਸ. ਗੋਪਾਲ ਸਿੰਘ ਨੇ ਸਾਰੇ ਹਾਜ਼ਰੀਨ ਦਾ ਧੰਨਵਾਦ ਕੀਤਾ। ਇਸ ਮੌਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਖੋਂ ਕਲਾਂ ਦੇ ਬੈਂਡ ਨੇ ਮਸ਼ਾਲ ਮਾਰਚ ਦੀ ਅਗਵਾਈ ਕੀਤੀ ਤੇ ਸੰਤ ਬਾਬਾ ਲੌਂਗਪੁਰੀ ਸਕੂਲ ਦੀਆਂ ਵਿਦਿਆਰਥਣਾਂ ਨੇ ਗਿੱਧਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਖੋਂ ਕਲਾਂ ਦੇ ਵਿਦਿਆਰਥੀਆਂ ਨੇ ਮਲਵਈ ਗਿੱਧੇ ਦੀ ਪੇਸ਼ਕਾਰੀ ਦਿੱਤੀ। ਇਸ ਮਗਰੋਂ ਸਾਰੀਆਂ ਰਾਜਨੀਤਿਕ ਸ਼ਖ਼ਸੀਅਤਾਂ, ਪ੍ਰਸ਼ਾਸਨਿਕ ਅਧਿਕਾਰੀਆਂ ਤੇ ਖਿਡਾਰੀਆਂ ਨੇ ਕਰੀਬ ਕ ਕਿਲੋਮੀਟਰ ਤੱਕ ਮਸ਼ਾਲ ਮਾਰਚ ਕੱਢਿਆ ਤੇ ਖੇਡਾਂ ਦੀ ਮਸ਼ਾਲ ਬਲਦੇ ਰੱਖਣ ਦਾ ਸੁਨੇਹਾ ਦਿੱਤਾ। ਸਟੇਜ ਸਕੱਤਰ ਦੀ ਜ਼ਿੰਮੇਵਾਰੀ ਸਿੱਖਿਆ ਵਿਭਾਗ ਤੋਂ ਮਲਕੀਤ ਸਿੰਘ ਨੇ ਨਿਭਾਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸ੍ਰੀ ਰਾਮ ਤੀਰਥ ਮੰਨਾ, ਮਾਰਕੀਟ ਕਮੇਟੀ ਤਪਾ ਦੇ ਚੇਅਰਮੈਨ ਤਰਸੇਮ ਸਿੰਘ ਕਾਹਨੇਕੇ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ. ਨਰਿੰਦਰ ਸਿੰਘ ਧਾਲੀਵਾਲ, ਸਹਾਇਕ ਕਮਿਸ਼ਨਰ (ਜ) ਸੁਖਪਾਲ ਸਿੰਘ, ਡੀਐੱਸਪੀ ਗਮਦੂਰ ਸਿੰਘ ਚਹਿਲ, ਜ਼ਿਲ੍ਹਾ ਖੇਡ ਅਫਸਰ ਓਮੇਸ਼ਵਰੀ ਸ਼ਰਮਾ,ਜ਼ਿਲ੍ਹਾ ਸਿੱਖਿਆ ਅਫਸਰ ਸ਼ਮਸ਼ੇਰ ਸਿੰਘ, ਉਪ ਜ਼ਿਲ੍ਹਾ ਸਿੱਖਿਆ ਅਫਸਰ ਬਰਜਿੰਦਰਪਾਲ ਸਿੰਘ, ਜ਼ਿਲ੍ਹੇ ਦੇ ਉਘੇ ਖਿਡਾਰੀ ਹਰਪ੍ਰੀਤ ਸਿੰਘ ਹੈਪੀ, ਬਲਦੇਵ ਸਿੰੰਘ ਮਾਨ, ਜਸਵਿੰਦਰ ਕੌਰ ਆਸ਼ੂ, ਅਕਸ਼ਦੀਪ ਸਿੰਘ ਕਾਹਨੇਕੇ, ਸੰਤ ਬਾਬਾ ਚਰਨਪੁਰੀ ਜੀ, ਸਕੂਲ ਪ੍ਰਿੰਸੀਪਲ ਮੇਜਰ ਸਿੰਘ, ਖੇਡ ਪ੍ਰੇਮੀ ਤੇ ਹੋਰ ਪਤਵੰਤੇ ਹਾਜ਼ਰ ਸਨ।

error: Content is protected !!