Skip to main content

Gee 98News

ਬਰਨਾਲਾ ਦੇ ਜੱਚਾ ਬੱਚਾ ਹਸਪਤਾਲ ‘ਚ 26 ਕੁ ਵਰ੍ਹਿਆਂ ਦੀ ਗਰਭਵਤੀ ਔਰਤ ਦੀ ਮੌਤ, ਡਾਕਟਰਾਂ ‘ਤੇ ਲੱਗੇ ਲਾਪਰਵਾਹੀ ਦੇ ਦੋਸ਼

ਬਰਨਾਲਾ,28 ਸਤੰਬਰ (ਨਿਰਮਲ ਸਿੰਘ ਪੰਡੋਰੀ)-ਸਿਵਲ ਹਸਪਤਾਲ ਬਰਨਾਲਾ ਵਿਖੇ ਇਕ 26 ਕੁ ਵਰ੍ਹਿਆਂ ਦੀ ਗਰਭਵਤੀ ਔਰਤ ਦੀ ਮੌਤ ਹੋਣ ਤੋਂ ਬਾਅਦ ਹਾਲਾਤ ਉਸ ਵੇਲੇ ਤਣਾਅਪੂਰਨ ਬਣ ਗਏ ਜਦ ਮ੍ਰਿਤਕ ਔਰਤ ਦੇ ਵਾਰਸਾਂ ਨੇ ਲਾਸ਼ ਚੁੱਕਣ ਤੋਂ ਇਨਕਾਰ ਕਰ ਦਿੱਤਾ । ਮ੍ਰਿਤਕ ਔਰਤ ਅਨੂੰ ਦੇ ਵਾਰਸਾਂ ਨੇ ਦੋਸ਼ ਲਗਾਏ ਕਿ ਡਾਕਟਰਾਂ ਦੀ ਲਾਪਰਵਾਹੀ ਕਾਰਨ ਉਹਨਾਂ ਦੀ ਬੇਟੀ ਦੀ ਮੌਤ ਹੋਈ ਹੈ। ਹਸਪਤਾਲ ਵਿੱਚ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਔਰਤ ਅਨੂ ਦੇ ਪਿਤਾ ਰਜੇਸ਼ ਕੁਮਾਰ, ਭਰਾ ਸਚਿਨ ਨੇ ਦੱਸਿਆ ਕਿ ਉਹਨਾਂ ਦੀ ਬੇਟੀ ਅਨੂੰ ਹਰਿਆਣਾ ਦੇ ਆਦਮਪੁਰ ‘ਚ ਵਿਆਹੀ ਹੋਈ ਹੈ ਜੋ ਆਪਣੇ ਪੇਕੇ ਬਰਨਾਲਾ ਵਿਖੇ ਉਹਨਾਂ ਕੋਲ ਮਿਲਣ ਆਈ ਹੋਈ ਸੀ। ਉਹਨਾਂ ਦੱਸਿਆ ਕਿ ਅਨੂੰ 43 ਕੁ ਦਿਨਾਂ ਦੀ ਗਰਭਵਤੀ ਸੀ ਜਿਸ ਦੇ ਰਾਤ ਦਰਦ ਹੋਇਆ ਜਿਸ ਤੋਂ ਬਾਅਦ ਉਸਨੂੰ ਸਿਵਲ ਹਸਪਤਾਲ ਬਰਨਾਲਾ ਲਿਆਂਦਾ, ਜਿੱਥੇ ਮੌਕੇ ‘ਤੇ ਹਾਜ਼ਰ ਡਾਕਟਰ ਈਸ਼ਾ ਗੁਪਤਾ ਨੇ ਉਹਨਾਂ ਨੂੰ ਅਲਟਰਾਸਾਊਂਂਡ ਕਰਵਾਉਣ ਲਈ ਕਿਹਾ ਪ੍ਰੰਤੂ ਰਾਤ ਵੇਲੇ ਅਲਟਰਾਸਾਊਂਂਡ ਦੀ ਕੋਈ ਸੁਵਿਧਾ ਨਹੀਂ ਸੀ ਜਿਸ ਕਰਕੇ ਉਹ ਅਲਟਰਾਸਾਊਂਂਡ ਨਹੀਂ ਕਰਵਾ ਸਕੇ ਤੇ ਉਹਨਾਂ ਨੇ ਡਾਕਟਰ ਨੂੰ ਮਰੀਜ਼ ਨੂੰ ਦਾਖਲ ਕਰਨ ਲਈ ਕਿਹਾ ਪਰੰਤੂ ਡਾਕਟਰ ਨੇ ਦਵਾਈ ਦੇ ਕੇ ਵਾਪਸ ਘਰ ਮੋੜ ਦਿੱਤਾ ।

ਜਦ ਉਹ ਸਵੇਰੇ 8 ਕੁ ਵਜੇ ਕਰੀਬ ਫੇਰ ਹਸਪਤਾਲ ਅਨੂ ਨੂੰ ਲੈ ਕੇ ਆਏ ਤਾਂ ਮੌਕੇ ‘ਤੇ ਹਾਜ਼ਰ ਡਾਕਟਰ ਗਗਨਦੀਪ ਕੌਰ ਨੇ ਵੀ ਪਹਿਲਾਂ ਅਲਟਰਾਸਾਊਂਂਡ ਕਰਵਾਉਣ ਲਈ ਕਿਹਾ , ਦੂਜੇ ਪਾਸੇ ਅਲਟਰਾਸਾਊਂਂਡ ਕਰਨ ਲਈ ਡਿਊਟੀ ‘ਤੇ ਹਾਜ਼ਰ ਕਰਮਚਾਰੀ ਨੇ ਅਲਟਰਾਸਾਊਂਂਡ ਕਰਨ ਲਈ ਕਾਫੀ ਟਾਲ ਮਟੋਲ ਕੀਤੀ ਅਤੇ ਅਖੀਰ ਬਾਹਰੋਂ ਅਲਟਰਾਸਾਊਂਡ ਕਰਵਾਉਣ ਲਈ ਕਹਿ ਦਿੱਤਾ। ਉਹਨਾਂ ਦੱਸਿਆ ਕਿ ਉਹ ਮਜਬੂਰੀਵੱਸ ਅਨੂੰ ਨੂੰ ਬਾਹਰ ਅਲਟਰਾਸਾਊਂਡ ਕਰਵਾਉਣ ਲਈ ਲੈ ਕੇ ਗਏ ਜਿੱਥੇ ਵੀ ਕਾਫੀ ਟਾਈਮ ਲੱਗ ਗਿਆ, ਜਦੋਂ ਉਹ ਵਾਪਸ ਅਲਟਰਾਸਾਊਂਡ ਕਰਵਾ ਕੇ ਹਸਪਤਾਲ ਆਏ ਤਾਂ ਅਨੂੰ ਦੀ ਹਾਲਤ ਹੋਰ ਗੰਭੀਰ ਹੋ ਗਈ। ਅਨੂੰ ਦੇ ਵਾਰਸਾਂ ਨੇ ਦੋਸ ਲਗਾਇਆ ਕਿ ਮੌਕੇ ‘ਤੇ ਹਾਜ਼ਿਰ ਡਾਕਟਰਾਂ ਨੇ ਅਨੂੰ ਦੀ ਕੋਈ ਸਾਂਭ ਸੰਭਾਲ ਨਹੀਂ ਕੀਤੀ ਜਿਸ ਕਾਰਨ ਉਹਨਾਂ ਦੀ ਲੜਕੀ ਨੇ ਤੜਫ ਤੜਫ ਕੇ ਹਸਪਤਾਲ ਦੇ ਵਿੱਚ ਹੀ ਦਮ ਤੋੜ ਦਿੱਤਾ।

ਮ੍ਰਿਤਕ ਅਨੂੰ ਦੇ ਪਿਤਾ-ਭਰਾਵਾਂ ਨੇ ਦੋਸ਼ ਲਗਾਇਆ ਕਿ ਸਮੇਂ ਸਿਰ ਅਲਟਰਾਸਾਊਂਡ ਨਾ ਕਰਨ ਕਰਕੇ ਅਤੇ ਡਿਊਟੀ ‘ਤੇ ਹਾਜ਼ਰ ਡਾਕਟਰਾਂ ਦੀ ਲਾਪਰਵਾਹੀ ਕਾਰਨ ਅਨੂੰ ਦੀ ਮੌਤ ਹੋਈ ਹੈ। ਉਹਨਾਂ ਮੰਗ ਕੀਤੀ ਕਿ ਅਨੂੰ ਦੀ ਮੌਤ ਲਈ ਜ਼ਿੰਮੇਵਾਰ ਡਾਕਟਰਾਂ ‘ਤੇ ਹੋਰ ਕਰਮਚਾਰੀਆਂ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੇ ਇਹ ਵੀ ਕਿਹਾ ਕਿ ਜਦ ਤੱਕ ਸਬੰਧਤ ਦੋਸ਼ੀਆਂ ਖ਼ਿਲਾਫ਼ ਬਣਦੀ ਕਾਰਵਾਈ ਨਹੀਂ ਕੀਤੀ ਜਾਵੇਗੀ ਉਦੋਂ ਤੱਕ ਉਹ ਜੱਚਾ ਬੱਚਾ ਹਸਪਤਾਲ ਵਿੱਚੋਂ ਆਪਣੀ ਬੇਟੀ ਦੀ ਲਾਸ਼ ਨਹੀਂ ਲੈ ਕੇ ਜਾਣਗੇ। ਇਸ ਮਾਮਲੇ ਵਿੱਚ ਐਸਐਮਓ ਡਾਕਟਰ ਜੋਤੀ ਕੌਂਸਲ ਨੇ ਕਿਹਾ ਕਿ ਡਾਕਟਰਾਂ ਦਾ ਇੱਕ ਬੋਰਡ ਬਣਾ ਕੇ ਪੋਸਟਮਾਰਟਮ ਕਰਵਾਇਆ ਜਾਵੇਗਾ ਜਿਸ ਤੋਂ ਬਾਅਦ ਜੇਕਰ ਕਿਸੇ ਦੀ ਕੋਈ ਅਣਗਹਿਲੀ ਸਾਹਮਣੇ ਆਉਂਦੀ ਹੈ ਤਾਂ ਬਣਦੀ ਕਾਰਵਾਈ ਕੀਤੀ ਜਾਵੇਗੀ ।

Gee98 Ads
error: Content is protected !!