ਚੰਡੀਗੜ੍ਹ, 13 ਅਕਤੂਬਰ-ਕੈਨੇਡਾ ਵਿੱਚ ਭਾਰਤੀਆਂ ਦੀਆਂ ਹੋ ਰਹੀਆਂ ਮੌਤਾਂ ਸੰਬੰਧੀ ਹੈਰਾਨੀਜਨਕ ਅੰਕੜੇ ਸਾਹਮਣੇ ਆ ਰਹੇ ਹਨ। ਤਾਜ਼ਾ ਰਿਪੋਰਟਾਂ ਅਨੁਸਾਰ ਹਰ ਮਹੀਨੇ ਔਸਤਨ ਪੰਜ ਤੋਂ ਅੱਠ ਭਾਰਤੀਆਂ ਦੀਆਂ ਲਾਸ਼ਾਂ ਕੈਨੇਡਾ ਤੋਂ ਭਾਰਤ ਆਉਂਦੀਆਂ ਹਨ, ਇਹਨਾਂ ਵਿੱਚੋਂ ਬਹੁਤੇ ਉਹ ਹਨ ਜੋ ਵਰਕ ਪਰਮਿਟ ‘ਤੇ ਅਤੇ ਜਾਂ ਸਟੱਡੀ ਵੀਜੇ ‘ਤੇ ਕੈਨੇਡਾ ਗਏ ਹਨ। ਰਿਪੋਰਟ ਮੁਤਾਬਕ, ਵਿਦਿਆਰਥੀਆਂ ਦੀ ਮੌਤ ਦੇ ਸਾਹਮਣੇ ਆ ਰਹੇ ਕਾਰਨਾਂ ਵਿਚੋਂ ਖੁਦਕੁਸ਼ੀਆਂ , ਸੜਕ ਹਾਦਸੇ, ਕਤਲ, ਨਸ਼ੇ ਦੀ ਓਵਰਡੋਜ਼, ਦਿਲ ਦੇ ਦੌਰੇ ਅਤੇ ਡੁੱਬਣਾ ਆਦਿ ਸ਼ਾਮਲ ਹਨ। ਲਾਸ਼ਾਂ ਨੂੰ ਸੰਭਾਲਣ ਵਾਲੇ ਲੋਕਾਂ ਨੇ ਕਿਹਾ ਕਿ ਮ੍ਰਿਤਕਾਂ ਦੀ ਗਿਣਤੀ ਅਜੇ ਵੀ ਜ਼ਿਆਦਾ ਹੈ ਕਿਉਂਕਿ ਕੈਨੇਡਾ ਸਰਕਾਰ ਅੰਤਰਰਾਸ਼ਟਰੀ ਵਿਦਿਆਰਥੀਆਂ ਦੀਆਂ ਮੌਤਾਂ ਦੀ ਗਿਣਤੀ ਜਾਂ ਕਾਰਨਾਂ ਦਾ ਪਤਾ ਨਹੀਂ ਲਗਾਉਂਦੀ। ਇਹ ਅਨੁਮਾਨ ਸਿਰਫ਼ ਦੋ ਅੰਤਿਮ ਸਸਕਾਰ ਘਰਾਂ ਦੁਆਰਾ ਪ੍ਰਦਾਨ ਕੀਤੇ ਗਏ ਅੰਕੜਿਆਂ ‘ਤੇ ਅਧਾਰਤ ਹੈ। ਇਹ ਅੰਤਿਮ ਸਸਕਾਰ ਘਰ ਭਾਰਤ ਦੇ ਕੌਂਸਲੇਟ ਜਨਰਲ ਨਾਲ ਤਾਲਮੇਲ ਕਰਕੇ ਵਿਦਿਆਰਥੀਆਂ ਦੀਆਂ ਲਾਸ਼ਾਂ ਭਾਰਤੀ ਪਰਿਵਾਰਾਂ ਨੂੰ ਭੇਜ ਦਿੰਦੇ ਹਨ। ਪੋਸਟ ਮਾਰਟਮ ਸਿਰਫ਼ ਉਨ੍ਹਾਂ ਮੌਤਾਂ ਲਈ ਕੀਤੇ ਜਾਂਦੇ ਹਨ ਜਿਨ੍ਹਾਂ ਨੂੰ ਪੁਲਿਸ ਵੱਲੋਂ ਸ਼ੱਕੀ ਮੰਨਿਆ ਜਾਂਦਾ ਹੈ । ਇਹ ਵੀ ਸਾਹਮਣੇ ਆਇਆ ਹੈ ਕਿ ਅਜਿਹੀਆਂ ਮੌਤਾਂ ਦੀ ਗਿਣਤੀ 2018-19 ਤੋਂ ਬਾਅਦ ਵਧੀ ਹੈ, ਜਦ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਜਿਆਦਾ ਹੋਈ । ਪੰਜਾਬ ਲਈ ਇਹ ਅੰਕੜੇ ਹੋਰ ਵੀ ਚਿੰਤਾਜਨਕ ਹਨ ਕਿਉਂਕਿ ਵੱਡੀ ਗਿਣਤੀ ਵਿੱਚ ਪੰਜਾਬੀ ਵਿਦਿਆਰਥੀ ਕੈਨੇਡਾ ਜਾ ਰਹੇ ਹਨ। ਇਨਾਂ ਅੰਕੜਿਆਂ ਦਾ ਇੱਕ ਚਿੰਤਾਜਨਕ ਪਹਿਲੂ ਇਹ ਵੀ ਹੈ ਕਿ ਮਰਨ ਵਾਲੇ ਭਾਰਤੀਆਂ ਦੀ ਉਮਰ 20-21 ਸਾਲ ਤੱਕ ਹੀ ਸਾਹਮਣੇ ਆ ਰਹੀ ਹੈ। ਦੂਜੇ ਪਾਸੇ ਕੈਨੇਡੀਅਨ ਸਰਕਾਰ ਨੇ ਅਜਿਹੀਆਂ ਬੇਵਕਤੀ ਮੌਤਾਂ ਦੇ ਕਾਰਨਾਂ ਦਾ ਪਤਾ ਲਗਾਉਣ ਜਾਂ ਉਨ੍ਹਾਂ ਦੀ ਮਾਨਸਿਕ ਸਿਹਤ ਲਈ ਕੰਮ ਕਰਨ ਲਈ ਕੋਈ ਠੋਸ ਕਦਮ ਨਹੀਂ ਚੁੱਕੇ ਹਨ।