Gee 98News

ਲੁਧਿਆਣਾ,4 ਨਵੰਬਰ (Gee98 news service)-ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ ਸ਼ੁੱਕਰਵਾਰ ਨੂੰ ਜ਼ਿਲ੍ਹਾ ਲੁਧਿਆਣਾ ਦੇ ਕਸਬਾ ਸਾਹਨੇਵਾਲ ਦੇ ਕਮਿਊਨਿਟੀ ਹੈਲਥ ਸੈਂਟਰ (ਸੀ.ਐਚ.ਸੀ.) ਵਿੱਚ ਤਾਇਨਾਤ ਡਾ: ਪੂਨਮ ਗੋਇਲ, ਐਸ.ਐਮ.ਓ. ਅਤੇ ਡਾ: ਗੌਰਵ ਜੈਨ, ਬੀ.ਏ.ਐਮ.ਐਸ. ਨੂੰ ਕੁਲਵਿੰਦਰ ਸਿੰਘ ਵਾਸੀ ਗੁਰੂ ਅਰਜਨ ਦੇਵ ਨਗਰ, ਸਾਹਨੇਵਾਲ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ‘ਤੇ 15,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਗ੍ਰਿਫਤਾਰ ਕੀਤਾ ਗਿਆ ਹੈ। ਉਕਤ ਡਾਕਟਰਾਂ ਦੀ ਸ਼ਿਕਾਇਤ ਕਰਨ ਵਾਲੇ ਨੇ ਵਿਜੀਲੈਂਸ ਨੂੰ ਦੱਸਿਆ ਕਿ ਉਹ ਸਾਹਨੇਵਾਲ ਵਿਖੇ ਡੱਬ ਮੈਡੀਕਲ ਸਟੋਰ ਚਲਾ ਰਿਹਾ ਹੈ, ਜਿੱਥੇ ਡਾ: ਗੌਰਵ ਜੈਨ 2 ਹੋਰਾਂ ਨਾਲ 26 ਅਕਤੂਬਰ 2023 ਨੂੰ ਉਸਦੀ ਕੈਮਿਸਟ ਦੀ ਦੁਕਾਨ ‘ਤੇ ਚੈਕਿੰਗ ਲਈ ਆਇਆ ਅਤੇ ਉਥੇ ਮੌਜੂਦ ਉਸਦੇ ਭਰਾ ਨੂੰ ਆਖਿਆ ਕਿ ਕੁਲਵਿੰਦਰ ਸਿੰਘ (ਸ਼ਿਕਾਇਤਕਰਤਾ) ਵਿਰੁੱਧ ਬਿਨਾਂ ਲਾਇਸੈਂਸ ਤੋਂ ਦਵਾਈਆਂ ਵੇਚਣ ਅਤੇ ਗੈਰ-ਕਾਨੂੰਨੀ ਪੈਥੋਲੋਜੀਕਲ ਲੈਬਾਰਟਰੀ ਚਲਾਉਣ ਦੀ ਸ਼ਿਕਾਇਤ ਹੈ। ਇਸ ਮੌਕੇ ਹੀ ਡਾਕਟਰ ਗੌਰਵ ਜੈਨ ਨੇ ਉਸਦੇ ਭਰਾ ਨੂੰ ਐਸ.ਐਮ.ਓ. ਡਾ: ਪੂਨਮ ਗੋਇਲ ਨੂੰ ਮਿਲਣ ਲਈ ਕਿਹਾ। ਜਦੋਂ ਉਹ ਗੋਇਲ ਨੂੰ ਮਿਲਿਆ ਤਾਂ ਉਸਨੇ ਉਸਦੀ ਮੈਡੀਕਲ ਦੁਕਾਨ ਨੂੰ ਸੀਲ ਕਰਨ ਅਤੇ ਉਸਦੇ ਖਿਲਾਫ਼ ਮਾਮਲਾ ਦਰਜ ਕਰਵਾਉਣ ਦੀ ਧਮਕੀ ਦਿੱਤੀ ਜਾਂ ਉਸਨੂੰ ਮਾਮਲਾ ਸੁਲਝਾਉਣ ਲਈ ਡਾਕਟਰ ਗੌਰਵ ਜੈਨ ਨੂੰ ਮਿਲਣ ਲਈ ਕਿਹਾ। ਇਸ ਤੋਂ ਬਾਅਦ ਡਾਕਟਰ ਗੌਰਵ ਜੈਨ ਨੇ ਸ਼ਿਕਾਇਤਕਰਤਾ ਨੂੰ ਦੱਸਿਆ ਕਿ ਐਸ.ਐਮ.ਓ. ਮੈਡਮ ਇੱਕ ਲੱਖ ਰੁਪਏ ਰਿਸ਼ਵਤ ਮੰਗ ਰਹੀ ਹੈ ਪਰ ਮਿੰਨਤਾਂ ਕਰਨ ‘ਤੇ ਸੌਦਾ 20 ਹਜ਼ਾਰ ਰੁਪਏ ਵਿੱਚ ਹੋ ਗਿਆ। ਸ਼ਿਕਾਇਤਕਰਤਾ ਨੇ ਦੱਸਿਆ ਕਿ ਡਾਕਟਰ ਗੌਰਵ ਜੈਨ ਨੇ ਉਸੇ ਦਿਨ ਹੀ ਉਸ ਕੋਲ਼ੋਂ 5 ਹਜ਼ਾਰ ਰੁਪਏ ਲੈ ਲਏ ਸਨ ਅਤੇ ਹੁਣ ਬਾਕੀ ਰਕਮ ਦੇਣ ਦੀ ਮੰਗਦਾ ਹੈ। ਡਾ: ਗੌਰਵ ਜੈਨ ਨਾਲ ਫ਼ੋਨ ਕਾਲਾਂ ਦੌਰਾਨ ਸ਼ਿਕਾਇਤਕਰਤਾ ਨੇ ਗੱਲਬਾਤ ਦੀ ਰਿਕਾਰਡਿੰਗ ਕਰ ਲਈ ਜੋ ਉਸਨੇ ਸਬੂਤ ਵਜੋਂ ਵਿਜੀਲੈਂਸ ਨੂੰ ਸੌਂਪੀ ਹੈ। ਵਿਜੀਲੈਂਸ ਬੁਲਾਰੇ ਨੇ ਦੱਸਿਆ ਕਿ ਇਸ ਸ਼ਿਕਾਇਤ ਦੀ ਮੁੱਢਲੀ ਜਾਂਚ ਤੋਂ ਬਾਅਦ ਵਿਜੀਲੈਂਸ ਬਿਊਰੋ ਦੀ ਟੀਮ ਨੇ ਜਾਲ ਵਿਛਾਇਆ ਜਿਸ ਵਿੱਚ ਦੋਸ਼ੀ ਡਾਕਟਰ ਗੌਰਵ ਜੈਨ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ 15000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਅਤੇ ਇਸ ਤੋਂ ਬਾਅਦ ਡਾਕਟਰ ਪੂਨਮ ਗੋਇਲ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਸਬੰਧੀ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7 ਅਤੇ ਆਈ.ਪੀ.ਸੀ. ਦੀ 120-ਬੀ ਤਹਿਤ ਵਿਜੀਲੈਂਸ ਬਿਓਰੋ ਦੇ ਥਾਣਾ ਲੁਧਿਆਣਾ ਰੇਂਜ ਵਿਖੇ ਐਫ.ਆਈ.ਆਰ. ਨੰਬਰ 28 ਦਰਜ ਕਰ ਲਈ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਹੋਰ ਜਾਂਚ ਜਾਰੀ ਹੈ।

Leave a Reply

Your email address will not be published. Required fields are marked *

error: Content is protected !!