ਚੰਡੀਗੜ੍ਹ,16 ਨਵੰਬਰ-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਵੱਲੋਂ ਕੱਲ੍ਹ ਪਾਰਟੀ ਦਫ਼ਤਰ ਵਿਖੇ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਕੀਤੇ ਖ਼ੁਲਾਸਿਆਂ ਨੇ ਆਮ ਆਦਮੀ ਪਾਰਟੀ ਅਤੇ ਭਗਵੰਤ ਮਾਨ ਸਰਕਾਰ ਨੂੰ ਬਦਲਦੇ ਠੰਢ ਦੇ ਮੌਸਮ ਵਿੱਚ ਤਰੇਲੀਆਂ ਲਿਆ ਦਿੱਤੀਆਂ ਹਨ। ਜਿੱਥੇ ਮਜੀਠੀਆ ਦੀ ਪ੍ਰੈੱਸ ਕਾਨਫਰੰਸ ਤੋਂ ਪਹਿਲਾਂ ਇਹ ਏਜੰਸੀਆਂ ਮਜੀਠੀਆ ਦੀ ਪ੍ਰੈਸ ਕਾਨਫਰੰਸ ਦੇ ਪਾਤਰ ਬਾਰੇ ਜਾਨਣ ਦੀ ਕੋਸ਼ਿਸ਼ ਕਰਦੀਆਂ ਰਹੀਆਂ ਪ੍ਰੰਤੂ ਜਾਣ ਨਹੀਂ ਸਕਦੀਆਂ ਉੱਥੇ ਪ੍ਰੈਸ ਕਾਨਫਰੰਸ ਦੌਰਾਨ ਮਜੀਠੀਆ ਨੇ ਇੱਕ ਗਿਫਟ ਰੂਪੀ ਡੱਬੇ ਵਿੱਚ ਜਦੋਂ ਪੱਤਰਕਾਰਾਂ ਨੂੰ ਪੈਨ ਡਰਾਈਵ ਦਿਖਾਈ ਅਤੇ ਕਿਹਾ ਕਿ ਇਸ ਵਿੱਚ ਮੌਜੂਦਾ ਕੈਬਨਿਟ ਮੰਤਰੀ ਦੀਆਂ ਨਾਦੇਖਣਯੋਗ ਹਰਕਤਾਂ ਹਨ ਤਾਂ ਸਮੁੱਚਾ ਸਰਕਾਰੀਤੰਤਰ ਹਿੱਲ ਗਿਆ। ਪ੍ਰੈਸ ਕਾਨਫਰੰਸ ਦੌਰਾਨ ਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਨਾਲ ਫੋਨ ‘ਤੇ ਗੱਲ ਵੀ ਕਰਨੀ ਚਾਹੀ ਤਾਂ ਜੋ ਉਹਨਾਂ ਨੂੰ ਕੈਬਨਿਟ ਮੰਤਰੀ ਦੀਆਂ ਹਰਕਤਾਂ ਦਾ ਇਹ ਸਬੂਤ ਦਿੱਤਾ ਜਾ ਸਕੇ ਪ੍ਰੰਤੂ ਮੁੱਖ ਮੰਤਰੀ ਨਾਲ ਮਜੀਠੀਆ ਦੀ ਗੱਲ ਨਹੀਂ ਹੋ ਸਕੀ। ਪ੍ਰੈਸ ਕਾਨਫਰੰਸ ਦੇ ਸ਼ੁਰੂ ਵਿੱਚ ਇਹ ਵੀ ਲੱਗਿਆ ਕਿ ਮਜੀਠੀਆ ਸ਼ਾਇਦ ਹਵਾ ਵਿੱਚ ਗੱਲਾਂ ਕਰ ਰਿਹਾ ਪ੍ਰੰਤੂ ਜਦੋਂ ਪੱਤਰਕਾਰਾਂ ਦੇ ਕਹਿਣ ‘ਤੇ ਇੱਕ ਗਿਫਟ ਰੂਪੀ ਡੱਬਾ ਖੋਲਿਆ ਤਾਂ ਉਸ ਵਿੱਚੋਂ ਇੱਕ ਪੈਨ ਡਰਾਈਵ ਨਿਕਲੀ, ਜਿਸ ਤੋਂ ਬਾਅਦ ਕਾਨਫਰੰਸ ਵਿੱਚ ਮੌਜੂਦ ਪੱਤਰਕਾਰਾਂ ਦੇ ਚਿਹਰਿਆਂ ਦੇ ਹਾਵ ਭਾਵ ਵੀ ਬਦਲੇ। ਬਿਕਰਮ ਮਜੀਠੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦਿੱਲੀ ਦੇ ਇੱਕ ਮੰਤਰੀ ਦਾ ਜ਼ਿਕਰ ਕੀਤਾ ਜਿਸ ਨੇ ਰਾਸ਼ਨ ਕਾਰਡ ਬਣਾਉਣ ਬਦਲੇ ਇੱਕ ਪੀੜ੍ਹਤ ਦਾ ਸ਼ੋਸ਼ਣ ਕੀਤਾ ਸੀ। ਮਜੀਠੀਆ ਦੇ ਇਸ ਜ਼ਿਕਰ ਤੋਂ ਬਾਅਦ ਇਹ ਅੰਦਾਜ਼ਾ ਵੀ ਲਗਾਇਆ ਜਾ ਸਕਦਾ ਹੈ ਕਿ ਪੰਜਾਬ ਦੇ ਜਿਹੜੇ ਕੈਬਨਿਟ ਮੰਤਰੀ ਦੀਆਂ ਅਸ਼ਲੀਲ ਹਰਕਤਾਂ ਦੀ ਗੱਲ ਬਿਕਰਮ ਮਜੀਠੀਆ ਕਰ ਰਹੇ ਹਨ ਉਹ ਅਜਿਹਾ ਹੀ ਕੋਈ ਮਾਮਲਾ ਹੈ ਜਿਸ ਵਿੱਚ ਮੰਤਰੀ ਕਿਸੇ “ਲੋੜਵੰਦ” ਦਾ ਸ਼ੋਸ਼ਣ ਕਰ ਰਹੇ ਹਨ। ਪ੍ਰੈਸ ਕਾਨਫਰੰਸ ਦੌਰਾਨ ਮਜੀਠੀਆ ਵੱਲੋਂ ਵਰਤੀ ਜਾ ਰਹੀ ਭਾਸ਼ਾ ਦਾ ਜ਼ਿਕਰ ਕਰਦੇ ਹੋਏ ਮਜੀਠੀਆ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਇਹੋ ਭਾਸ਼ਾ ਹੀ ਸਮਝ ਆਉਂਦੀ ਹੈ। ਪੱਤਰਕਾਰਾਂ ਦੇ ਵਾਰ-ਵਾਰ ਪੁੱਛਣ ਦੇ ਬਾਵਜੂਦ ਵੀ ਮਜੀਠੀਆ ਨੇ ਮੰਤਰੀ ਦਾ ਨਾਮ ਜ਼ਾਹਿਰ ਨਹੀਂ ਕੀਤਾ ਪ੍ਰੰਤੂ ਮੌਕੇ ‘ਤੇ ਮਜੀਠੀਆ ਨੇ ਕੁਝ ਮੰਤਰੀਆਂ ਦੀ ਮੁੱਖ ਮੰਤਰੀ ਨਾਲ ਫੋਟੋ ਦਿਖਾਈ ਅਤੇ ਕਿਹਾ ਕਿ ਇਸੇ ਫੋਟੋ ਵਿੱਚ ਉਹ ਮੰਤਰੀ ਖੜਾ ਹੈ। ਪੱਤਰਕਾਰਾਂ ਨੇ ਹਰ ਹੀਲੇ-ਵਸੀਲੇ ਮੰਤਰੀ ਦੇ ਨਾਮ ਸਬੰਧੀ ਸੰਕੇਤ ਜਾਨਣ ਦਾ ਯਤਨ ਕੀਤਾ ਪ੍ਰੰਤੂ ਮਜੀਠੀਆ ਨੇ ਭਗਵੰਤ ਮਾਨ ਵਾਲੇ ਤੌਰ ਤਰੀਕੇ ਵਰਤਦੇ ਹੋਏ “ਪੈਰਾਂ ‘ਤੇ ਪਾਣੀ” ਨਹੀਂ ਪੈਣ ਦਿੱਤਾ ਅਤੇ ਕਿਹਾ ਕਿ ਉਹ ਇਹ ਪੈਨ ਡਰਾਈਵ ਭਗਵੰਤ ਮਾਨ ਨੂੰ ਹੀ ਦੇਣਗੇ ਪ੍ਰੰਤੂ ਜੇਕਰ ਭਗਵੰਤ ਮਾਨ ਨੇ ਸਮਾਂ ਨਾ ਦਿੱਤਾ ਤਾਂ ਉਹ ਇਸ ਉੱਪਰ ਕਾਰਵਾਈ ਕਰਵਾਉਣ ਲਈ ਹੋਰ ਵਿਕਲਪਾਂ ਬਾਰੇ ਸੋਚਣਗੇ। ਚਰਚਾ ਇਹ ਵੀ ਹੈ ਕਿ ਮਜੀਠੀਆ ਦੀ ਪ੍ਰੈੱਸ ਕਾਨਫਰੰਸ ਤੋਂ ਪਹਿਲਾਂ ਹੀ ਮੁੱਖ ਮੰਤਰੀ ਭਗਵੰਤ ਮਾਨ ਅਤੇ ਹੋਰ ਮੰਤਰੀਆਂ ਨੂੰ ਸੰਬੰਧਿਤ ਮੰਤਰੀ ਬਾਰੇ ਪਤਾ ਤਾਂ ਲੱਗ ਗਿਆ ਹੈ ਅਤੇ ਹੁਣ ਸਰਕਾਰੀ ਏਜੰਸੀਆਂ ਮੰਤਰੀ ਦੀ “ਨੀਲੀ ਫਿਲਮ” ਵਿਚਲੀ ਪੀੜ੍ਹਤ ਦੀ ਭਾਲ ਕਰਨ ‘ਤੇ ਲੱਗੀਆਂ ਹੋਈਆਂ ਹਨ ਤਾਂ ਜੋ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਦੀ ਵੀਡੀਓ ਦੇ ਪੀੜ੍ਹਤ ਵਾਂਗ ਇਸ ਮਾਮਲੇ ਨਾਲ ਨਜਿੱਠਿਆ ਜਾ ਸਕੇ। ਸਰਕਾਰ ਦੇ ਇੱਕ ਕੈਬਨਿਟ ਮੰਤਰੀ ਦੀ ਅਸ਼ਲੀਲ ਵੀਡੀਓ ਦੇ ਖ਼ਿਲਾਫ਼ ਜਿਸ ਤਰ੍ਹਾਂ ਅਕਾਲੀ ਆਗੂ ਮਜੀਠੀਆ ਨੇ ਕੀਤਾ ਇਸ ਨੇ ਰਾਜਨੀਤਿਕ ਮਾਹਿਰਾਂ ਤੇ ਅਫਸਰਸ਼ਾਹੀ ਨੂੰ ਵੀ ਹੈਰਾਨ ਕੀਤਾ ਹੈ। ਮੰਨਿਆ ਜਾ ਰਿਹਾ ਸੀ ਕਿ ਮਜੀਠੀਆ ਪ੍ਰੈਸ ਕਾਨਫਰੰਸ ਦੌਰਾਨ ਵੀਡੀਓ ਰਿਲੀਜ਼ ਕਰਨਗੇ ਜਾਂ ਫਿਰ ਮੰਤਰੀ ਦਾ ਨਾਮ ਜੱਗ ਜ਼ਾਹਿਰ ਕਰ ਦੇਣਗੇ ਪ੍ਰੰਤੂ ਜਿਸ ਰਣਨੀਤੀ ਨਾਲ ਮਜੀਠੀਆ ਨੇ ਇਸ ਮਾਮਲੇ ਵਿੱਚ ਗੱਲਬਾਤ ਕੀਤੀ ਉਸ ਤੋਂ ਲੱਗਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਆਮ ਆਦਮੀ ਪਾਰਟੀ ਦਾ ਉਸੇ ਤਰ੍ਹਾਂ ਹੀ ਸਿਆਸੀ ਜਲੂਸ ਕੱਢੇਗਾ ਜਿਸ ਤਰ੍ਹਾਂ 2017 ਦੀਆਂ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਆਈਟੀ ਵਿੰਗ ਨੇ ਸ਼੍ਰੋਮਣੀ ਅਕਾਲੀ ਦਲ ਦੇ ਕੁਝ ਆਗੂਆਂ ਦਾ ਕੱਢਿਆ ਸੀ।







