Gee 98News

ਮਹੇਸ਼ ਕੁਮਾਰ ਲੋਟਾ ਨੂੰ ਅੱਜ ਅਦਾਲਤ ਵਿੱਚ ਪੇਸ਼ ਕਰਾਂਗੇ-ਡੀਐਸਪੀ ਬੈਂਸ

ਬਰਨਾਲਾ,18 ਨਵੰਬਰ ( ਨਿਰਮਲ ਸਿੰਘ ਪੰਡੋਰੀ)-ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਮਹੇਸ਼ ਕੁਮਾਰ ਲੋਟਾ ਸਾਬਕਾ ਐਮਸੀ ਉੱਪਰ ਮੁਕੱਦਮਾ ਦਰਜ ਹੋਣ ਤੋਂ ਬਾਅਦ ਬਰਨਾਲਾ ਦੀ ਸਿਆਸਤ ਗਰਮਾ ਗਈ ਹੈ। ਦੱਸਣਯੋਗ ਹੈ ਕਿ ਮਹੇਸ਼ ਕੁਮਾਰ ਲੋਟਾ ਉੱਪਰ ਬੀਤੀ ਰਾਤ ਇੱਕ ਲੜਾਈ ਝਗੜੇ ਤੋਂ ਬਾਅਦ ਲੁੱਟ-ਖੋਹ ਤੇ ਕੁੱਟਮਾਰ ਦਾ ਥਾਣਾ ਸਿਟੀ-2 ਵਿੱਚ ਪਰਚਾ ਦਰਜ ਕੀਤਾ ਗਿਆ ਸੀ ਜਿਸ ਤੋਂ ਬਾਅਦ ਸਵੇਰੇ ਉਹਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ, ਮਹੇਸ਼ ਲੋਟਾ ਦੇ ਨਾਲ ਇੱਕ ਹੋਰ ਵਿਅਕਤੀ ਘੋਨਾ ਸ਼ੈਲਰ ਵਾਲਿਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਥਾਣਾ ਸਿਟੀ-2 ਵਿਖੇ ਮੁੱਦਈ ਪੰਕਜ ਬਾਂਸਲ ਪੁੱਤਰ ਰਾਜੇਸ਼ ਬਾਂਸਲ ਵਾਸੀ ਮਹੇਸ਼ ਕਲੋਨੀ ਕੋਠੀ ਨੰਬਰ 110 ਬਰਨਾਲਾ ਦੇ ਬਿਆਨਾਂ ‘ਤੇ ਮਹੇਸ਼ ਕੁਮਾਰ ਲੋਟਾ, ਟਿੰਕੂ ਖ਼ਾਨ,ਘੋਨਾ ਸ਼ੈਲਰ ਵਾਲਾ ਅਤੇ ਲਕਸ਼ੇ ਕੁਮਾਰ ਸਮੇਤ ਚਾਰ-ਪੰਜ ਹੋਰ ਅਣਪਛਾਤੇ ਵਿਅਕਤੀਆਂ ‘ਤੇ ਧਾਰਾ 379,323,324,505,148,149 ਅਤੇ 25/54/59 ਆਰਮਜ਼ ਐਕਟ ਤਹਿਤ ਪਰਚਾ ਦਰਜ ਕੀਤਾ ਗਿਆ ਹੈ। ਮਦਈ ਨੇ ਆਪਣੇ ਬਿਆਨਾਂ ਵਿੱਚ ਲਿਖਵਾਇਆ ਕਿ ਉਹ ਆਪਣੇ ਸਾਥੀਆਂ ਸਮੇਤ ਇੱਕ ਹੋਟਲ ਵਿੱਚ ਖਾਣਾ ਖਾਣ ਲਈ ਗਿਆ ਜਿੱਥੇ ਮਹੇਸ਼ ਕੁਮਾਰ ਲੋਟਾ ਦੇ ਨਾਲ ਆਏ ਵਿਅਕਤੀਆਂ ਨੇ ਪੈਸਿਆਂ ਦੇ ਲੈਣ ਦੇਣ ਦੇ ਮਾਮਲੇ ਵਿੱਚ ਬਹਿਸਬਾਜ਼ੀ ਕਰਨ ਤੋਂ ਬਾਅਦ ਤੇਜ਼ਧਾਰ ਹਥਿਆਰ ਨਾਲ ਉਸ ‘ਤੇ ਹਮਲਾ ਕੀਤਾ ਤੇ ਇਸ ਦੌਰਾਨ ਮਹੇਸ਼ ਲੋਟਾ ਨੇ ਉਸ ਉਪਰ ਪਿਸਤੌਲ ਵੀ ਤਾਣਿਆ ਅਤੇ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ।ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਸੀਨੀਅਰ ਕਾਂਗਰਸੀ ਆਗੂਆਂ ਸਮੇਤ ਡੀਐਸਪੀ ਬਰਨਾਲਾ ਸਤਵੀਰ ਸਿੰਘ ਬੈਂਸ ਨੂੰ ਉਕਤ ਮਾਮਲੇ ਵਿੱਚ ਮਿਲਣ ਤੋਂ ਬਾਅਦ ਗੱਲਬਾਤ ਕਰਦੇ ਹੋਏ ਕਿਹਾ ਕਿ ਨਗਰ ਕੌਂਸਲ ਦੀ ਪ੍ਰਧਾਨਗੀ ਦੇ ਮਾਮਲੇ ‘ਚ ਮੂੰਹ ਦੀ ਖਾਣ ਤੋਂ ਬਾਅਦ ਸੱਤਾਧਾਰੀ ਧੱਕੇਸ਼ਾਹੀ ‘ਤੇ ਉੱਤਰ ਆਏ ਹਨ। ਉਹਨਾਂ ਕਿਹਾ ਕਿ ਸਾਰਾ ਜੱਗ ਜਾਣਦਾ ਹੈ ਕਿ ਇਸ ਮਹੇਸ਼ ਕੁਮਾਰ ਲੋਟਾ ਲੁੱਟਖੋਹ ਕਰਨ ਵਰਗੇ ਘਿਨਾਉਣੇ ਕਾਰਨਾਮਿਆਂ ਤੋਂ ਕੋਹਾਂ ਦੂਰ ਹੈ। ਕਾਲਾ ਢਿੱਲੋਂ ਨੇ ਕਿਹਾ ਕਿ ਡੀਐਸਪੀ ਬਰਨਾਲਾ ਨੂੰ ਮਿਲ ਕੇ ਇਨਸਾਫ਼ ਦੀ ਮੰਗ ਕੀਤੀ ਹੈ ਜੇਕਰ ਇਨਸਾਫ਼ ਨਾ ਮਿਲਿਆ ਤਾਂ ਕਾਂਗਰਸ ਪਾਰਟੀ ਵੱਲੋਂ ਤਿੱਖਾ ਐਕਸ਼ਨ ਕੀਤਾ ਜਾਵੇਗਾ। ਦੂਜੇ ਪਾਸੇ ਡੀਐਸਪੀ ਸਤਵੀਰ ਸਿੰਘ ਬੈਂਸ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਮਹੇਸ਼ ਲੋਟਾ ਸਮੇਤ ਗ੍ਰਿਫ਼ਤਾਰ ਕੀਤੇ ਘੋਨਾ ਸ਼ੈਲਰ ਵਾਲੇ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਇਸ ਮਾਮਲੇ ‘ਚ ਲੋੜੀਦੇ ਦੂਜੇ ਵਿਅਕਤੀਆਂ ਨੂੰ ਵੀ ਜਲਦੀ ਹੀ ਗ੍ਰਿਫ਼ਤਾਰ ਕੀਤਾ ਜਾਵੇਗਾ।

Leave a Reply

Your email address will not be published. Required fields are marked *

error: Content is protected !!