Skip to main content

Gee 98News

ਰਾਜਸਥਾਨ ‘ਚ ‘ਆਪ’ ਦੇ ਦੋ ਉਮੀਦਵਾਰਾਂ ਨੇ ਐਨ ਮੌਕੇ ‘ਤੇ ਛੱਡ ਦਿੱਤਾ ਝਾੜੂ, ਕਾਂਗਰਸ ਨੂੰ ਦੇ ਦਿੱਤੀ ਹਮਾਇਤ

ਚੰਡੀਗੜ੍ਹ,24 ਨਵੰਬਰ-ਪੰਜਾਬ ਦੇ ਗੁਆਂਢੀ ਸੂਬੇ ਰਾਜਸਥਾਨ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨਾਲ ਸਿਆਸੀ ਜੱਗੋ ਤੇਰਵੀਂ ਹੋ ਗਈ। ਰਾਜਸਥਾਨ ਵਿੱਚ ‘ਆਪ’ ਦੇ ਦੋ ਅਜਿਹੇ ਉਮੀਦਵਾਰਾਂ ਨੇ ਮੌਕੇ ‘ਤੇ ਚੋਣ ਮੈਦਾਨ ਵਿੱਚੋਂ ਹਟਣ ਦਾ ਐਲਾਨ ਕਰ ਦਿੱਤਾ ਜਿਨਾਂ ਦੇ ਹੱਕ ਵਿੱਚ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਤਾਬੜਤੋੜ ਰੈਲੀਆਂ ਕੀਤੀਆਂ, ਰੋਡ ਸ਼ੋਅ ਕੀਤੇ ਅਤੇ ਚੋਣ ਪ੍ਰਚਾਰ ਕੀਤਾ। ‘ਆਪ’ ਦੇ ਇਹਨਾਂ ਦੋ ਉਮੀਦਵਾਰਾਂ ਨੇ ਚੋਣ ਮੈਦਾਨ ਚੋਂ ਹਟਣ ਦਾ ਐਲਾਨ ਹੀ ਨਹੀਂ ਕੀਤਾ ਸਗੋਂ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਹਮਾਇਤ ਵੀ ਦੇ ਦਿੱਤੀ। ਸਾਹਮਣੇ ਆ ਰਹੀ ਜਾਣਕਾਰੀ ਮੁਤਾਬਕ ਜੈਪੁਰ ਦੀ ਹਵਾ ਮਹਿਲ ਸੀਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਪੱਪੂ ਕੁਰੈਸ਼ੀ ਨੇ ਚੋਣ ਮੈਦਾਨ ਵਿੱਚੋਂ ਹਟ ਕੇ ਕਾਂਗਰਸ ਦੇ ਆਰ ਆਰ ਤਿਵਾੜੀ ਨੂੰ ਹਮਾਇਤ ਦੇ ਦਿੱਤੀ, ਦੂਜੇ ਪਾਸੇ ਆਦਰਸ਼ ਨਗਰ ਸੀਟ ਤੋਂ ਆਮ ਆਦਮੀ ਪਾਰਟੀ ਦੇ ਉਮਰ ਦਰਾਜ ਨੇ ਚੋਣ ਮੈਦਾਨ ਵਿੱਚੋਂ ਹਟਣ ਦਾ ਐਲਾਨ ਕੀਤਾ ਅਤੇ ਕਾਂਗਰਸ ਤੇ ਰਫੀਕ ਖਾਨ ਨੂੰ ਹਮਾਇਤ ਦੇ ਦਿੱਤੀ। ਦੱਸ ਦਈਏ ਕਿ ਰਾਜਸਥਾਨ ਵਿਧਾਨ ਸਭਾ ਚੋਣਾਂ ਲਈ 25 ਨਵੰਬਰ ਨੂੰ ਵੋਟਾਂ ਪੈ ਰਹੀਆਂ ਜਿਨਾਂ ਲਈ ਚੋਣ ਪ੍ਰਚਾਰ ਵੀਰਵਾਰ ਸ਼ਾਮ ਬੰਦ ਹੋ ਚੁੱਕਾ ਹੈ। ਆਮ ਆਦਮੀ ਪਾਰਟੀ ਦੇ ਦੋ ਉਮੀਦਵਾਰਾਂ ਵੱਲੋਂ ਐਨ ਮੌਕੇ ‘ਤੇ ਕੀਤੇ ਹੈਰਾਨੀਜਨਕ ਫੈਸਲੇ ਨੇ ਆਪ ਵੱਲੋਂ ਲੜੀਆਂ ਜਾ ਰਹੀਆਂ ਸਾਰੀਆਂ ਸੀਟਾਂ ‘ਤੇ ਸਥਿਤੀ ਹਾਸੋਹੀਣੀ ਬਣਾ ਦਿੱਤੀ ਹੈ। ਜਿਨਾਂ ਉਮੀਦਵਾਰਾਂ ਦੇ ਹੱਕ ਵਿੱਚ ਆਪ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਪ੍ਰਚਾਰ ਕੀਤਾ ਜੇਕਰ ਉਹੀ ਉਮੀਦਵਾਰ ਚੋਣ ਮੈਦਾਨ ਵਿੱਚੋਂ ਹਟ ਗਏ ਹਨ ਤਾਂ ਬਾਕੀ ਉਮੀਦਵਾਰਾਂ ਦੀ ਦਿੱਖ ‘ਤੇ ਯਕੀਨਨ ਇਸ ਦਾ ਅਸਰ ਪਵੇਗਾ। ਜ਼ਿਕਰਯੋਗ ਹੈ ਕਿ ਰਾਜਸਥਾਨ ਵਿੱਚ ਚੋਣ ਪ੍ਰਚਾਰ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ ਵੱਲੋਂ ਵਿਧਾਨ ਸਭਾ ਚੋਣਾਂ ਵੇਲੇ ਵੋਟਰਾਂ ਨੂੰ ਦਿੱਤੀਆਂ ਗਰੰਟੀਆਂ ਪੂਰੀਆਂ ਕਰਨ ਦਾ ਖ਼ੂਬ ਪ੍ਰਚਾਰ ਕੀਤਾ ਪ੍ਰੰਤੂ ਇਸ ਦੇ ਬਾਵਜੂਦ ਵੀ ਰਾਜਸਥਾਨ ‘ਚ ਚੋਣਾਂ ਲੜ ਰਹੇ ਪਾਰਟੀ ਉਮੀਦਵਾਰਾਂ ਨੇ ਚੋਣ ਮੈਦਾਨ ਚੋਂ ਹਟ ਕੇ ਕਾਂਗਰਸ ਨੂੰ ਹਮਾਇਤ ਦੇਣ ਦਾ ਫੈਸਲਾ ਲਿਆ।

error: Content is protected !!