Gee 98News

ਚੰਡੀਗੜ੍ਹ, 28 ਨਵੰਬਰ-ਪਟਿਆਲਾ ਜੇਲ੍ਹ ‘ਚ ਬੰਦ ਫਾਂਸੀ ਸਜ਼ਾਯਾਫਤਾ ਅਤੇ ਪੰਜ ਦਸੰਬਰ ਤੋਂ ਭੁੱਖ ਹੜਤਾਲ ਤੇ ਬੈਠਣ ਲਈ ਬਜ਼ਿਦ ਬਲਵੰਤ ਸਿੰਘ ਰਾਜੋਆਣਾ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਮੁਲਾਕਾਤ ਕੀਤੀ। ਕਰੀਬ ਦੋ ਘੰਟੇ ਦੀ ਮੁਲਾਕਾਤ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਧਾਮੀ ਨੇ ਦੱਸਿਆ ਕਿ ਰਾਜੋਆਣਾ ਨੇ ਮਰਸੀ ਪਟੀਸ਼ਨ ਵਾਪਸ ਨਾ ਲੈਣ ‘ਤੇ ਭੁੱਖ ਹੜਤਾਲ ਕਰਨ ਦੀ ਗੱਲ ਆਖੀ ਹੈ ਜਿਸ ‘ਤੇ ਲੰਬੀ ਚਰਚਾ ਹੋਈ ਹੈ।ਇਸ ਦੌਰਾਨ ਜਨਰਲ ਸਕੱਤਰ ਰਾਜਿੰਦਰ ਸਿੰਘ ਮਹਿਤਾ, ਐਡਵੋਕੇਟ ਭਗਵੰਤ ਸਿੰਘ ਸਿਆਲਕਾ ਵੀ ਹਾਜ਼ਰ ਸਨ। ਐਡਵੋਕੇਟ ਧਾਮੀ ਨੇ ਕਿਹਾ ਕਿ ਜਲਦ ਹੀ ਐੱਸਜੀਪੀਸੀ ਕਾਰਜਕਾਰਨੀ ਦੀ ਬੈਠਕ ਬੁਲਾ ਕੇ ਤੁਰੰਤ ਫੈਸਲਾ ਲਿਆ ਜਾਵੇਗਾ। ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ‘ਚ ਵੀ ਇਸ ਮਸਲੇ ‘ਤੇ ਚਰਚਾ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਰੀਬ 12 ਸਾਲ ਤੋਂ ਪਟੀਸ਼ਨ ਬਾਰੇ ਕੇਂਦਰ ਸਰਕਾਰ ਵੱਲੋਂ ਕੋਈ ਫੈਸਲਾ ਨਾ ਲਿਆ ਜਾਣਾ ਮੰਦਭਾਗਾ ਹੈ।ਇਸ ਦੌਰਾਨ ਰਾਜੋਆਣਾ ਨੇ ਇਕ ਚਿੱਠੀ ਸੌਂਪੀ ਹੈ। ਰਾਜੋਆਣਾ ਨੇ ਕਿਹਾ ਕਿ ਅੱਜ ਉਹ ਪਿਛਲੇ 17 ਸਾਲਾਂ ਤੋਂ ਫਾਂਸੀ ਦੀ ਚੱਕੀ ‘ਚ ਬੈਠਾ ਆਪਣੇ ਹੋਣ ਵਾਲੇ ਫੈਸਲੇ ਦਾ ਇੰਤਜ਼ਾਰ ਕਰ ਰਿਹਾ ਹੈ। ਰਾਜੋਆਣਾ ਨੇ ਐੱਸਜੀਪੀਸੀ ਪ੍ਰਧਾਨ ਨੂੰ ਕਿਹਾ ਕਿ ਪ੍ਰਧਾਨ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸਮੁੱਚੇ ਖਾਲਸਾ ਪੰਥ ਦੀਆਂ ਭਾਵਨਾਵਾਂ ਅਨੁਸਾਰ ਮੇਰੀ ਫਾਂਸੀ ਦੀ ਸਜ਼ਾ ਨਾਲ ਸਬੰਧਿਤ ਕੇਸ ‘ਚ ਬਣਦੇ ਕੌਮੀ ਫ਼ਰਜ ਅਦਾ ਕਰਨ ਦੀ ਜੋ ਜ਼ਿੰਮੇਵਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਦੀ ਲਗਾਈ ਗਈ ਸੀ, ਉਹ ਅੱਜ 11 ਸਾਲ 8 ਮਹੀਨੇ ਬਾਅਦ ਵੀ ਪੂਰੀ ਨਹੀਂ ਹੋ ਸਕੀ। ਸ਼੍ਰੋਮਣੀ ਅਕਾਲੀ ਦਲ ਦੇ ਆਗੂ ਕੇਂਦਰ ਸਰਕਾਰ ਵਿੱਚ ਭਾਈਵਾਲ ਹੋਣ ਦੇ ਬਾਵਜੂਦ ਇਸ ਅਪੀਲ ‘ਤੇ ਕੋਈ ਫੈਸਲਾ ਨਹੀਂ ਕਰਵਾ ਸਕੇ। ਇਸ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੂੰ ਇਸ ਮਾਮਲੇ ‘ਚ ਆਪਣੇ ਬਣਦੇ ਫ਼ਰਜ਼ ਨਾ ਅਦਾ ਕਰ ਸਕਣ ਦੇ ਬਦਲੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸਨਮੁੱਖ ਖੜ੍ਹ ਕੇ ਸਮੁੱਚੇ ਖਾਲਸਾ ਪੰਥ ਤੋਂ ਮਾਫ਼ੀ ਮੰਗਣੀ ਚਾਹੀਦੀ ਹੈ। ਰਾਜੋਆਣਾ ਨੇ ਪ੍ਰਧਾਨ ਧਾਮੀ ਨੂੰ ਕਿਹਾ ਹੈ ਕਿ ਇਸ ਅਪੀਲ ਨੂੰ ਤੁਰੰਤ ਵਾਪਸ ਲਿਆ ਜਾਵੇ,ਕਿਉਂਕਿ ਹੁਣ ਉਹ ਇਸ ਮਾਮਲੇ ਵਿੱਚ ਕੋਸ਼ਿਸ਼ਾਂ ਦੀਆਂ ਰਸਮੀ ਕਾਰਵਾਈਆਂ ਦੀਆਂ ਘੁੰਮਣਘੇਰੀਆਂ ਰੂਪੀ ਧੋਖੇ ਤੋਂ ਮੁਕਤੀ ਚਾਹੁੰਦੇ ਹਨ, ਨਹੀਂ ਤਾਂ ਇਸ ਅਪੀਲ ਨੂੰ ਵਾਪਸ ਕਰਵਾਉਣ ਦੇ ਲਈ 5 ਦਸੰਬਰ ਤੋਂ ਭੁੱਖ ਹੜਤਾਲ ਰੱਖਣ ਲਈ ਮਜ਼ਬੂਰ ਹੋਣਾ ਪਵੇਗਾ। ਇਸ ਦੀ ਸਾਰੀ ਜ਼ਿੰਮੇਵਾਰੀ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਦੀ ਹੋਵੇਗੀ।

Leave a Reply

Your email address will not be published. Required fields are marked *

error: Content is protected !!