Skip to main content

Gee 98News

ਪੰਜਾਬ ਸਰਕਾਰ,ਪੁਲਿਸ ਅਤੇ ਏਜੰਸੀਆਂ ਦੇ ਅੱਖੀਂ ਘੱਟਾ ਜਾਂ ਲਾਪਰਵਾਹੀ…ਨਾਮੀ ਗੈਂਗਸਟਰ ਤੇ ਨਸ਼ਾ ਤਸਕਰ ਜ਼ਮਾਨਤ ਹੋਣ ਤੋਂ ਬਾਅਦ ਅਮਰੀਕਾ ਫ਼ਰਾਰ

ਚੰਡੀਗੜ੍ਹ, 28 ਨਵੰਬਰ-ਪੰਜਾਬ ਦੇ ਇੱਕ ਨਾਮੀ ਗੈਂਗਸਟਰ ਦੇ ਜੇਲ੍ਹ ਵਿੱਚੋਂ ਜ਼ਮਾਨਤ ‘ਤੇ ਆਉਣ ਤੋਂ ਬਾਅਦ ਅਮਰੀਕਾ ਦੌੜ ਜਾਣ ਦੀ ਘਟਨਾ ਨੇ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦੀ ਗੈਂਗਸਟਰਾਂ ਖ਼ਿਲਾਫ਼ ਵਿੱਢੀ ਲੜਾਈ ਦੀ ਪੋਲ ਖੋਲ੍ਹ ਦਿੱਤੀ ਹੈ । ਇਹ ਨਾਮੀ ਗੈਂਗਸਟਰ ਅਤੇ ਨਸ਼ਾ ਤਸਕਰ ਇਸੇ ਸਾਲ ਮਾਰਚ ਮਹੀਨੇ ‘ਚ ਹੀ ਜੇਲ੍ਹ ‘ਚੋਂ ਬਾਹਰ ਆਇਆ ਸੀ। ਉਸ ਖ਼ਿਲਾਫ਼ ਕਤਲ, ਕਤਲ ਦੀ ਕੋਸ਼ਿਸ਼ ਅਤੇ NDPS ਐਕਟ ਦੇ ਕਰੀਬ 11 ਕੇਸ ਦਰਜ ਹਨ, ਇੰਨੇ ਕੇਸ ਦਰਜ ਹੋਣ ਦੇ ਬਾਵਜੂਦ ਉਹ ਪੰਜਾਬ ਸਰਕਾਰ, ਪੰਜਾਬ ਪੁਲਿਸ ਅਤੇ ਪੰਜਾਬ ਦੀਆਂ ਏਜੰਸੀਆਂ ਦੀਆਂ ਅੱਖਾਂ ਵਿੱਚ ਘੱਟਾ ਪਾ ਕੇ ਅਮਰੀਕਾ ਚਲਾ ਗਿਆ। ਇਸ ਤੋਂ ਸਪੱਸ਼ਟ ਹੈ ਕਿ ਉਹ ਪੰਜਾਬ ਪੁਲਿਸ ਅਤੇ ਹੋਰ ਵਿਭਾਗਾਂ ਦੇ ਅਧਿਕਾਰੀਆਂ ਦੀ ਅਣਗਹਿਲੀ ਕਾਰਨ ਹੀ ਅਮਰੀਕਾ ਭੱਜਿਆ ਹੈ। ਸਵਾਲ ਉੱਠਦੇ ਹਨ ਕਿ ਕੀ ਇਹ ਮੁਲਜ਼ਮ ਜਾਅਲੀ ਦਸਤਾਵੇਜ਼ ਬਣਾ ਕੇ ਅਮਰੀਕਾ ਚਲਾ ਗਿਆ ਕਿਉਂਕਿ ਇਸ ਤੋਂ ਪਹਿਲਾਂ ਵੀ ਕਈ ਗੈਂਗਸਟਰ ਫ਼ਰਜ਼ੀ ਦਸਤਾਵੇਜ਼ਾਂ ਦੇ ਆਧਾਰ ‘ਤੇ ਵਿਦੇਸ਼ ਭੱਜ ਚੁੱਕੇ ਹਨ। ਜ਼ਿਕਰਯੋਗ ਹੈ ਕਿ ਐਤਵਾਰ ਸਵੇਰੇ ਸੀਆਈਏ ਸਟਾਫ ਦੇ 3 ਮੈਂਬਰਾਂ ਦੀ ਟੀਮ ਨੇ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਅਟਾਰੀ ਝਬਾਲ ਰੋਡ ‘ਤੇ ਪਿੰਡ ਬੁਰਜ ਨੇੜੇ ਇਕ ਕਾਰ ਵਿਚ ਸਵਾਰ 2 ਸਮੱਗਲਰਾਂ ਨੂੰ ਸ਼ੱਕ ਦੇ ਆਧਾਰ ‘ਤੇ ਰੋਕ ਕੇ ਉਨ੍ਹਾਂ ਕੋਲੋਂ 6 ਕਿੱਲੋ ਹੈਰੋਇਨ ਬਰਾਮਦ ਕੀਤੀ ਅਤੇ ਪੁਲਿਸ ਨੇ ਦੋਵਾਂ ਤਸਕਰਾਂ ਨੂੰ ਗ੍ਰਿਫ਼ਤਾਰ ਕਰ ਲਿਆ। ਇਹਨਾਂ ਦੀ ਪੜਤਾਲ ਦੌਰਾਨ ਸਾਹਮਣੇ ਆਇਆ ਕਿ ਇਹਨਾਂ ਦੇ ਸੰਪਰਕ ਵਿੱਚ ਨਾਮੀ ਗੈਂਗਸਟਰ ਅਤੇ ਨਸ਼ਾ ਤਸਕਰ ਜਸਮੀਤ ਸਿੰਘ ਉਰਫ਼ ਲੱਕੀ ਵੀ ਹੈ ਜੋ ਜੇਲ੍ਹ ਵਿੱਚੋਂ ਜ਼ਮਾਨਤ ‘ਤੇ ਆ ਕੇ ਅਮਰੀਕਾ ਦੌੜ ਗਿਆ ਹੈ ਅਤੇ ਅਮਰੀਕਾ ਵਿਚ ਬੈਠ ਕੇ ਪੰਜਾਬ ਵਿੱਚ ਨਸ਼ਾ ਤਸਕਰੀ ਦੇ ਇਸ ਪੂਰੇ ਨੈੱਟਵਰਕ ਨੂੰ ਚਲਾ ਰਿਹਾ ਸੀ। ਦੂਜੇ ਪਾਸੇ ਪੰਜਾਬ ਪੁਲਿਸ ਨਸ਼ਾ ਤਸਕਰਾਂ ਤੇ ਗੈਂਗਸਟਰਾਂ ਖਿਲਾਫ ਵਿੱਢੀ ਮੁਹਿੰਮ ਦੇ ਸੋਹਲੇ ਗਾ ਰਹੀ ਹੈ ਅਤੇ ਥੋੜੇ ਸਮੇਂ ਬਾਅਦ ਪੰਜਾਬ ਪੁਲਿਸ ਦੇ ਇੱਕ ਵੱਡੇ ਅਫਸਰ ਵੱਲੋਂ ਮੀਡੀਆ ਸਾਹਮਣੇ ਪੇਸ਼ ਹੋ ਕੇ ਨਸ਼ਾ ਤਸਕਰੀ ਦੇ ਮੁਕੱਦਮਿਆਂ ਤੇ ਫੜੇ ਗਏ ਗੈਂਗਸਟਰਾਂ ਦੇ ਅੰਕੜੇ ਮੀਡੀਆ ਸਾਹਮਣੇ ਰੱਖੇ ਜਾਂਦੇ ਹਨ, ਜਦ ਕਿ ਉਕਿਤ ਘਟਨਾ ਪੰਜਾਬ ਪੁਲਿਸ ਦੀ ਗੈਂਗਸਟਰਾਂ ਤੇ ਨਸ਼ਾ ਤਸਕਰਾਂ ਖਿਲਾਫ਼ ਲੜਾਈ ਦੀ ਅਸਲ ਸੱਚਾਈ ਪੇਸ਼ ਕਰ ਰਹੀ ਹੈ।

error: Content is protected !!