Skip to main content

Gee 98News

ਜੇ ਪਾਵਰਕਾਮ ਦੀ ਗਲ਼ਤੀ ਹੋਵੇਗੀ ਤਾਂ ਕਰੰਟ ਲੱਗਣ ‘ਤੇ ਆਮ ਨਾਗਰਿਕਾਂ ਨੂੰ ਵੀ ਮਿਲੇਗੀ ਵਿੱਤੀ ਸਹਾਇਤਾ

ਚੰਡੀਗੜ੍ਹ,16 ਦਸੰਬਰ-ਪਾਵਰਕਾਮ ਦੇ ਮੁਲਾਜ਼ਮਾਂ ਦੀ ਕਰੰਟ ਨਾਲ ਮੌਤ ਹੋ ਜਾਣ ਦੀ ਸੂਰਤ ਵਿੱਚ ਪੰਜਾਬ ਸਰਕਾਰ ਵੱਲੋਂ 10 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਇਲਾਜ ਲਈ 3 ਲੱਖ ਰੁਪਏ ਐਡਵਾਂਸ ਦਿੱਤੇ ਜਾਣਗੇ। ਠੇਕਾ ਮੁਲਾਜ਼ਮਾਂ ਲਈ ਐਕਸ-ਗ੍ਰੇਸ਼ੀਆ ਰਾਸ਼ੀ ਵੀ 5 ਲੱਖ ਰੁਪਏ ਤੋਂ ਵਧਾ ਕੇ 10 ਲੱਖ ਰੁਪਏ ਕਰ ਦਿੱਤੀ ਗਈ ਹੈ। ਮੁਆਵਜ਼ਾ ਐਕਟ 1923 ਦੇ ਤਹਿਤ ਉਮਰ ਸੀਮਾ ਨੂੰ ਹਟਾ ਕੇ ਹਰ ਕਿਸੇ ਨੂੰ ਮੁਆਵਜ਼ਾ ਦਿੱਤਾ ਜਾਵੇਗਾ। ਇਹ ਜਾਣਕਾਰੀ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਦਿੱਤੀ ਹੈ। ਬਿਜਲੀ ਮੰਤਰੀ ਨੇ ਦੱਸਿਆ ਕਿ ਕਰੰਟ ਨਾਲ ਕਰਮਚਾਰੀਆਂ ਦੀ ਮੌਤ ਹੋਣ ‘ਤੇ 10 ਲੱਖ ਰੁਪਏ ਮਿਲਣਗੇ । ਇਸ ਤੋਂ ਇਲਾਵਾ ਜੇਕਰ ਪਾਵਰਕਾਮ ਦੀ ਗਲਤੀ ਕਾਰਨ ਕਿਸੇ ਆਮ ਨਾਗਰਿਕ ਨੂੰ ਕਰੰਟ ਲੱਗਣ ਨਾਲ ਕੋਈ ਨੁਕਸਾਨ ਹੁੰਦਾ ਹੈ ਤਾਂ ਉਸ ਦੀ ਮੁਆਵਜ਼ਾ ਰਾਸ਼ੀ ਵੀ ਦਿੱਤੀ ਜਾਵੇਗੀ। ਆਮ ਲੋਕਾਂ ਲਈ ਮੁਆਵਜ਼ਾ ਰਾਸ਼ੀ ਨਿਰਧਾਰਿਤ ਕਰਨ ਲਈ ਮ੍ਰਿਤਕ ਦੀ ਆਮਦਨ, ਉਮਰ ਅਤੇ ਹੋਰ ਤੱਥਾਂ ਦਾ ਅਧਿਐਨ ਕੀਤਾ ਜਾਵੇਗਾ। ਜਿਸ ਤੋਂ ਬਾਅਦ ਵੱਧ ਤੋਂ ਵੱਧ 30 ਦਿਨਾਂ ਦੇ ਅੰਦਰ-ਅੰਦਰ ਜ਼ਖਮੀਆਂ ਜਾਂ ਮ੍ਰਿਤਕਾਂ ਦੇ ਆਸ਼ਰਿਤਾਂ ਨੂੰ ਮੁਆਵਜ਼ੇ ਦੀ ਰਾਸ਼ੀ ਦਾ ਭੁਗਤਾਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਨਵੀਂ ਨੀਤੀ ਦੇ ਤਹਿਤ ਪੀ.ਐਸ.ਪੀ.ਸੀ.ਐਲ ਦੇ ਰੈਗੂਲਰ ਕਰਮਚਾਰੀਆਂ ਨੂੰ ਨਾ ਸਿਰਫ਼ ਦੁਰਘਟਨਾ ਦੇ ਲਾਭ ਪ੍ਰਾਪਤ ਹੋਣਗੇ, ਬਲਕਿ ਉਹ ਐਮਰਜੈਂਸੀ ਦੌਰਾਨ 3 ਲੱਖ ਤੱਕ ਦੇ ਡਾਕਟਰੀ ਐਡਵਾਂਸ ਤੱਕ ਪ੍ਰਾਪਤ ਕਰ ਸਕਣਗੇ, ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਨ੍ਹਾਂ ਨੂੰ ਜ਼ਰੂਰੀ ਡਾਕਟਰੀ ਇਲਾਜ ਪ੍ਰਾਪਤ ਕਰਨ ਵਿੱਚ ਕੋਈ ਵਿੱਤੀ ਮੁਸ਼ਕਲ ਪੇਸ਼ ਨਾ ਆਵੇ। ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਕਿਹਾ ਕਿ ਇਸ ਨੀਤੀ ਦੀ ਸ਼ੁਰੂਆਤ ਤੋਂ ਪਹਿਲਾਂ ਠੇਕੇ ਅਤੇ ਉਪ-ਠੇਕੇ ਵਾਲੀਆਂ ਸ਼੍ਰੇਣੀਆਂ ਦੇ ਕਾਮਿਆਂ ਨੂੰ ਗੈਰ-ਘਾਤਕ ਹਾਦਸਿਆਂ ਦੀ ਸਥਿਤੀ ਵਿੱਚ ਕੋਈ ਵਿੱਤੀ ਲਾਭ ਨਹੀਂ ਮਿਲਦਾ ਸੀ, ਜਦਕਿ ਨਵੀਂ ਨੀਤੀ ਇਸ ਅੰਤਰ ਨੂੰ ਪੂਰਾ ਕਰਦੇ ਹੋਏ ਯਕੀਨੀ ਬਣਾਉਂਦੀ ਹੈ ਕਿ 100 ਫੀਸਦੀ ਅਪੰਗਤਾ ਦੀ ਸਥਿਤੀ ਵਿੱਚ 10 ਲੱਖ ਦੀ ਰਕਮ ਦਾ ਭੁਗਤਾਨ ਕੀਤਾ ਜਾਵੇਗਾ।

error: Content is protected !!