Gee 98News

ਚੰਡੀਗੜ੍ਹ,18 ਦਸੰਬਰ-ਪਿਛਲੇ ਦਿਨੀਂ ਹੈਰੋਇਨ ਸਮੇਤ ਫੜੇ ਗਏ ਪੰਜਾਬ ਪੁਲਿਸ ਦੇ 7 ਫੁੱਟ 6 ਇੰਚ ਲੰਬੇ ਕੱਦ ਦੇ ਸਾਬਕਾ ਕਾਂਸਟੇਬਲ ਨੇ ਪੁਲਿਸ ਰਿਮਾਂਡ ਦੌਰਾਨ ਹੈਰਾਨੀਜਨਕ ਖੁਲਾਸੇ ਕੀਤੇ ਹਨ। ਆਪਣੇ ਲੰਬੇ ਕੱਦ ਅਤੇ ਗੱਤਕੇ ਦੀ ਸਿਖਲਾਈ ਕਾਰਨ “ਇੰਡੀਆ ਗੋਟ ਟੇਲੈਂਟ” ਤੋਂ ਬਾਅਦ ਅਮਰੀਕਾ ਗੋਟ ਟੇਲੈਂਟ” ਤੱਕ ਆਪਣੀ ਕਾਬਲੀਅਤ ਦਾ ਲੋਹਾ ਮਨਵਾਉਣ ਵਾਲੇ ਸਾਬਕਾ ਕਾਂਸਟੇਬਲ ਜਗਦੀਪ ਸਿੰਘ ਨੇ ਖੁਲਾਸਾ ਕੀਤਾ ਕਿ ਉਸਦੀ ਪੁਲਿਸ ਦੀ ਨੌਕਰੀ ਦੌਰਾਨ ਹੀ ਉਸਦੀ ਪਤਨੀ ਨਸ਼ੇ ਦੀ ਆਦੀ ਹੋ ਗਈ ਸੀ। ਪਤਨੀ ਲਈ ਨਸ਼ੇ ਦੀ ਪੂਰਤੀ ਕਰਦਾ ਹੋਇਆ ਉਹ ਨਸ਼ਾ ਤਸਕਰਾਂ ਦੇ ਸੰਪਰਕ ਵਿੱਚ ਆਇਆ ਅਤੇ ਖੁਦ ਨਸ਼ਾ ਤਸਕਰ ਬਣ ਗਿਆ। ਨਸ਼ਾ ਤਸਕਰੀ ਵਿੱਚ ਵੱਧ ਕਮਾਈ ਹੋਣ ਕਾਰਨ ਉਸ ਨੇ ਪੰਜਾਬ ਪੁਲਿਸ ਦੀ ਨੌਕਰੀ ਵੀ ਛੱਡ ਦਿੱਤੀ। ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਜਠੌਲ ਦੇ ਰਹਿਣ ਵਾਲੇ ਜਗਦੀਪ ਸਿੰਘ ਦਾ ਪਿਤਾ ਸੁਖਦੇਵ ਸਿੰਘ ਅਤੇ ਭਰਾ ਮਲਕੀਤ ਸਿੰਘ ਪਹਿਲਾਂ ਹੀ ਨਸ਼ਾ ਤਸਕਰੀ ਦੇ ਧੰਦੇ ਨਾਲ ਜੁੜੇ ਹੋਏ ਹਨ। ਉਸ ਦਾ ਪਿਤਾ ਜੇਲ੍ਹ ਵਿੱਚ ਹੈ ਅਤੇ ਭਰਾ ਫਰਾਰ ਹੈ। ਜਗਦੀਪ ਸਿੰਘ ਨੇ ਵੀ ਨਸ਼ਾ ਤਸਕਰੀ ਦੇ ਧੰਦੇ ਵਿੱਚ ਆਪਣੇ ਪਿਤਾ ਅਤੇ ਭਰਾ ਦੇ ਸੰਪਰਕਾਂ ਨੂੰ ਵਰਤਿਆ। ਇਸ ਦੌਰਾਨ ਜਗਦੀਪ ਸਿੰਘ ਪਾਕਿਸਤਾਨ ਦੇ ਦੋ ਨਸ਼ਾ ਤਸਕਰਾਂ ਬਾਬਾ ਇਮਰਾਨ ਔਰ ਅਲੀ ਸ਼ਾਹ ਦੇ ਨਾਲ ਜੁੜ ਗਿਆ, ਜਿਨਾਂ ਤੋਂ ਜਗਦੀਪ ਸਿੰਘ 500 ਗ੍ਰਾਮ ਤੋਂ ਲੈ ਕੇ ਇੱਕ ਕਿਲੋਗ੍ਰਾਮ ਤੱਕ ਦੀ ਹੈਰੋਇਨ ਦੀ ਖੇਪ ਮੰਗਵਾਉਂਦਾ ਸੀ ਤਾਂ ਕਿ ਆਸਾਨੀ ਨਾਲ ਲੁਕਾ ਕੇ ਸਰਹੱਦ ਤੋਂ ਟਿਕਾਣੇ ਤੱਕ ਪੁੱਜਦੀ ਕੀਤੀ ਜਾ ਸਕੇ। ਜਗਦੀਪ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਸ ਨੇ ਨਸ਼ਾ ਤਸਕਰੀ ਪੰਜਾਬ ਪੁਲਿਸ ਦੀ ਨੌਕਰੀ ਦੌਰਾਨ ਹੀ ਸ਼ੁਰੂ ਕਰ ਦਿੱਤੀ ਸੀ। ਨੌਕਰੀ ਛੱਡਣ ਤੋਂ ਬਾਅਦ ਉਸਨੇ ਗੱਤਕੇ ਦੀ ਸਿਖਲਾਈ ਲਈ ਅਤੇ ਗੱਤਕੇ ਦੇ ਸਟੰਟ ਕਰਨ ਕਰਕੇ ਉਹ ਆਪਣੇ ਲੰਬੇ ਕੱਦ ਕਾਰਨ ਆਮ ਲੋਕਾਂ ਵਿੱਚ ਪ੍ਰਸਿੱਧ ਹੋ ਗਿਆ। ਉਸਨੇ ਆਪਣੀ ਪ੍ਰਸਿੱਧੀ ਨੂੰ ਨਸ਼ਾ ਤਸਕਰੀ ਲਈ ਵਰਤਿਆ। ਉਹ ਆਪਣੇ ਲੰਬੇ ਕੱਦ ਅਤੇ ਗੱਤਕੇ ਕਾਰਨ ਪੰਜਾਬ ਪੁਲਿਸ ਵਿੱਚ ਵੀ ਪ੍ਰਸਿੱਧ ਹੋ ਚੁੱਕਾ ਸੀ। ਪੁਲਿਸ ਨਾਕੇ ‘ਤੇ ਉਸਦੀ ਗੱਡੀ ਨੂੰ ਰੋਕਦੀ ਤਾਂ ਜ਼ਰੂਰ ਸੀ ਪ੍ਰੰਤੂ ਉਸਦੀ ਪ੍ਰਸਿੱਧੀ ਦੇ ਕਾਰਨ ਉਸ ਦੀ ਗੱਡੀ ਨੂੰ ਚੈੱਕ ਨਹੀਂ ਕੀਤਾ ਜਾਂਦਾ ਸੀ। ਤਰਨਤਰਨ ਪੁਲਿਸ ਨੇ ਜਗਦੀਪ ਸਿੰਘ ਦਾ ਪੰਜ ਦਿਨਾਂ ਦਾ ਰਿਮਾਂਡ ਹਾਸਿਲ ਕੀਤਾ ਹੈ । ਪੁਲਿਸ ਕੋਸ਼ਿਸ਼ ਕਰ ਰਹੀ ਹੈ ਕਿ ਜਗਦੀਪ ਸਿੰਘ ਤੋਂ ਨਸ਼ਾ ਖਰੀਦਣ ਵਾਲੇ ਤਸਕਰਾਂ ਨੂੰ ਫੜਿਆ ਜਾ ਸਕੇ। ਰਿਮਾਂਡ ਦੌਰਾਨ ਪੁਲਿਸ ਇਹ ਵੀ ਯਤਨ ਕਰ ਰਹੀ ਹੈ ਕਿ ਜਗਦੀਪ ਸਿੰਘ ਦੇ ਨਸ਼ਾ ਤਸਕਰੀ ਦੇ ਲੰਮੇ ਨੈਟਵਰਕ ਤੱਕ ਪੁੱਜਿਆ ਜਾ ਸਕੇ। ਪੰਜਾਬ ਪੁਲਿਸ ਦਾ ਇਹ ਸਾਬਕਾ ਕਾਂਸਟੇਬਲ ਜਗਦੀਪ ਸਿੰਘ ਆਪਣੀ ਪਤਨੀ ਲਈ ਨਸ਼ਾ ਪੂਰਤੀ ਕਰਦਾ-ਕਰਦਾ ਖ਼ੁਦ ਜੇਲ੍ਹ ਤੱਕ ਪੁੱਜ ਗਿਆ। ਦੱਸ ਦੇਈਏ ਕਿ ਜਗਦੀਪ ਸਿੰਘ ਦੀ ਪਤਨੀ ਹੁਣ ਨਸ਼ਾ ਛਡਾਊ ਕੇਂਦਰ ਵਿੱਚ ਹੈ।

Leave a Reply

Your email address will not be published. Required fields are marked *

error: Content is protected !!