Skip to main content

Gee 98News

5 ਨਗਰ ਨਿਗਮਾਂ ਦੀਆਂ ਚੋਣਾਂ ਜਲਦੀ ਹੋਣ ਦੇ ਆਸਾਰ ਘੱਟ..ਸਰਕਾਰ ਨੇ ਹਾਈਕੋਰਟ ਤੋਂ ਮੰਗਿਆ ਹੋਰ ਸਮਾਂ

ਚੰਡੀਗੜ੍ਹ,16 ਜਨਵਰੀ- ਨਗਰ ਨਿਗਮ ਅੰਮ੍ਰਿਤਸਰ, ਜਲੰਧਰ, ਫਗਵਾੜਾ, ਲੁਧਿਆਣਾ ਅਤੇ ਪਟਿਆਲਾ ਦੀਆਂ ਚੋਣਾਂ ਲਗਭਗ ਇੱਕ ਸਾਲ ਲੇਟ ਹੋਣ ਤੋਂ ਬਾਅਦ ਵੀ ਪੰਜਾਬ ਸਰਕਾਰ ਨੇ ਹਾਈਕੋਰਟ ਵਿੱਚ ਜਵਾਬ ਦੇਣ ਲਈ ਹੋਰ ਸਮੇਂ ਦੀ ਮੰਗ ਕੀਤੀ ਹੈ। ਸਰਕਾਰ ਵੱਲੋਂ ਉਕਤ ਨਗਰ ਨਿਗਮਾਂ ਦੀਆਂ ਚੋਣਾਂ ਮਿੱਥੇ ਸਮੇਂ ‘ਤੇ ਨਾ ਕਰਵਾਉਣ ਕਰਕੇ ਅੰਮ੍ਰਿਤਸਰ ਦੇ ਪ੍ਰਬੋਧ ਚੰਦਰ ਬਾਲੀ ਨੇ ਆਪਣੇ ਵਕੀਲ ਐਚ ਸੀ ਅਰੋੜਾ ਦੇ ਰਾਹੀਂ ਹਾਈਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਹੋਈ ਹੈ। ਦੱਸ ਦਈਏ ਕਿ ਪਿਛਲੀ ਸੁਣਵਾਈ ਦੌਰਾਨ ਹਾਈਕੋਰਟ ਨੇ ਪੰਜਾਬ ਸਰਕਾਰ ਅਤੇ ਸੂਬਾ ਚੋਣ ਕਮਿਸ਼ਨ ਨੂੰ ਚੋਣ ਸ਼ਡਿਊਲ ਪੇਸ਼ ਕਰਨ ਦੇ ਹੁਕਮ ਦਿੱਤੇ ਸਨ ਪ੍ਰੰਤੂ ਅੱਜ ਸਰਕਾਰ ਨੇ ਹੋਰ ਸਮੇਂ ਦੀ ਮੰਗ ਕੀਤੀ। ਸਰਕਾਰ ਨੇ ਹਾਈਕੋਰਟ ਵਿੱਚ ਦਲੀਲ ਦਿੱਤੀ ਕਿ ਵਾਰਡਬੰਦੀ ਸਬੰਧੀ ਇੱਕ ਕੇਸ ਦੀ ਸੁਣਵਾਈ ਮਾਨਯੋਗ ਸੁਪਰੀਮ ਕੋਰਟ ਵਿੱਚ ਚੱਲ ਰਹੀ ਹੈ ਜਿਸ ਦੀ ਅਗਲੀ ਤਾਰੀਕ 30 ਜਨਵਰੀ ਹੈ, ਇਸ ਕਰਕੇ ਇਸ ਮਾਮਲੇ ਦੀ ਸੁਣਵਾਈ ਦਾ ਸਮਾਂ ਅੱਗੇ ਵਧਾ ਦਿੱਤਾ ਜਾਵੇ। ਸਰਕਾਰ ਦੀ ਦਲੀਲ ਸੁਣਨ ਤੋਂ ਬਾਅਦ ਮਾਨਯੋਗ ਹਾਈਕੋਰਟ ਨੇ ਇਸ ਮਾਮਲੇ ਦੀ ਅਗਲੀ ਤਾਰੀਕ 5 ਫਰਵਰੀ ਤੈਅ ਕੀਤੀ ਹੈ। ਪਟੀਸ਼ਨਰ ਦੇ ਵਕੀਲ ਨੇ ਕਿਹਾ ਕਿ ਅਗਲੀ ਸੁਣਵਾਈ ‘ਤੇ ਸਰਕਾਰ ਦੇ ਜਵਾਬ ਤੋਂ ਬਾਅਦ ਹੀ ਸਥਿਤੀ ਸਾਫ਼ ਹੋ ਸਕੇਗੀ ।

error: Content is protected !!