Skip to main content

Gee 98News

ਹਾਈਕੋਰਟ ਦੀ ਸਖ਼ਤੀ ‌: ਪੰਜਾਬ ਦੀਆਂ ਜੇਲ੍ਹਾਂ ‘ਚ ਲੱਗਣਗੇ ਐਕਸ-ਰੇ ਅਧਾਰਿਤ ਫੁੱਲ ਬਾਡੀ ਸਕੈਨਰ

ਚੰਡੀਗੜ੍ਹ, 27 ਜਨਵਰੀ-ਪੰਜਾਬ ‘ਚ ਜੇਲ੍ਹਾਂ ਦੇ ਅੰਦਰਲੇ ਵਿਗੜੇ ਹੋਏ ਹਾਲਾਤਾਂ ਸਬੰਧੀ ਪੰਜਾਬ ਤੇ ਹਰਿਆਣਾ ਹਾਈਕੋਰਟ ਦੀ ਸਖ਼ਤੀ ਕੰਮ ਕਰਦੀ ਨਜ਼ਰ ਆ ਰਹੀ ਹੈ। ਪੰਜਾਬ ਸਰਕਾਰ ਨੇ ਹੁਣ ਸੂਬੇ ਦੀਆਂ ਜੇਲ੍ਹਾਂ ਦੇ ਪ੍ਰਬੰਧਾਂ ਨੂੰ ਸੁਧਾਰਨ ਤੇ ਸੁਰੱਖਿਆ ਵਧਾਉਣ ਸਬੰਧੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਹਵਾਈ ਅੱਡਿਆਂ ਦੀ ਤਰਜ਼ ‘ਤੇ ਜੇਲ੍ਹਾਂ ਵਿੱਚ ਐਕਸ-ਰੇ ਆਧਾਰਿਤ ਫੁੱਲ ਬਾਡੀ ਸਕੈਨਰ ਅਤੇ ਹੋਰ ਉਪਕਰਨ ਲਗਾਏ ਜਾਣਗੇ। ਇਹ ਬਾਡੀ ਸਕੈਨਰ ਲੱਗਣ ਤੋਂ ਬਾਅਦ ਕੋਈ ਵੀ ਵਿਅਕਤੀ ਨਸ਼ਾ, ਮੋਬਾਈਲ ਜਾਂ ਸਰੀਰ ਵਿੱਚ ਛੁਪਾ ਕੇ ਕੋਈ ਹੋਰ ਚੀਜ਼ ਨਹੀਂ ਲਿਜਾ ਸਕੇਗਾ। ਇਸ ਤੋਂ ਇਲਾਵਾ ਬਾਹਰੋਂ ਸਾਮਾਨ ਸੁੱਟਣ ਦੀਆਂ ਘਟਨਾਵਾਂ ਨੂੰ ਰੋਕਣ ਲਈ ਜੇਲ੍ਹਾਂ ਵਿੱਚ ਜਾਲ ਵੀ ਲਗਾਏ ਜਾਣਗੇ। ਇਹ ਸਾਰੀ ਪ੍ਰਕਿਰਿਆ 3 ਮਹੀਨਿਆਂ ਦੇ ਅੰਦਰ ਪੂਰੀ ਕਰ ਲਈ ਜਾਵੇਗੀ। ਪੁਲਿਸ ਇੱਕ ਨਿੱਜੀ ਕੰਪਨੀ ਦੀ ਮਦਦ ਨਾਲ ਫਰਵਰੀ ਵਿੱਚ ਜੇਲ੍ਹਾਂ ਵਿੱਚ ਸੁਰੱਖਿਆ ਵਧਾਉਣ ਦਾ ਕੰਮ ਸ਼ੁਰੂ ਕਰੇਗੀ। ਪੁਲਿਸ ਇਸ‌ ਪ੍ਰੋਜੈਕਟ ਵਿੱਚ ਨੋਡਲ ਏਜੰਸੀ ਵਜੋਂ ਕੰਮ ਕਰੇਗੀ।‌ ਜ਼ਿਕਰਯੋਗ ਹੈ ਕਿ ਪੰਜਾਬ ਦੀਆਂ ਜੇਲ੍ਹਾਂ ਦੀ ਸੁਰੱਖਿਆ ਦਾ ਮਾਮਲਾ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਸੁਣਵਾਈ ਅਧੀਨ ਹੈ। ਹਾਈਕੋਰਟ ਦਾ ਸਪੱਸ਼ਟ ਕਹਿਣਾ ਹੈ ਕਿ ਇਸ ‘ਚ ਲਾਪਰਵਾਹੀ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਹਾਈਕੋਰਟ ਨੇ ਪੁਲਿਸ ਤੋਂ ਜੇਲ੍ਹਾਂ ਦੀ ਸੁਰੱਖਿਆ ਨੂੰ ਸੁਧਾਰਨ ਲਈ ਯੋਜਨਾ ਮੰਗੀ ਸੀ। ਇਸ ਤੋਂ ਬਾਅਦ ਹੁਣ ਪੁਲਿਸ ਨੇ ਇਸ ਦਿਸ਼ਾ ਵਿੱਚ ਕੰਮ ਸ਼ੁਰੂ ਕਰ ਦਿੱਤਾ ਹੈ। ਪੁਲਿਸ ਨੇ ਹੁਣ ਇਸ ਮਾਮਲੇ ਵਿੱਚ ਆਪਣੀ ਪ੍ਰਗਤੀ ਰਿਪੋਰਟ 7 ਫਰਵਰੀ ਨੂੰ ਹਾਈਕੋਰਟ ਵਿੱਚ ਪੇਸ਼ ਕਰਨੀ ਹੈ।

error: Content is protected !!