Skip to main content

Gee 98News

ਬਰਨਾਲਾ ਦੇ ਸਰਕਾਰੀ ਡਾਕਟਰਾਂ ਨੇ ਭਰ ਲਈਆਂ ਸੰਘਰਸ਼ ਦੀਆਂ ਸਰਿੰਜਾਂ..ਸਾਰੇ ਜ਼ਿਲ੍ਹੇ ਵਿੱਚ ਓਪੀਡੀ ਸੇਵਾਵਾਂ ਠੱਪ,ਮਰੀਜ਼ਾਂ ਦੀ ਪਰੇਸ਼ਾਨੀ ਤੋਂ ਪ੍ਰਸ਼ਾਸਨ ਬੇਖ਼ਬਰ

ਬਰਨਾਲਾ,7 ਫਰਵਰੀ (ਨਿਰਮਲ ਸਿੰਘ ਪੰਡੋਰੀ)-
ਸਥਾਨਕ ਸਿਵਲ ਹਸਪਤਾਲ ਵਿੱਚ ਸੋਮਵਾਰ ਰਾਤ ਸਮੇਂ ਡਿਊਟੀ ‘ਤੇ ਹਾਜ਼ਰ ਡਾਕਟਰ ਗਗਨਦੀਪ ਸਿੰਘ ਨਾਲ ਬਦਸਲੂਕੀ ਕਰਨ ਵਾਲੇ ਬਰਨਾਲਾ ਦੇ ਦੋ ਵਿਅਕਤੀਆਂ ਉੱਪਰ ਪੁਲਿਸ ਕਾਰਵਾਈ ਹੋਣ ਤੋਂ ਬਾਅਦ ਵੀ ਡਾਕਟਰਾਂ ਨੇ ਬੁੱਧਵਾਰ ਓਪੀਡੀ ਸੇਵਾਵਾਂ ਠੱਪ ਰੱਖੀਆਂ। ਇਸ ਦੌਰਾਨ ਡਾਕਟਰਾਂ ਨੇ ਸਿਵਲ ਹਸਪਤਾਲ ਦੇ ਪਾਰਕ ਵਿੱਚ ਧਰਨਾ ਦਿੱਤਾ ਅਤੇ ਦੋਸ਼ੀਆਂ ਦੀ ਜਲਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ। ਧਰਨੇ ‘ਤੇ ਬੈਠਿਆਂ ਗੱਲਬਾਤ ਕਰਦੇ ਹੋਏ ਡਾਕਟਰ ਕਮਲਜੀਤ ਬਾਜਵਾ ਨੇ ਕਿਹਾ ਕਿ ਅਸੁਰੱਖਿਅਤ ਮਾਹੌਲ ਵਿੱਚ ਕੰਮ ਕਰਨਾ ਡਾਕਟਰਾਂ ਲਈ ਅਸੰਭਵ ਹੈ। ਦੋਸ਼ੀਆਂ ‘ਤੇ ਪਰਚਾ ਦਰਜ ਹੋਣ ਤੋਂ ਬਾਅਦ ਵੀ ਓਪੀਡੀ ਸੇਵਾਵਾਂ ਠੱਪ ਰੱਖਣ ਦੇ ਸਵਾਲ ਦਾ ਜਵਾਬ ਦਿੰਦੇ ਹੋਏ ਡਾਕਟਰ ਬਾਜਵਾ ਨੇ ਕਿਹਾ ਕਿ ਸਿਰਫ਼ ਪਰਚਾ ਦਰਜ ਹੋ ਜਾਣਾ ਹੀ ਕਾਫੀ ਨਹੀਂ ਹੈ, ਦੋਸ਼ੀਆਂ ਦੀ ਜਲਦ ਗ੍ਰਿਫਤਾਰੀ ਹੋਣੀ ਚਾਹੀਦੀ ਹੈ ਤੇ ਉਹਨਾਂ ਨੂੰ ਸਖ਼ਤ ਸਜ਼ਾ ਵੀ ਮਿਲਣੀ ਚਾਹੀਦੀ ਹੈ। ਦੋਸ਼ੀਆਂ ਦੀ ਗ੍ਰਿਫਤਾਰੀ ਨਾ ਹੋਣ ਕਰਕੇ ਜਿੱਥੇ ਡਾਕਟਰਾਂ ਨੇ ਸਿਵਲ ਹਸਪਤਾਲ ਬਰਨਾਲਾ ਦੀਆਂ ਓਪੀਡੀ ਸੇਵਾਵਾਂ ਠੱਪ ਰੱਖੀਆਂ ਉਥੇ ਨਾਲ ਹੀ ਮਹਿਲ ਕਲਾਂ, ਭਦੌੜ, ਤਪਾ, ਧਨੌਲਾ ਹਸਪਤਾਲਾਂ ਵਿੱਚ ਵੀ ਓਪੀਡੀ ਸੇਵਾਵਾਂ ਠੱਪ ਰਹੀਆਂ। ਡਾਕਟਰਾਂ ਦਾ ਕਹਿਣਾ ਹੈ ਕਿ ਜੇਕਰ ਦੋਸ਼ੀਆਂ ਦੀ ਜਲਦੀ ਗ੍ਰਿਫ਼ਤਾਰੀ ਨਾ ਕੀਤੀ ਗਈ ਤਾਂ ਹੋਰ ਵੀ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਦੂਜੇ ਪਾਸੇ ਸ਼ਹਿਰ ਦੇ ਕੁਝ ਮੋਹਤਬਰ ਵਿਅਕਤੀਆਂ ਨੇ ਇਸ ਮਾਮਲੇ ਵਿੱਚ ਸਮਝੌਤਾ ਕਰਾਉਣ ਦੀ ਪ੍ਰਕਿਰਿਆ ਵੀ ਸ਼ੁਰੂ ਕੀਤੀ ਹੋਈ ਹੈ ਪ੍ਰੰਤੂ ਡਾਕਟਰਾਂ ਦੇ ਤੇਵਰ ਵੇਖਦੇ ਹੋਏ ਲੱਗਦਾ ਹੈ ਕਿ ਸਮਝੌਤੇ ਦੇ ਯਤਨ ਸ਼ਾਇਦ ਹੀ ਸਿਰੇ ਲੱਗਣ, ਕਿਉਂਕਿ ਡਾਕਟਰ ਬਾਜਵਾ ਨੇ ਤਿੱਖੇ ਸੁਰ ਵਿੱਚ ਕਿਹਾ ਕਿ ਅਜਿਹੇ ਮਾਮਲਿਆਂ ਵਿੱਚ ਸਮਝੌਤੇ ਦਾ ਕੋਈ ਮਤਲਬ ਹੀ ਨਹੀਂ, ਇਸ ਤਰ੍ਹਾਂ ਤਾਂ ਰਾਤ ਨੂੰ ਕੋਈ ਵੀ ਡਾਕਟਰ ‘ਤੇ ਹਮਲਾ ਕਰਕੇ ਸਵੇਰ ਨੂੰ ਸਮਝੌਤੇ ਦੀ ਗੱਲ ਸ਼ੁਰੂ ਕਰ ਦੇਵੇਗਾ। ਉਹਨਾਂ ਕਿਹਾ ਕਿ ਦੋਸ਼ੀਆਂ ਦੀ ਗ੍ਰਿਫ਼ਤਾਰੀ ਤੱਕ ਰੋਸ ਜਾਰੀ ਰਹੇਗਾ। ਡਾਕਟਰਾਂ ਵੱਲੋਂ ਓਪੀਡੀ ਸੇਵਾਵਾਂ ਠੱਪ ਕਰਨ ਸਬੰਧੀ ਸਿਵਲ ਸਰਜਨ ਡਾਕਟਰ ਹਰਿੰਦਰ ਸ਼ਰਮਾ ਨੇ ਕਿਹਾ ਕਿ ਉੱਚ ਪੁਲਿਸ ਅਧਿਕਾਰੀਆਂ ਨੂੰ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਵੀ ਕਿਹਾ ਹੈ ਅਤੇ ਡਾਕਟਰਾਂ ਨੂੰ ਵੀ ਮਨਾਉਣ ਦੇ ਯਤਨ ਜਾਰੀ ਹਨ। ਦੂਜੇ ਪਾਸੇ ਹਸਪਤਾਲ ਵਿੱਚ ਆਏ ਮਰੀਜ਼ ਵੀ ਡਾਕਟਰਾਂ ਦੀ ਹੜ੍ਹਤਾਲ ਕਾਰਨ ਪਰੇਸ਼ਾਨ ਹੋ ਰਹੇ ਹਨ। ਮਰੀਜ਼ਾਂ ਨੇ ਰੋਸ ਵਜੋਂ ਕਿਹਾ ਕਿ ਜੇਕਰ ਡਾਕਟਰਾਂ ਨੇ ਲਗਾਤਾਰ ਹੜ੍ਹਤਾਲ ਜਾਰੀ ਰੱਖੀ ਤਾਂ ਮਰੀਜ਼ ਵੀ ਹਸਪਤਾਲ ਦੇ ਵਿੱਚ ਧਰਨਾ ਦੇ ਸਕਦੇ ਹਨ। ਮਰੀਜ਼ਾਂ ਦਾ ਕਹਿਣਾ ਹੈ ਕਿ ਐਫਆਈਆਰ ਕੱਟੇ ਜਾਣ ਤੋਂ ਬਾਅਦ ਡਾਕਟਰਾਂ ਨੂੰ ਗ੍ਰਿਫ਼ਤਾਰੀ ਦੀ ਉਡੀਕ ਕਰਨੀ ਚਾਹੀਦੀ ਹੈ। ਜੇਕਰ ਪੁਲਿਸ ਲੰਮਾ ਸਮਾਂ ਦੋਸ਼ੀਆਂ ਦੀ ਗ੍ਰਿਫਤਾਰੀ ਨਹੀਂ ਕਰਦੀ ਤਾਂ ਮਰੀਜ਼ ਵੀ ਡਾਕਟਰਾਂ ਦੇ ਨਾਲ ਸੰਘਰਸ਼ ਕਰਨ ਲਈ ਤਿਆਰ ਹੋਣਗੇ। ਐਫਆਈਆਰ ਕੱਟੇ ਜਾਣ ਤੋਂ ਬਾਅਦ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਕੀਤੇ ਜਾ ਰਹੇ ਸੰਘਰਸ਼ ‘ਤੇ ਮਰੀਜ਼ਾਂ ਨੇ ਕਿਹਾ ਕਿ “ਇਹ ਲੋਕਾਂ ਦੀ ਜਾਨ ਨੂੰ ਜੋਖ਼ਮ ਵਿੱਚ ਪਾ ਕੇ ਕੀਤਾ ਜਾ ਰਿਹਾ ਸੰਘਰਸ਼ ਹੈ”। ‌ ਲੋਕਾਂ ਦਾ ਕਹਿਣਾ ਹੈ ਕਿ ਡਾਕਟਰਾਂ ਨੂੰ ਆਪਣੇ ਮਰੀਜ਼ਾਂ ਦੀ ਜ਼ਿੰਦਗੀ ਖਤਰੇ ਵਿੱਚ ਪਾ ਕੇ ਇਸ ਤਰ੍ਹਾਂ ਦਾ ਲੰਮਾ ਸੰਘਰਸ਼ ਨਹੀਂ ਕਰਨਾ ਚਾਹੀਦਾ ਜੇਕਰ ਪੁਲਿਸ ਲੰਮਾ ਸਮਾਂ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕਰਦੀ ਤਾਂ ਸੰਘਰਸ਼ ਨੂੰ ਵਾਜਿਬ ਕਿਹਾ ਜਾ ਸਕਦਾ ਹੈ। ਸਿਵਲ ਪ੍ਰਸ਼ਾਸਨ ਬਰਨਾਲਾ ਵੱਲੋਂ ਵੀ ਡਾਕਟਰਾਂ ਦੀ ਹੜ੍ਹਤਾਲ ਖਤਮ ਕਰਵਾਉਣ ਸਬੰਧੀ ਕੋਈ ਚਾਰਾਜੋਈ ਨਹੀਂ ਕੀਤੀ ਗਈ। ਡਾਕਟਰਾਂ ਵੱਲੋਂ ਲਗਾਤਾਰ ਦੂਜੇ ਦਿਨ ਓਪੀਡੀ ਸੇਵਾਵਾਂ ਠੱਪ ਰੱਖਣ ‘ਤੇ ਸਿਵਲ ਪ੍ਰਸ਼ਾਸਨ ਦੀ ਬੇਧਿਆਨੀ ਸਬੰਧੀ ਵੀ ਆਮ ਲੋਕ ਹੈਰਾਨ ਹਨ।
ਫੋਟੋ ਕੈਪਸ਼ਨ-ਸਿਵਲ ਹਸਪਤਾਲ ਦੇ ਪਾਰਕ ਵਿੱਚ ਧਰਨੇ ‘ਤੇ ਬੈਠੇ ਡਾਕਟਰ

error: Content is protected !!