Gee 98News

ਚੰਡੀਗੜ੍ਹ,7 ਫਰਵਰੀ, Gee98 news service
ਪੰਜਾਬ ਪੁਲਿਸ ਦੀ ਇੱਕ ਸਾਬਕਾ ਮਹਿਲਾ ਡੀਐਸਪੀ ਰਾਕਾ ਗੇਰਾ ਨੂੰ ਮੋਹਾਲੀ ਦੀ CBI ਅਦਾਲਤ ਨੇ ਰਿਸ਼ਵਤ ਦੇ ਕੇਸ ਵਿੱਚ 6 ਸਾਲ ਦੀ ਸਜ਼ਾ ਅਤੇ 2 ਲੱਖ ਰੁਪਏ ਦਾ ਜੁਰਮਾਨਾ ਕੀਤਾ ਹੈ। ਰਾਕਾ ਗੇਰਾ ਦੇ ਖ਼ਿਲਾਫ਼ ਰਿਸ਼ਵਤ ਦਾ ਇਹ ਕੇਸ 2011 ਵਿੱਚ ਨਿਊ ਚੰਡੀਗੜ੍ਹ ਦੇ ਇੱਕ ਬਿਲਡਰ ਨੇ ਉਸ ਵੇਲੇ ਦਰਜ ਕਰਵਾਇਆ ਸੀ ਜਦੋਂ ਉਹ ਮੋਹਾਲੀ ਡੀਐਸਪੀ ਤਾਇਨਾਤ ਸੀ। 2013 ‘ਚ ਉਹਨਾਂ ਦੀ ਗ੍ਰਿਫ਼ਤਾਰੀ ਕਰਕੇ ਜਦ ਸੀਬੀਆਈ ਨੇ ਉਹਨਾਂ ਦੇ ਘਰ ਦੀ ਤਲਾਸ਼ੀ ਲਈ ਤਾਂ 90 ਲੱਖ ਦੀ ਨਕਦੀ,ਹਥਿਆਰ ਅਤੇ ਕੁਝ ਕਾਰਤੂਸ ਵੀ ਬਰਾਮਦ ਹੋਏ ਸਨ ਸੀਬੀਆਈ ਨੇ ਰਾਕਾ ਗੇਰਾ ਦੇ ਘਰੋਂ 53 ਸ਼ਰਾਬ ਦੀਆਂ ਬੋਤਲਾਂ ਦੀ ਬਰਾਮਦ ਕੀਤੀਆਂ ਸਨ। ਉਹਨਾਂ ਦੇ ਖ਼ਿਲਾਫ਼ ਕੁਰੱਪਸ਼ਨ ਅਤੇ ਆਰਮਜ਼ ਐਕਟ ਤਹਿਤ ਵੀ ਮਾਮਲਾ ਦਰਜ ਕੀਤਾ ਗਿਆ ਸੀ ।‌ ਇਸ ਕੇਸ ਦੀ ਅਦਾਲਤੀ ਸੁਣਵਾਈ ਦੌਰਾਨ ਇੱਕ ਮੋੜ ਅਜਿਹਾ ਵੀ ਆਇਆ ਜਦੋਂ ਰਾਕਾ ਗੇਰਾ ‘ਤੇ ਰਿਸ਼ਵਤ ਮੰਗਣ ਦੇ ਦੋਸ਼ ਲਗਾਉਣ ਵਾਲਾ ਬਿਲਡਰ ਗਵਾਹੀ ਦੌਰਾਨ ਮੁੱਕਰ ਗਿਆ। ‌ ਇਸ ਤੋਂ ਬਾਅਦ ਹਾਈਕੋਰਟ ਨੇ ਇਸ ਕੇਸ ਦੇ ਟਰਾਇਲ ‘ਤੇ ਰੋਕ ਵੀ ਲਗਾ ਦਿੱਤੀ ਜੋ ਪੰਜ ਸਾਲ ਤੱਕ ਜਾਰੀ ਰਹੀ, ਫਿਰ ਅਗਸਤ 2023 ਵਿੱਚ ਜਦ ਇਹ ਰੋਕ ਹਟੀ ਤਾਂ ਕੇਸ ਦਾ ਟਰਾਇਲ ਦੁਬਾਰਾ ਸ਼ੁਰੂ ਹੋਇਆ। ਸੀਬੀਆਈ ਦੇ ਵਕੀਲ ਨੇ ਸੁਣਵਾਈ ਦੌਰਾਨ ਡੀਐਸਪੀ ਰਾਕਾ ਗੇਰਾ ਅਤੇ ਬਿਲਡਰ ਦੀ ਆਪਸੀ ਗੱਲਬਾਤ ਦੇ ਸਬੂਤ ਪੇਸ਼ ਕੀਤੇ ਜਿੰਨਾਂ ਤੋਂ ਇਹ ਸਪੱਸ਼ਟ ਹੋ ਰਿਹਾ ਸੀ ਕਿ ਰਾਕਾ ਗੇਰਾ ਨੇ ਰਿਸ਼ਵਤ ਦੀ ਮੰਗ ਕੀਤੀ। ਇਸ ਕੇਸ ਦੀ ਅਦਾਲਤੀ ਸੁਣਵਾਈ ਦੌਰਾਨ ਵੀ ਕਈ ਉਤਰਾ ਚੜਾਅ ਆਏ। 2017 ਵਿੱਚ ਰਾਕਾ ਗੇਰਾ ਨੂੰ ਜੁਡੀਸ਼ੀਅਲ ਮੈਜਿਸਟਰੇਟ ਨੇ ਇੱਕ ਸਾਲ ਦੀ ਸਜ਼ਾ ਸੁਣਾਈ ਜਿਸ ਦੇ ਖ਼ਿਲਾਫ਼ ਉਸਨੇ ਸੈਸ਼ਨ ਕੋਰਟ ਵਿੱਚ ਅਪੀਲ ਦਾਇਰ ਕੀਤੀ ਤਾਂ ਸੈਸ਼ਨ ਜੱਜ ਨੇ ਉਸ ਨੂੰ ਬਰੀ ਕਰ ਦਿੱਤਾ। ਇਸ ਤੋਂ ਬਾਅਦ ਮਾਮਲਾ ਸੀਬੀਆਈ ਦੀ ਅਦਾਲਤ ਵਿੱਚ ਗਿਆ ਜਿੱਥੇ ਹੁਣ ਉਸਨੂੰ ਸਜ਼ਾ ਅਤੇ ਜੁਰਮਾਨਾ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਰਾਕਾ ਗੇਰਾ ਨੂੰ 5 ਫਰਵਰੀ ਨੂੰ ਦੋਸ਼ੀ ਠਹਿਰਾਇਆ ਗਿਆ ਸੀ।

Leave a Reply

Your email address will not be published. Required fields are marked *

error: Content is protected !!