Gee 98News

ਬਰਨਾਲਾ,8 ਫਰਵਰੀ (ਨਿਰਮਲ ਸਿੰਘ ਪੰਡੋਰੀ)-
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦਿੱਤੇ ਇੱਕ ਬਿਆਨ ਨੇ ਪੰਜਾਬ ਦੇ ਕਾਂਗਰਸੀਆਂ ਦੇ ਚਿਹਰੇ ਖਿੜਾ ਦਿੱਤੇ ਹਨ। ਮੁੱਖ ਮੰਤਰੀ ਬਣਨ ਤੋਂ ਬਾਅਦ ਭਗਵੰਤ ਮਾਨ ਦਾ ਇਹ ਪਹਿਲਾ ਬਿਆਨ ਹੋਵੇਗਾ ਜਿਸ ‘ਤੇ ਕਾਂਗਰਸੀ ਬਾਗ਼ੋਬਾਗ ਹਨ। ਬਰਨਾਲਾ ਤੋਂ ਕਾਂਗਰਸ ਦੇ ਸੋਸ਼ਲ ਮੀਡੀਆ ਵਿੰਗ ਦੇ ਸੀਨੀਅਰ ਆਗੂ ਨੇ ਕਿਹਾ ਕਿ “ਭਗਵੰਤ ਮਾਨ ਇੱਕ-ਦੋ ਬਿਆਨ ਇਸ ਤਰ੍ਹਾਂ ਦੇ ਹੋਰ ਦੇ ਦੇਣ ਤਾਂ ਉਹ ਗੱਠਜੋੜ ਦੀ ਪੰਜਾਲੀ ਤੋਂ ਬਚ ਜਾਣਗੇ, ਜਿਹੜੀ ਕਿ ਉਹ ਪਾਉਣਾ ਨਹੀਂ ਚਾਹੁੰਦੇ”। ਆਗਾਮੀ ਲੋਕ ਸਭਾ ਚੋਣਾਂ ਲਈ ਪੰਜਾਬ ‘ਚ ‘ਆਪ ਤੇ ਕਾਂਗਰਸ’ ਦਾ ਗੱਠਜੋੜ ਉਂਝ ਭਾਵੇਂ ਦੋਵੇਂ ਪਾਰਟੀਆਂ ਦੀ ਹਾਈ ਕਮਾਂਡ ਦਾ ਅੰਤਿਮ ਫੈਸਲਾ ਹੋਵੇਗਾ ਪਰੰਤੂ ਭਗਵੰਤ ਮਾਨ ਨੇ ਕਾਂਗਰਸ ਪਾਰਟੀ ਦੀ ਸਿਆਸੀ ਸਥਿਤੀ ‘ਤੇ ਇੱਕ ਵੱਡੀ ਟਿੱਪਣੀ ਕਰਕੇ ਲੱਗਭੱਗ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਵੀ ਪੰਜਾਬ ‘ਚ ਇਕੱਲੇ ਹੀ ਚੋਣ ਲੜਨਾ ਚਾਹੁੰਦੇ ਹਨ। ਦੱਸਣਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਬੀਤੇ ਦਿਨੀ I.N.D.I.A ਗੱਠਜੋੜ ਦੇ ਸੰਦਰਭ ਵਿੱਚ ਕਾਂਗਰਸ ਦੀ ਸਿਆਸੀ ਸਥਿਤੀ ‘ਤੇ ਟਿੱਪਣੀ ਕਰਦੇ ਹੋਏ ਕਿਹਾ ਸੀ ਕਿ “I.N.D.I.A ਗੱਠਜੋੜ ਦਾ ਮਤਲਬ ਕਾਂਗਰਸ ਨਹੀਂ ਹੈ, ਕਾਂਗਰਸ ਕੁਝ ਵੀ ਨਹੀਂ ਹੈ, ਇੰਡੀਆ ਗਠਜੋੜ ਇੱਕ ਮੁੱਠੀ ਹੈ ਜਿਸ ਵਿੱਚ ਵੱਖ-ਵੱਖ ਪਾਰਟੀਆਂ ਹਨ”। ਜੇਕਰ ਚੋਣਾਂ ਦੀਆਂ ਬਰੂਹਾਂ ‘ਤੇ ਇਹੋ ਜਿਹੇ ਬਿਆਨ ਦਿੱਤੇ ਜਾ ਰਹੇ ਹਨ ਤਾਂ ਇਹ ਮੰਨਿਆ ਜਾ ਸਕਦਾ ਹੈ ਕਿ ‘ਆਪ ਤੇ ਕਾਂਗਰਸ’ ਵਿੱਚ ਗੱਠਜੋੜ ਦੀ ਸੰਭਾਵਨਾ ਲੱਗਭੱਗ ਖਤਮ ਹੀ ਹੈ। ਦੂਜੇ ਪਾਸੇ ਪੰਜਾਬ ਕਾਂਗਰਸ ਦੇ ਸਾਰੇ ਸੂਬਾ ਆਗੂ ਅਤੇ ਬੂਥ ਪੱਧਰ ਤੱਕ ਦੇ ਵਰਕਰ ਆਮ ਆਦਮੀ ਪਾਰਟੀ ਨਾਲ ਗੱਠਜੋੜ ਦੇ ਖ਼ਿਲਾਫ਼ ਹਨ। ਪਿਛਲੇ ਦਿਨੀਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਨ ਸਭਾ ਹਲਕਾ ਬਰਨਾਲਾ ਤੋਂ ਕਾਂਗਰਸ ਦੇ ਇੰਚਾਰਜ ਮਨੀਸ਼ ਬਾਂਸਲ ਨੇ ਕਿਹਾ ਕਿ “ਕਾਂਗਰਸੀ ਵਰਕਰਾਂ ਨੂੰ ਪੰਜਾਬ ‘ਚ ਆਪ ਸਰਕਾਰ ਦਾ ਕੰਮ ਤੇ ਸਿਸਟਮ ਪਸੰਦ ਨਹੀਂ ਹੈ”। ਇਹਨਾਂ ਬਿਆਨਾਂ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਪੰਜਾਬ ‘ਚ ‘ਆਪ ਤੇ ਕਾਂਗਰਸ’ ਦੇ ਗੱਠਜੋੜ ਦੀਆਂ ਸੰਭਾਵਨਾਵਾਂ ਲੱਗਭੱਗ ਖ਼ਤਮ ਹਨ।

Leave a Reply

Your email address will not be published. Required fields are marked *

error: Content is protected !!